February 8, 2012 admin

ਅਰਦਾਸ ਉਪਰੰਤ ਗੁਰਦੁਆਰਾ ਸ਼ਹੀਦਾਂ ਵਿਖੇ ਲੰਗਰ ਦੀ ਨਵੀਂ ਇਮਾਰਤ ਦੀ ਉਸਾਰੀ ਅਰੰਭ

ਡੇਢ ਸਾਲ ਦੇ ਅਰਸੇ ‘ਚ ਤਿਆਰ ਹੋ ਜਾਵੇਗੀ ਪੰਜ ਮੰਜਿਲਾ ਸ਼ਾਨਦਾਰ ਇਮਾਰਤ- ਬਾਬਾ ਕਸ਼ਮੀਰ ਸਿੰਘ ਭੂਰੀਵਾਲੇ
ਅੰਮ੍ਰਿਤਸਰ: 08 ਫਰਵਰੀ- ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ (ਗੁਰਦੁਆਰਾ ਸ਼ਹੀਦਾਂ) ਵਿਖੇ ਲੰਗਰ ਦੀ ਇਮਾਰਤ ਦੇ ਵਿਸਥਾਰ ਲਈ ਉਸਾਰੀ ਦੇ ਕਾਰਜਾਂ ਦੀ ਅਰੰਭਤਾ ਅੱਜ ਸਵੇਰੇ ਅਰਦਾਸ ਉਪਰੰਤ ਪੰਜ ਪਿਆਰਿਆਂ ਦੇ ਰੂਪ ‘ਚ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲੇ, ਬਾਬਾ ਸੁੱਖਵਿੰਦਰ ਸਿੰਘ ਜੀ ਭੂਰੀਵਾਲੇ, ਗੁਰਦੁਆਰਾ ਸ਼ਹੀਦਾਂ ਦੇ ਹੈਡ ਗ੍ਰੰਥੀ ਗਿਆਨੀ ਗੁਰਪਾਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ.ਹਰਬੰਸ ਸਿੰਘ ਜੀ ਤੇ ਬਾਬਾ ਗੁਰਨਾਮ ਸਿੰਘ ਜੀ ਨੇ ਟੱਕ ਲਾ ਕੇ ਕੀਤੀ। ਲੰਗਰ ਦੀ ਇਮਾਰਤ ਛੋਟੀ ਹੋਣ ਕਾਰਨ ਇਸ ਦੇ ਵਿਸਥਾਰ ਅਤੇ ਨਵ-ਉਸਾਰੀ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ-ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਪੀਂ ਗਈ ਹੈ। ਇਸ ਤੋਂ ਪਹਿਲਾ ਬਾਬਾ ਜੀ ਨੇ ਲੰਗਰ ਦੇ ਨਾਲ ਲੱਗਦੀਆਂ ਇਮਾਰਤਾਂ ਦੇ ਮਾਲਕਾਂ ਨੂੰ ਪ੍ਰੇਰਕੇ ਢੁਕਵੀਂ ਕੀਮਤ ‘ਤੇ ਖਰੀਦ ਕਰਕੇ ਲੰਗਰ ਦੀ ਇਮਾਰਤ ਲਈ ਜਗ•ਾ ਬਣਾਈ ਹੈ ਅਤੇ ਅੱਜ ਇਸ ਪੁਰ ਨਵੀਂ ਇਮਾਰਤ ਦੀ ਉਸਾਰੀ ਦੀ ਅਰੰਭਤਾ ਕੀਤੀ ਗਈ ਹੈ। ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਧਰਮ ਸਿੰਘ ਨੇ ਕੀਤੀ।
             ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਆਦੇਸ਼ਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਜਗ•ਾ ਪੁਰ ਗੁਰੂ ਕੇ ਲੰਗਰ ਦੀ ਪੰਜ ਮੰਜਲਾ ਸ਼ਾਨਦਾਰ ਇਮਾਰਤ ਕਰੀਬ ਡੇਢ ਸਾਲ ਸਮੇਂ ‘ਚ ਤਿਆਰ ਹੋ ਜਾਵੇਗੀ। ਇਸ ਇਮਾਰਤ ਦੀਆਂ ਦੋ ਮੰਜਲਾਂ ਜਮੀਨਦੋਜ਼ ਹੋਣਗੀਆਂ, ਜਿੰਨਾਂ ਵਿਚੋ ਇਕ ਪਾਰਕਿੰਗ ਅਤੇ ਦੂਜੀ ਸਟੋਰ ਵਜੋਂ ਵਰਤੀ ਜਾਵੇਗੀ। ਉਪਰਲੀਆਂ ਦੋ ਮੰਜਲਾਂ ਨੂੰ (ਤੀਜੀ ਤੇ ਚੌਥੀ) ਸੰਗਤਾਂ ਨੂੰ ਲੰਗਰ ਛਕਾਉਣ ਲਈ ਵਰਤਿਆਂ ਜਾਵੇਗਾ ਜਿੱਥੇ ਕਰੀਬ ਚਾਰ ਹਜਾਰ ਪ੍ਰਾਣੀ ਇਕ ਹੀ ਸਮੇਂ ਲੰਗਰ ਛਕ ਸਕਣਗੇ। ਪੰਜਵੀਂ ਮੰਜਲ ਗੁਰਮਤਿ ਕਾਰਜਾਂ ਲਈ ਵਰਤੀ ਜਾਵੇਗੀ। ਉਨਾਂ ਸਮੂੰਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕੀਤੀ ਕਿ ਇਸ ਸੇਵਾ ਦੇ ਕੁੰਭ ‘ਚ ਤਨ-ਮਨ ਤੇ ਧਨ ਨਾਲ ਸੇਵਾ ਕਰਕੇ ਸਤਿਗੁਰੂ ਦੀਆਂ ਬਖਸ਼ਿਸਾਂ ਦੇ ਪਾਤਰ ਬਣਨ। ਉਸਾਰੀ ਕਾਰਜਾਂ ਦੀ ਅਰੰਭਤਾ ਸਮੇਂ ਬਾਬਾ ਫਤਹਿ ਸਿੰਘ, ਬਾਬਾ ਸਰਵਨ ਸਿੰਘ, ਬਾਬਾ ਪ੍ਰੇਮ ਸਿੰਘ, ਬਾਬਾ ਚਮਕੌਰ ਸਿੰਘ, ਬਾਬਾ ਸੰਗਾਰਾ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਹਰਬੰਸ ਸਿੰਘ ਮੱਲੀ, ਗੁਰਦੁਆਰਾ ਸ਼ਹੀਦਾਂ ਦੇ ਐਡੀ:ਮੈਨੇਜਰ ਸ.ਜਸਵਿੰਦਰ ਸਿੰਘ, ਸੁਪਰਵਾਈਜਰ ਸ.ਗੁਰਬਚਨ ਸਿੰਘ ਵਲੀਪੁਰ ਤੇ ਸ.ਗੁਰਪ੍ਰੀਤ ਸਿੰਘ, ਲੰਗਰ ਦੇ ਇੰਚਾਰਜ ਸ.ਗੁਰਦਿਆਲ ਸਿੰਘ, ਸ.ਅਮਰੀਕ ਸਿੰਘ ਤੇ ਸ.ਨਛੱਤਰ ਸਿੰਘ ਤੋਂ ਇਲਾਵਾ ਵੱਡੀ ਗਿੱਣਤੀ ‘ਚ ਸੰਗਤਾਂ ਮੌਜੂਦ ਸਨ।

Translate »