ਲੁਧਿਆਣਾ-08-ਫਰਵਰੀ-2012 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 10 ਫਰਵਰੀ ਨੂੰ ‘ਫੂਡ ਫੈਸਟੀਵਲ’ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਮੀਟ ਅਤੇ ਦੁੱਧ ਤੋਂ ਬਣੇ ਖਾਣ ਵਾਲੇ ਉਤਪਾਦਨ ਰੱਖੇ ਜਾਣਗੇ। ਵੈਟਨਰੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਵਿਜੇ ਕੁਮਾਰ ਤਨੇਜਾ ਨੇ ਕਿਹਾ ਕਿ ਪਸ਼ੂਆਂ ਤੋਂ ਮਿਲਦੀ ਪ੍ਰੋਟੀਨ ਮਨੁੱਖੀ ਸਿਹਤ ਵਾਸਤੇ ਬੜੀ ਊਰਜਾ ਦੇਣ ਵਾਲੀ ਅਤੇ ਪਚਣਯੋਗ ਹੁੰਦੀ ਹੈ। ਉਨ•ਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਪਸ਼ੂ ਉਤਪਾਦਾਂ ਤੋਂ ਤਿਆਰ ਕੀਤੇ ਜਾਂਦੇ ਗੁਣਵੱਤਾ ਭਰਪੂਰ ਅਤੇ ਪੌਸ਼ਟਿਕ ਪਦਾਰਥਾਂ ਦੀ ਬਹੁਤ ਜ਼ਰੂਰਤ ਹੈ। ਇਹ ਉਤਪਾਦ ਜਿੱਥੇ ਮਨੁੱਖੀ ਸਿਹਤ ਲਈ ਬੜੇ ਮੁਫ਼ੀਦ ਹਨ ਉੱਥੇ ਇਨ•ਾਂ ਦੇ ਵਪਾਰ ਨਾਲ ਉੱਦਮੀਆਂ ਨੂੰ ਬੜਾ ਫਾਇਦਾ ਹੁੰਦਾ ਹੈ। ਡਾ. ਤਨੇਜਾ ਨੇ ਕਿਹਾ ਕਿ ਵਕਤ ਦੀ ਲੋੜ ਹੈ ਕਿ ਪਸ਼ੂ ਪਾਲਕ ਹੁਣ ਉੱਦਮੀ ਬਨਣ, ਆਪਣੇ ਸਵੈ-ਸਹਾਇਤਾ ਸਮੂਹ ਵਿਕਸਿਤ ਕਰਨ। ਇਸ ਕਾਰਜ ਲਈ ਖੋਜ ਸੰਸਥਾਵਾਂ ਅਤੇ ਵਿਤੀ ਅਦਾਰੇ ਮਸ਼ੀਨਰੀ ਅਤੇ ਤਕਨਾਲੋਜੀ ਦੇ ਮਾਮਲੇ ਵਿੱਚ ਕਈ ਨਵੇਂ ਰਸਤੇ ਖੋਲ ਸਕਦੇ ਹਨ।
ਡਾ. ਸਤਿੰਦਰ ਪਾਲ ਸਿੰਘ ਸੰਘਾ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਡੀਨ, ਨੇ ਕਿਹਾ ਕਿ ਇਸ ਮੇਲੇ ਵਿੱਚ ਪ੍ਰਦਰਸ਼ਿਤ ਕਰਨ ਲਈ ਉਨ•ਾਂ ਦੇ ਕਾਲਜ ਵੱਲੋਂ ਗਾਜਰ ਲੱਸੀ, ਮਿੱਠੀ ਲੱਸੀ, ਮਸਾਲਾ ਲੱਸੀ, ਮਿੱਠਤ ਦਹੀਂ, ਪਨੀਰ ਦੇ ਪਾਣੀ ਤੋਂ ਤਿਆਰ ਕੀਤੇ ਵੱਖ ਵੱਖ ਪੀਣ ਵਾਲੇ ਪਦਾਰਥ, ਸੁਗੰਧਿਤ ਦੁੱਧ, ਮਿਲਕ ਕੇਕ, ਪਨੀਰ ਅਤੇ ਢੋਡਾ ਬਰਫੀ ਤਿਆਰ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਇਨ•ਾਂ ਵਸਤਾਂ ਦੀਆਂ ਵੱਖ ਵੱਖ ਖੂਬੀਆਂ ਹਨ, ਕੁਝ ਪੌਸ਼ਟਿਕਤਾ ਦੇਂਦੇ ਹਨ, ਕੁਝ ਹਾਜ਼ਮਾ ਬਿਹਤਰ ਕਰਦੇ ਹਨ ਅਤੇ ਕੁਝ ਕਈ ਸਰੀਰਕ ਅਲਾਮਤਾਂ ਲਈ ਫਾਇਦੇਮੰਦ ਹਨ।
ਪਸ਼ੂ ਉਤਪਾਦ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਝਾੜੀ ਸਾਹੂ ਨੇ ਕਿਹਾ ਕਿ ਮੀਟ ਤੋਂ ਬਣੇ ਉਤਪਾਦ ਮਨੁੱਖੀ ਸਰੀਰ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹਨ। ਇਸ ਲਈ ਮੀਟ ਤੋਂ ਤਿਆਰ ਮੀਟ ਨਗੇਟਸ, ਮੀਟ ਪੈਟੀਆਂ, ਮੀਟ ਬਾਲ, ਮੀਟ ਦਾ ਅਚਾਰ, ਮੀਟ ਸਾਸੇਜ਼ ਇਸ ਮੌਕੇ ਤੇ ਵਿਸ਼ੇਸ਼ ਆਕਰਸ਼ਣ ਹੋਣਗੇ। ਡਾ. ਸਾਹੂ ਨੇ ਦੱਸਿਆ ਕਿ ਮੁਰਗੇ ਦੇ ਮੀਟ ਦੇ ਕੁਰਕੁਰੇ, ਨੂਡਲ ਅਤੇ ਵੜੀਆਂ ਜੋ ਕਿ ਕਾਫੀ ਦੇਰ ਤੱਕ ਸੰਭਾਲੀਆਂ ਜਾ ਸਕਦੀਆਂ ਹਨ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
ਫ਼ਿਸ਼ਰੀਜ਼ ਕਾਲਜ ਦੇ ਡੀਨ, ਡਾ. ਆਸ਼ਾ ਧਵਨ ਨੇ ਕਿਹਾ ਕਿ ਮੱਛੀ ਦਾ ਮੀਟ ਜਿੱਥੇ ਕਈ ਗੁਣਾਂ ਨਾਲ ਭਰਪੂਰ ਹੈ ਉੱਥੇ ਇਹ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਵਾਸਤੇ ਵੀ ਬਹੁਤ ਵਧੀਆ ਖੁਰਾਕ ਹੈ। ਬਹੁਤ ਛੇਤੀ ਹਜ਼ਮ ਹੋਣ ਵਾਲੀ ਇਹ ਖੁਰਾਕ ਪੌਸ਼ਟਿਕਤਾ ਦੇ ਨਾਲ ਦਿਮਾਗੀ ਵਿਕਾਸ ਵਾਸਤੇ ਵੀ ਬਿਹਤਰ ਹੈ। ਯੂਨੀਵਰਸਿਟੀ ਵੱਲੋਂ ਮੱਛੀ ਨੂੰ ਕੰਡਾ ਰਹਿਤ ਕਰਕੇ ਉਸਦੇ ਕਈ ਉਤਪਾਦ ਤਿਆਰ ਕੀਤੇ ਗਏ ਹਨ ਜਿਵੇਂ ਫ਼ਿਸ਼ ਬਾਲ, ਫ਼ਿਸ਼ ਕਟਲੇਟ, ਫ਼ਿਸ਼ ਨਗੇਟ ਅਤੇ ਫ਼ਿਸ਼ ਫ਼ਿੰਗਰ ਆਦਿ। ਡਾ. ਧਵਨ ਨੇ ਕਿਹਾ ਕਿ ਯੂਨੀਵਰਸਿਟੀ ਇਸ ਵਿਸ਼ੇ ਤੇ ਭਰਪੂਰ ਖੋਜ ਕਰ ਰਹੀ ਹੈ ਕਿ ਮੱਛੀ ਦੀ ਮਾਸ ਤੋਂ ਬਾਅਦ ਵਧੀ ਹਰ ਚੀਜ਼ ਨੂੰ ਪੂਰਨ ਭਾਂਤ ਵਰਤ ਲਿਆ ਜਾਵੇ। ਜਿਸ ਨਾਲ ਮੱਛੀ ਦਾ ਤੇਲ, ਮੱਛੀਆਂ ਦੀ ਖੁਰਾਕ ਅਤੇ ਹੋਰ ਕਈ ਵਸਤਾਂ ਬਨਾਉਣ ਤੇ ਖੋਜ ਕਾਰਜ ਹੋ ਰਹੇ ਹਨ। ਇਸ ਨਾਲ ਜਿੱਥੇ ਮੱਛੀ ਪਾਲਕ ਦਾ ਮੁਨਾਫਾ ਵਧੇਗਾ ਉੱਥੇ ਇਨ•ਾਂ ਦੇ ਵਾਧੁ ਪਦਾਰਥਾਂ ਨੂੰ ਵਰਤੋਂ ਵਿੱਚ ਲਿਆ ਕੇ ਵਾਤਾਵਰਣ ਵੀ ਸਿਹਤਮੰਦ ਰਹੇਗਾ। ਇਹ ਤਿਆਰ ਕੀਤੇ ਉਤਪਾਦ ਬੜੀ ਜਾਇਜ਼ ਕੀਮਤ ਤੇ ਖਰੀਦ ਵਾਸਤੇ ਵੀ ਉਪਲਬਧ ਰਹਿਣਗੇ।