ਅੰਮ੍ਰਿਤਸਰ, 7 ਫਰਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਤਿੰਨ-ਦਿਨਾਂ 15ਵੀਂ ਪੰਜਾਬ ਸਾਇੰਸ ਕਾਂਗਰਸ ਅੱਜ ਸ਼ੁਰੂ ਹੋ ਗਈ। ਇਹ ਕਾਂਗਰਸ ਯੂਨੀਵਰਸਿਟੀ ਵੱਲੋਂ ਪੰਜਾਬੀ ਸਾਇੰਸ ਅਕਾਦਮੀ, ਪਟਿਆਲਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਇਸ ਦੀ ਪ੍ਰਧਾਨਗੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਦੇ ਸਾਬਕਾ ਚੇਅਰਮੈਨ, ਪ੍ਰੋਫੈਸਰ ਯਸ਼ਪਾਲ ਨੇ ਕੀਤੀ ਜਦੋਂਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਦੇ ਵਾਈਸ-ਚਾਂਸਲਰ, ਡਾ. ਐਸ.ਐਸ. ਗਿੱਲ ਨੇ ਆਪਣਾ ਕੁੰਜੀਵਤ ਭਾਸ਼ਣ ਦਿੱਤਾ। ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ, ਮਾਨਯੋਗ ਸ੍ਰੀ ਸ਼ਿਵਰਾਜ ਵਿਸ਼ਵਨਾਥ ਪਾਟਿਲ ਵੱਲੋਂ ਭੇਜਿਆ ਸੰਦੇਸ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਵੱਲੋਂ ਪੜ੍ਹਿਆ ਗਿਆ। ਡੀਨ, ਅਕਾਦਮਿਕ ਮਾਮਲੇ, ਪ੍ਰੋ. ਰਾਜਿੰਦਰਜੀਤ ਕੌਰ ਪੁਆਰ ਨੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਪੰਜਾਬ ਸਾਇੰਸ ਅਕਾਦਮੀ ਦੇ ਸਕੱਤਰ, ਪ੍ਰੋ. ਜਗਤਾਰ ਸਿੰਘ ਨੇ ਅਕਾਦਮੀ ਬਾਰੇ ਜਾਣਕਾਰੀ ਦਿੱਤੀ ਜਦੋਂਕਿ ਕਾਂਗਰਸ ਦੇ ਆਯੋਜਨ ਬਾਰੇ ਆਰਗੇਨਾਈਜ਼ਿੰਗ ਸੈਕਟਰੀ, ਪ੍ਰੋ. ਗੁਰਚਰਨ ਕੌਰ ਨੇ ਚਾਨਣਾ ਪਾਇਆ। ਕਾਂਗਰਸ ਦੇ ਕੋਆਰਡੀਨੇਟਰ, ਪ੍ਰੋ. ਏ.ਕੇ. ਠੁਕਰਾਲ ਸਨ ਅਤੇ ਪ੍ਰੋ. ਰੇਣੂ ਭਾਰਦਵਾਜ ਨੇ ਮੰਚ ਸੰਚਾਲਨ ਕੀਤਾ। ਯੂਨੀਵਰਸਿਟੀ ਵੱਲੋਂ ਕਾਂਗਰਸ ਦੇ ਆਰਗੇਨਾਈਜ਼ਿੰਗ ਸੈਕਟਰੀ ਪ੍ਰੋ. ਡੀ.ਐਸ. ਅਰੋੜਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪ੍ਰੋ. ਯਸ਼ਪਾਲ ਵੱਲੋਂ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਦੇ 65ਵੇਂ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੇ ਜੀਵਨ ਬਾਰੇ ਇਕ ਪੁਸਤਕ ‘ਪ੍ਰੋਫਾਉਂਡ ਪਰਸਿਉਟਸ’ ਵੀ ਰਿਲੀਜ਼ ਕੀਤੀ। ਇਸ ਮੌਕੇ ਪ੍ਰੋ. ਯਸ਼ਪਾਲ ਨੇ ਕਾਂਗਰਸ ਦੀ ਐਬਸਟ੍ਰੈਕਟ ਪੁਸਤਕ ਵੀ ਰਿਲੀਜ਼ ਕੀਤੀ।
ਪ੍ਰੋ. ਯਸ਼ਪਾਲ ਨੂੰ ਉਨ੍ਹਾਂ ਦੀਆਂ ਵਿਗਿਆਨ ਦੇ ਖੇਤਰ ਵਿਚ ਕੀਤੀਆ ਵਡਮੁੱਲੀਆਂ ਪ੍ਰਾਪਤੀਆਂ ਸਦਕਾ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਅਕਾਦਮੀ ਵੱਲੋਂ ਮਾਦੇਂਤਾ ਐਂਡ ਮੈਡੀਸਿਟੀ, ਗੁੜਗਾਉਂ ਦੇ ਚੇਅਰਮੈਨ, ਡਾ. ਨਰੇਸ਼ ਤਰੇਹਨ; ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਦੇ ਡਾਇਰੈਕਟਰ ਜਨਰਲ, ਡਾ. ਆਰ.ਐਸ. ਖੰਡਪੁਰ; ਨੈਸ਼ਨਲ ਡੇਅਰੀ ਰੀਸਰਚ ਇੰਸਟੀਚਿਊਟ, ਕਰਨਾਲ ਦੇ ਡਾਇਰੈਕਟਰ, ਡਾ. ਏ.ਕੇ. ਸ੍ਰੀਵਾਸਤਵਾ ਅਤੇ ਥਿਉਰੋਪੈਟਿਕ ਪ੍ਰੋਡਕਟਸ ਡਾਇਰੈਕਟੋਰੇਟ, ਕੈਨੇਡਾ ਦੇ ਡਾ.ਹਰਪਾਲ ਸਿੰਘ ਬੁੱਟਰ ਨੂੰ ਆਨਰੇਰੀ ਫੈਲੋਸ਼ਿਪ ਐਵਾਰਡ ਪ੍ਰਦਾਨ ਕੀਤਾ ਗਿਆ। ਐਮ.ਐਮ. ਯੂਨੀਵਰਸਿਟੀ ਦੇ ਮੌਲਾਨਾ ਦੇ ਵਾਈਸ-ਚਾਂਸਲਰ, ਡਾ. ਐਸ.ਜੀ. ਡਾਮੇਲ ਨੂੰ ਸ਼੍ਰੀ. ਭਗਵਾਨ ਦਾਸ ਅਰੋੜਾ ਓਰੇਸ਼ਨ ਐਵਾਰਡ ਨਾਲ ਸਨਾਮਾਨਿਤ ਕੀਤਾ ਗਿਆ।
ਮਾਨਯੋਗ ਸ੍ਰੀ ਸ਼ਿਵਰਾਜ ਵਿਸ਼ਵਨਾਥ ਪਾਟਿਲ ਵੱਲੋਂ ਭੇਜੇ ਸੰਦੇਸ਼ ਨੂੰ ਪੜ੍ਹਦਿਆਂ ਪ੍ਰੋ. ਬਰਾੜ ਨੇ ਕਿਹਾ ਕਿ ਭਾਵੇਂ ਕਿ ਭਾਰਤ ਨੇ ਵਿਗਿਆਨ ਦੇ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈ ਪਰ ਦੇਸ਼ ਹਾਲੇ ਵੀ ਕਾਫੀ ਪੱਖਾਂ ਤੋਂ ਪਿੱਛੇ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਵੱਡੇ-ਵੱਡੇ ਜ਼ਖੀਰੇ, ਖੁੱਲ੍ਹੀ ਧੁੱਪ, ਵਧੀਆ ਵਾਤਾਵਰਣ ਹੋਣ ਦੇ ਬਾਵਜੂਦ ਦੇਸ਼ ਹਾਲੇ ਵੀ ਗਰੀਬ ਦੇਸ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਹਾਲੇ ਤਕ ਕੁਦਰਤੀ ਸੋਮੇ ਵਰਖਾ ਦੇ ਪਾਣੀ ਨੂੰ ਸਿੰਚਾਈ ਲਈ ਜਮ੍ਹਾਂ ਕਰਨ ਤੋਂ ਅਸਮਰੱਥ ਹਾਂ। ਪੰਜਾਬ ਵਿਚ ਪਾਣੀ ਦਾ ਪੱਧਰ ਦਿਨ-ਬ-ਦਿਨ ਡਿੱਗਦਾ ਜਾ ਰਿਹਾ ਹੈ, ਜਿਸ ਵੱਲ ਧਿਆਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀ ਇਸ ਖੇਤਰ ਵਿਚ ਲੋਕਾਂ ਨੂੰ ਜਾਗਰੂਕ ਕਰਕੇ ਆਪਣਾ ਯੋਗਦਾਨ ਪਾ ਸਕਦੇ ਹਨ ਤਾਂ ਜੋ ਕੁਦਰਤੀ ਸੋਮਿਆਂ ਦਾ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰੇ ਨਵੀਆਂ ਕਾਢਾਂ ਰਾਹੀਂ ਲੋਕਾਂ ਨੂੰ ਨਵੀਂ ਸੇਧ ਦੇ ਸਕਦੇ ਹਨ।
ਉਨਾਂ੍ਹ ਕਿਹਾ ਕਿ ਪੰਜਾਬ ਦਾ ਵਾਤਾਵਰਣ ਗੰਧਲਾ ਹੋ ਰਿਹਾ ਹੈ, ਜਿਸ ਦਾ ਜ਼ਿੰਮੇਵਾਰ ਆਮ ਨਾਗਰਿਕ ਤੋਂ ਇਲਾਵਾ ਰਾਜ ਵੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੀਆਂ ਭੁੱਲਾਂ ਨੂੰ ਠੀਕ ਕਰਦੇ ਹੋਏ ਵਿਗਿਆਨਕ ਤਕਨੀਕਾਂ ਨਾਲ ਨਵੀਂ ਵਿਉਂਤਬੰਦੀ ਕਰਕੇ ਵਾਤਾਵਰਣ ਵਿਚ ਸੁਧਾਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਪੰਜਾਬ ਵਿਚ ਕੈਂਸਰ, ਸ਼ੂਗਰ, ਪ੍ਰਦੂਸ਼ਿਤ ਪਾਣੀ ਅਤੇ ਹੋਰ ਕਾਰਨਾਂ ਕਰਕੇ ਫੈਲ ਰਹੀਆਂ ਬੀਮਾਰੀਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨ੍ਹਾਂ ਸਭ ਬੀਮਾਰੀਆਂ ਲਈ ਆਧੁਨਿਕ ਰਹਿਣ-ਸਹਿਣ ਵਧੇਰੇ ਕਰਕੇ ਜ਼ਿੰਮੇਵਾਰ ਹੈ। ਉਨਾਂ੍ਹ ਕਿਹਾ ਕਿ ਸਾਨੂੰ ਵਿਗਿਆਨਕ ਤਰੀਕੇ ਨਾਲ ਖੋਜ ਕਰਕੇ ਇਨ੍ਹਾਂ ਬੀਮਾਰੀਆਂ ਦਾ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।
ਉਨ੍ਹਾਂ ਕਿਹਾ ਕਿ ਸਾਨੂੰ ਰਾਜ ਦੀ ਆਰਥਿਕ ਦਸ਼ਾ ਠੀਕ ਕਰਨ ਲਈ ਸੂਚਨਾ-ਤਕਨਾਲੋਜੀ, ਖੇਤੀਬਾੜੀ ਦੀ ਨਿਰੰਤਰਤਾ ਅਤੇ ਵਾਤਾਵਰਣ ਵਿਚ ਸੁਧਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਵਿਚ ਵਿਗਿਆਨ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਉਚੇਰੀ ਸਿਖਿਆ ਸੰਸਥਾਵਾਂ ਵੱਲੋਂ ਮਿਆਰੀ ਖੋਜ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਵੀ ਦਿੱਤਾ।
ਆਪਣੇ ਉੇਦਘਾਟਨੀ ਭਾਸ਼ਣ ਵਿਚ ਪ੍ਰੋ. ਯਸ਼ਪਾਲ ਨੇ ਕਿਹਾ ਕਿ ਵਿਗਿਆਨ ਨੂੰ ਸਮੇਂ ਦਾ ਹਾਣੀ ਅਤੇ ਆਮ ਲੋਕਾਂ ਲਈ ਲਾਹੇਵੰਦ ਬਣਾਉਣ ਲਈ ਸਖਤ ਮਿਹਨਤ ਦੀ ਲੋੜ ਹੈ ਅਤੇ ਇਸ ਤੋਂ ਜ਼ਿਆਦਾ ਮਹੱਤਵਪੂਰਨ ਇਸ ਦੀ ਵਿਉਂਤਬੰਦੀ ਹੈ। ਉਨ੍ਹਾਂ ਕਿਹਾ ਕਿ ਯੋਜਨਾਬੰਦੀ ਨਾਲ ਕੀਤੀ ਗਈ ਖੋਜ ਹਮੇਸ਼ਾ ਹੀ ਨਾ ਸਿਰਫ ਸਫਲ ਹੁੰਦੀ ਹੈ ਸਗੋਂ ਮਨੁੱਖਤਾ ਲਈ ਵੀ ਸਾਕਾਰਾਤਮਕ ਭੂਮਿਕਾ ਨਿਭਾਉਂਦੀ ਹੈ।
ਉਨ੍ਹਾਂ ਕਿਹਾ ਕਿ ਜੇ ਕੰਮ ਦੇ ਵਧੀਆ ਨਤੀਜੇ ਚਾਹੀਦੇ ਹਨ ਤਾਂ ਉਸ ਦੇ ਲਈ ਚਾਹੇ ਉੁਹ ਵਿਦਿਆਰਥੀ ਹੋਵੇ ਜਾਂ ਖੋਜਾਰਥੀ ਅਤੇ ਜਾਂ ਅਧਿਆਪਕ, ਉਨ੍ਹਾਂ ਨੂੰ ਕੰਮ ਕਰਨ ਦੀ ਆਜ਼ਾਦੀ ਅਤੇ ਵਧੀਆਂ ਢਾਂਚਾ ਉਪਲਬਧ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰ ਕੰਮ ਨੂੰ ਤਾਲਮੇਲ ਦੇ ਨਾਲ ਕਰਨਾ ਚਾਹੀਦਾ ਹੈ। ਸਮਾਜ ਵਿਗਿਆਨੀਆਂ ਨੂੰ ਇੰਜੀਨੀਅਰਾਂ ਦੀ ਸਹਾਇਤਾ ਲੈਣੀ ਚਾਹੀਦੀ ਹੈ ਅਤੇ ਇਕ ਦੂਜੇ ਦੀ ਅਲੋਚਨਾ ਤੋਂ ਦੂਰ ਰਹਿ ਕੇ ਮਿੱਥੇ ਹੋਏ ਕੰਮ ਨੂੰ ਕਰਨ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁਗ ਵਿਚ ਵਿਗਿਆਨੀਆਂ ਅਤੇ ਬੁੱਧੀਜੀਵੀਆਂ ਦੀ ਕੋਈ ਕਮੀ ਨਹੀਂ ਹੈ ਪਰ ਲੋੜ ਹੈ ਤਾਂ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿਚ ਨੈਤਿਕ ਕਦਰਾਂ-ਕੀਮਤਾਂ ਦੇ ਨਾਲ ਸਾਕਾਰਾਤਮਕ ਭੂਮਿਕਾ ਨਿਭਾਉਣ ਦੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਾਸ਼ਾਵਾਦੀ ਹੋਣ ਦੀ ਬਜਾਇ ਸਮਾਜ ਵਾਸਤੇ ਵਧੀਆ ਕੰਮ ਕਰਨ ਲਈ ਅੱਗੇ ਆਉਣ ਅਤੇ ਸੰਸਾਰ ਵਿਚ ਆਪਣੀ ਮਿਸਾਲ ਕਾਇਮ ਕਰਨ।
ਆਪਣੇ ਕੁੰਜੀਵਤ ਭਾਸ਼ਣ ਦੌਰਾਨ ਡਾ. ਐਸ.ਐਸ. ਗਿੱਲ ਨੇ ਕਿਹਾ ਕਿ ਅੱਜ ਦੇ ਯੁਗ ਵਿਚ ਚਾਹੇ ਵਿਗਿਆਨ ਦੀ ਲੋੜ ਜ਼ਿੰਦਗੀ ਦੇ ਹਰ ਖੇਤਰ ਵਿਚ ਬਹੁਤ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਸਾਇੰਸ ਵਿਸ਼ੇ ਨੂੰ ਕੈਰੀਅਰ ਦੇ ਰੂਪ ਵਿਚ ਅਪਨਾਉਣ ਲਈ ਵਿਦਿਆਰਥੀਆਂ ਦਾ ਰੁਝਾਨ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੇ ਅੱਜ ਪੂਰੇ ਸੰਸਾਰ ਵਿਚ ਨੌਜੁਆਨ ਵਿਗਿਆਨਕਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਭਾਰਤ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਾਫੀ ਪਿੱਛੇ ਹੈ। ਉਨ੍ਹਾਂ ਕਿਹਾ ਕਿ 2007-08 ਦੇ ਵਰ੍ਹੇ ਦੌਰਾਨ ਭਾਰਤ ਦੀ ਪ੍ਰਤੀ ਕਰੋੜ ਜਨ-ਸੰਖਿਆ ਦੇ ਪਿੱਛੇ 156 ਵਿਗਿਆਨਕ ਸਨ ਜਦੋਂਕਿ ਅਮਰੀਕਾ ਵਿਚ ਇਨ੍ਹਾਂ ਦੀ ਗਿਣਤੀ ਦੀ 4700 ਸੀ। ਇਸੇ ਤਰ੍ਹਾਂ 2007 ਵਿਚ ਚੀਨ ਕੋਲ 14 ਲੱਖ 23 ਹਜ਼ਾਰ ਖੋਜਾਰਥੀ ਸਨ ਅਤੇ ਅਮਰੀਕਾ ਵਿਚ ਇਨ੍ਹਾਂ ਦੀ ਸੰਖਿਆ 15 ਲੱਖ 71 ਹਜ਼ਾਰ ਸੀ ਜਦੋਂਕਿ ਭਾਰਤ ਇਨ੍ਹਾਂ ਦੇ ਮੁਕਾਬਲੇ 1/10 ਨੰਬਰ ‘ਤੇ ਸੀ ਅਤੇ ਇਥੇ ਖੋਜਾਰਥੀਆਂ ਦੀ ਗਿਣਤੀ ਕੇਵਲ 1 ਲੱਖ 54 ਹਜ਼ਾਰ 8 ਸੌ ਸੀ।
ਉਨ੍ਹਾਂ ਕਿਹਾ ਕਿ ਸਿਹਤ ਵਿਗਿਆਨ ਵਿਚ ਵੀ ਇਹੋ-ਜਿਹਾ ਹੀ ਰੁਝਾਨ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਵਿਚ 2006 ਦੌਰਾਨ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 9821 ਸੀ ਜਦੋਂਕਿ 2007 ਵਿਚ ਇਹ ਘੱਟ ਕੇ 8522, 2008 ਵਿਚ 7056 ਅਤੇ 2010 ਵਿਚ 5600 ਰਹਿ ਗਈ। ਇੰਡੀਆ ਸਾਇੰਸ ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਸਿਰਫ 3.6 ਫੀਸਦ ਵਿਦਿਆਰਥੀ ਹੀ ਸਾਇੰਸ ਵਿਸ਼ੇ ਨੂੰ ਕੈਰੀਅਰ ਦੇ ਰੂਪ ਵਿਚ ਅਪਨਾਉਣ ਨੂੰ ਪਹਿਲ ਦਿੰਦੇ ਹਨ। ਉਨਾਂ੍ਹ ਕਿਹਾ ਕਿ ਇਸ ਦੇ ਪਿੱਛੇ ਮੁੱਖ ਕਾਰਨ ਸਕੂਲ ਪੱਧਰ ‘ਤੇ ਸਾਇੰਸ ਵਿਸ਼ੇ ਵਿਚ ਸਹੀ ਅਧਿਆਪਕ ਨਾ ਹੋਣਾ, ਸਾਇੰਸ ਨੂੰ ਇਕ ਰੁੱਖੇ ਵਿਸ਼ੇ ਦੇ ਤੌਰ ‘ਤੇ ਪੜ੍ਹਾਉਣਾ ਅਤੇ ਘਟੀਆ ਅਧਿਆਪਨ ਸਮੱਗਰੀ ਤੇ ਪ੍ਰਯੋਸ਼ਾਲਾਵਾਂ ਦਾ ਹੋਣਾ ਹੈ।
ਉਨ੍ਹਾਂ ਕਿਹਾ ਕਿ ਸਾਇੰਸ ਅਤੇ ਤਕਨੀਕ ਨੇ ਭਾਵੇਂ ਕਿ ਆਮ ਆਦਮੀ ਦੇ ਜੀਵਨ ਨੂੰ ਕਾਫੀ ਸੌਖਾ ਬਣਾ ਦਿੱਤਾ ਹੈ ਪਰ ਇਸ ਦੇ ਨਾਲ-ਨਾਲ ਇਸ ਦੀ ਵਰਤੋਂ ਅਤੇ ਦੁਰਵਰਤੋਂ ਨੇ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆ ਹਨ ਜਿਸ ਨਾਲ ਮਨੁੱਖਤਾ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਵਿਚ ਨਾਜ਼ੁਕ ਹਥਿਆਰਾਂ ਦਾ ਵਿਕਾਸ, ਵਾਤਾਵਰਨ ਦਾ ਨਿਘਾਰ, ਖੋਜਾਂ ਨਾਲ ਕੁਦਰਤੀ ਸਰੋਤਾਂ ‘ਤੇ ਪੈ ਰਿਹਾ ਮਾੜਾ ਅਸਰ, ਵੱਧ ਰਹੀ ਗਲੋਬਲ ਵਾਰਮਿੰਗ ਤੋਂ ਇਲਾਵਾ ਪਾਣੀ, ਹਵਾ ਅਤੇ ਮਿੱਟੀ ਵਿਚ ਵੱਧ ਰਿਹਾ ਪ੍ਰਦੂਸ਼ਣ ਸ਼ਾਮਿਲ ਹੈ। ਏਨਾ ਹੀ ਨਹੀ ਜੈਵਿਕ ਹਥਿਆਰਾਂ ਦੇ ਨਾਲ-ਨਾਲ ਜੈਵਿਕ ਲੜਾਈ ਵਾਸਤੇ ਨਵੇਂ ਬੈਕਟੀਰੀਆ ਦੀ ਵਰਤੋਂ, ਤਬਾਹੀ ਲਈ ਕੰਪਿਉਟਰ ਅਤੇ ਸੂਚਨਾ ਤਕਨਾਲੋਜੀ ਦਾ ਪ੍ਰਯੋਗ, ਦੁਧਾਰੂ ਪਸ਼ੂਆਂ ਦੇ ਦੁੱਧ ਵਧਾਉਣ ਲਈ ਪ੍ਰਯੋਗ ਕੀਤੇ ਜਾ ਰਹੇ ਹਾਰਮੋਨਜ਼ ਇੰਜੈਕਸ਼ਨ, ਜੈਨੇਟਿਕਸ ਪੌਦੇ, ਜੇਨੇਟਿਕ ਖਾਣਾ, ਤਕਨੀਕੀ ਬੇਰੁਜ਼ਗਾਰੀ ਅਤੇ ਅਸੰਤੁਸ਼ਟ ਕੰਮ ਕਰਨ ਦੀਆਂ ਪ੍ਰਸਥਿਤੀਆਂ ਵੀ ਵਿਗਿਆਨ ਦੇ ਰਸਤੇ ਵਿਚ ਆ ਰਹੀਆਂ ਵੱਡੀਆਂ ਅਤੇ ਘਾਤਕ ਰੁਕਾਵਟਾਂ ਹਨ।
ਉਨ੍ਹਾਂ ਕਿਹਾ ਕਿ ਭਾਰਤੀ ਬਾਇਓਟੈਕਨਾਲੋਜੀ ਇੰਡਸਟਰੀ ਜਿਸ ਤੇਜੀ ਨਾਲ ਵੱਧ ਰਹੀ ਹੈ, ਉਸ ਤੋਂ ਆਉਣ ਵਾਲੇ ਸਮੇਂ ਵਿਚ ਭਾਰਤ ਸੂਚਨਾ ਤਕਨਾਲੋਜੀ ਵਾਂਗ ਬਾਇਟੈਕਨਾਲੋਜੀ ਵਿਚ ਵੀ ਸੁਪਰ ਪਾਵਰ ਬਣ ਜਾਵੇਗਾ। ਉਨਾਂ੍ਹ ਨੇ ਵਾਈਸ-ਚਾਂਸਲਰ ਪ੍ਰੋ. ਬਰਾੜ ਨੂੰ ਖੋਜ ਕਾਰਜਾਂ ਵਿਚ ਸੈਂਟਰ ਆਫ ਐਕਸੀਲੈਂਸ ਦਾ ਦਰਜਾ ਮਿਲਣ ‘ਤੇ ਵਧਾਈ ਵੀ ਦਿੱਤੀ।