February 9, 2012 admin

10 ਮਾਰਚ ਤੋ 21 ਮਾਰਚ ਤੱਕ ਖੇਤਰੀ ਸਾਰਸ ਮੇਲਾ ਸਰਕਾਰੀ ਕਾਲਜ਼ ਲੜਕੀਆਂ ਲੁਧਿਆਣਾ ਵਿਖੇ ਲਗਾਇਆ ਜਾਵੇਗਾ-ਰਾਹੁਲ ਤਿਵਾੜੀ

ਦੇਸ਼ ਦੇ 28 ਰਾਜਾਂ ਅਤੇ ਵੱਖ-ਵੱਖ ਕਂੇਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਦਸਤਕਾਰ ਇਸ ਸਾਰਸ ਮੇਲੇ ਵਿੱਚ ਸ਼ਾਮਲ ਹੋਣਗੇ
ਲੁਧਿਆਣਾ, 9 ਫਰਵਰੀ : ਦਸਤਕਾਰੀ ਦੇ ਧੰਦੇ ਨੂੰ ਉਤਸ਼ਾਹਤ ਕਰਨ ਵਾਸਤੇ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਦੇ ਸਹਿਯੋਗ ਨਾਲ 10 ਮਾਰਚ ਤੋ 21 ਮਾਰਚ ਤੱਕ 12 ਰੋਜ਼ਾ ਖੇਤਰੀ ਸਾਰਸ ਮੇਲਾ ਸਰਕਾਰੀ ਕਾਲਜ਼ ਲੜਕੀਆਂ, ਲੁਧਿਆਣਾ ਦੇ ਮੈਦਾਨ ਵਿੱਚ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਭਾਰਤ ਦੇ 28 ਰਾਜਾਂ ਅਤੇ ਵੱਖ-ਵੱਖ ਕੇਂਦਰ ਸ਼ਾਸ਼ਤ ਪ੍ਰਦੇਸਾਂ ਤੋ ਸਵਰਨ ਜੈਯੰਤੀ ਗ੍ਰਾਮ ਸਵੈ-ਰੋਜ਼ਗਾਰ ਯੋਜਨਾ ਅਧੀਨ ਸਵੈ ਮਦਦ ਗਰੁੱਪ ਤੇ ਵੱਡੀ ਗਿਣਤੀ ਵਿੱਚ ਦਸਤਕਾਰ ਆਪਣੇ ਵੱਲੋ ਤਿਆਰ ਕੀਤੀਆਂ ਗਈਆਂ ਵਸਤਾਂ ਨੂੰ ਪ੍ਰਦਰਸ਼ਤ ਕਰਨਗੇ ਅਤੇ ਉਹਨਾਂ ਨੂੰ ਆਪਣੇ ਸਮਾਨ ਨੂੰ ਵੇਚਣ ਦਾ ਮੌਕਾ ਮਿਲੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਇਸ ਖੇਤਰੀ ਸਾਰਸ ਮੇਲੇ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾਂ ਲੈਣ ਲਈ ਜਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਬੱਚਤ ਭਵਨ ਵਿਖੇ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦਿੱਤੀ। ਉਹਨਾਂ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਮੇਲੇ ਦੀ ਸਫਲਤਾ ਲਈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੇ ਫਰਜ਼ ਨਿਭਾਉਣ। ਉਹਨਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਦੀਪ ਅਗਰਵਾਲ ਇਸ ਸਾਰਸ ਮੇਲੇ ਦੇ ਖੇਤਰੀ ਮੇਲਾ ਅਫਸਰ ਹੋਣਗੇ, ਜਦੋ ਕਿ ਲੁਧਿਆਣਾ ਪੂਰਬੀ ਦੇ ਐਸ.ਡੀ.ਐਮ. ਸ੍ਰੀ ਅਜੇ ਸੂਦ ਸਹਾਇਕ ਖੇਤਰੀ ਮੇਲਾ ਅਫਸਰ ਹੋਣਗੇ।
 ਸ੍ਰੀ ਤਿਵਾੜੀ ਨੇ ਦੱਸਿਆ ਕਿ ਇਸ ਸਾਰਸ ਮੇਲੇ ਦੇ ਆਯੋਜਨ ਨਾਲ ਨਾ ਕੇਵਲ ਲੁਧਿਆਣਾ ਜਿਲੇ ਦੇ ਸਗੋ ਹੋਰ ਗੁਆਂਢੀ ਜਿਲਿਆਂ ਦੇ ਪੇਂਡੂ ਦਸਤਕਾਰਾਂ ਨੂੰ ਵੀ ਆਪਣੀ ਦਸਤਕਾਰੀ ਦੀਆਂ ਵਸਤਾਂ ਵੇਚਣ ਦਾ ਮੌਕਾ ਉਪਲੱਭਦ ਹੋਵੇਗਾ। ਇਸ ਤੋ ਇਲਾਵਾ ਪੰਜਾਬ ਦੇ ਦਸਤਕਾਰਾਂ ਨੂੰ ਹੋਰ ਰਾਜਾਂ ਦੇ ਦਸਤਕਾਰਾਂ ਵੱਲੋ ਤਿਆਰ ਕੀਤੀਆਂ ਗਈਆਂ ਵਸਤਾਂ ਨੂੰ ਦੇਖਣ ਦਾ ਵੀ ਮੌਕਾ ਮਿਲੇਗਾ। ਉਹਨਾਂ ਕਿਹਾ ਕਿ ਇਸ ਮੇਲੇ ਵਿੱਚ ਉਤਰੀ ਖੇਤਰ ਸਭਿਆਚਾਰਕ ਕੇਂਦਰ ਦੇ ਕਲਾਕਾਰਾਂ ਵੱਲੋ ਵੱਖ-ਵੱਖ ਰਾਜਾਂ ਦੇ ਸਭਿਆਚਾਰ ਤੇ ਅਧਾਰਤ ਰੰਗਾਂ-ਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਇਸ ਤੋ ਇਲਾਵਾ ਪੰਜਾਬ ਦੇ ਲੋਕ ਗਾਇਕਾਂ ਤੇ ਅਧਾਰਤ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ, ਜੋ ਕਿ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਹੋਣਗੇ।
 ਡਿਪਟੀ ਕਮਿਸ਼ਨਰ ਨੇ ਮੁੱਖ ਕਾਰਜ਼ਕਾਰੀ ਅਫਸਰ ਜਿਲਾ ਪ੍ਰੀਸ਼ਦ, ਜਿਲਾ ਵਿਕਾਸ ਤੇ ਪੰਚਾਇਤ ਅਫਸਰ, ਨਗਰ ਕੌਸ਼ਲਾਂ ਦੇ ਕਾਰਜ਼ ਸਾਧਕ ਅਫਸਰ ਅਤੇ ਜਿਲੇ ਦੇ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਧਾਰਮਿਕ ਸਥਾਨਾਂ ਤੋ ਇਸ ਮੇਲੇ ਸਬੰਧੀ ਵੱਧ ਤੋ ਵੱਧ ਅਨਾਊਸਮੈਂਟ ਕਰਵਾ ਕੇ ਪ੍ਰਚਾਰ ਕੀਤਾ ਜਾਵੇ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਇਸ ਮੇਲੇ ਤੋ ਵੱਖ-ਵੱਖ ਰਾਜਾਂ ਦੇ ਦਸਤਕਾਰਾਂ ਵੱਲੋ ਤਿਆਰ ਕੀਤੀਆਂ ਗਈਆਂ ਵਸਤੂਆਂ ਖਰੀਦ ਸਕਣ।
 ਸ੍ਰੀ ਤਿਵਾੜੀ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਾਰਸ ਮੇਲੇ ਵਾਲੇ ਸਥਾਨ ਅਤੇ ਬਾਹਰੋ ਆਏ ਦਸਤਕਾਰਾਂ ਦੇ ਰਿਹਾਇਸ਼ੀ ਸਥਾਨ ਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਅਤੇ ਸਾਰਸ ਮੇਲੇ ਨੂੰ ਦੇਖਣ ਆਉਣ ਵਾਲੇ ਦਰਸ਼ਕਾਂ ਦੀ ਸੁਵਿਧਾ ਲਈ ਟ੍ਰੈਫਿਕ ਵਿਵਸਥਾ ਦੇ ਵੀ ਢੁੱਕਵੇ ਪ੍ਰਬੰਧ ਕੀਤੇ ਜਾਣ। ਉਹਨਾਂ ਕਿਹਾ ਕਿ ਮੇਲੇ ਵਾਲੇ ਸਥਾਨ ਤੇ ਸਾਫ-ਸਫਾਈ ਲਈ ਨਗਰ-ਨਿਗਮ, ਪਖਾਨਿਆਂ ਦੀ ਸੁਵਿਧਾ ਲਈ ਜਨ ਸਿਹਤ ਵਿਭਾਗ ਅਤੇ ਪੀਣ ਵਾਲੇ ਪਾਣੀ ਦੇ ਸੁਚੱਜੇ ਪ੍ਰਬੰਧਾਂ ਲਈ ਜਿਲਾ ਮੰਡੀ ਅਫਸਰ ਜਿੰਮੇਵਾਰ ਹੋਣਗੇ।
 ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ-ਖੇਤਰੀ ਮੇਲਾ ਅਫਸਰ ਸ੍ਰੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਵੱਖ-ਵੱਖ ਰਾਜਾਂ ਦੇ ਖਾਣ-ਪੀਣ ਦੇ ਸਮਾਨ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ। ਇਸ ਤੋ ਇਲਾਵਾ ਬੱਚਿਆਂ ਦੇ ਮਨੋਰੰੰਜਨ ਲਈ ਝੂਲੇ ਵੀ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਬਾਹਰੋ ਆਉਣ ਵਾਲੇ ਦਸਤਕਾਰਾਂ ਦੀ ਸਹੂਲਤ ਲਈ ਰੇਲਵੇ ਸ਼ਟੇਸ਼ਨ ਅਤੇ ਬੱਸ ਸਟੈਡ ਤੇ ਸੁਆਗਤੀ ਕਾਊਟਰ ਵੀ ਬਣਾਏ ਜਾਣਗੇ। ਉਹਨਾਂ ਆਖਿਆ ਕਿ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਇਹ ਮੇਲਾ ਦਿਖਾਇਆ ਜਾਵੇਗਾ। ਇਸ ਮੀਟਿੰਗ ਵਿੱਚ ਐਸ.ਡੀ.ਐਮ. ਜਗਰਾਓ ਸ੍ਰੀਮਤੀ ਈਸ਼ਾ ਕਾਲੀਆ, ਐਸ਼.ਡੀ.ਐਮ. ਖੰਨਾ ਸ੍ਰੀਮਤੀ ਇੰਦਰਜੀਤ ਕੌਰ ਕੰਗ, Àਪ-ਮੁੱਖ ਕਾਰਜ਼ਕਾਰੀ ਅਫਸਰ ਜਿਲਾ ਪ੍ਰੀਸ਼ਦ ਸ੍ਰੀ ਅਮਰਦੀਪ ਸਿੰਘ ਗੁਜਰਾਲ, ਸਰਕਾਰੀ ਕਾਲਜ਼ ਲੜਕੀਆਂ ਦੀ ਪ੍ਰਿੰਸੀਪਲ ਸ੍ਰੀਮਤੀ ਗੁਰਵਿੰਦਰ ਕੌਰ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।  

Translate »