February 9, 2012 admin

ਪੀ ਏ ਯੂ ਅਧਿਆਪਕ ਡਾ: ਜਸਵਿੰਦਰ ਭੱਲਾ ਨੂੰ ਸਾਲ 2012 ਦਾ ਗੋਪਾਲ ਸਹਿਗਲ ਸਨਮਾਨ ਮਿਲਣ ਦਾ ਐਲਾਨ

ਲੁਧਿਆਣਾ: 9 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਜਿਥੇ ਨਵੀਂ ਕਿਸਮ ਦੇ ਬੀਜਾਂ ਅਤੇ ਤਕਨੀਕਾਂ ਦੇ ਵਿਕਾਸ ਲਈ ਜਾਣੀ ਜਾਂਦੀ ਹੈ ਉਥੇ ਇਥੋਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਲਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਵੀ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਇਸੇ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਅਤੇ ਹੁਣ 1989 ਤੋਂ ਅਧਿਆਪਕ ਡਾ: ਜਸਵਿੰਦਰ ਭੱਲਾ ਨੂੰ ਪੰਜਾਬ ਫਿਲਮ ਫੈਸਟੀਵਲ ਅੰਮ੍ਰਿਤਸਰ ਵੱਲੋਂ ਸਰਵੋਤਮ ਕਾਮੇਡੀਅਨ ਹੋਣ ਨਾਤੇ ਸਾਲ 2012 ਦਾ ਗੋਪਾਲ ਸਹਿਗਲ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਫਿਲਮ ਫੈਸਟੀਵਲ ਅੰਮ੍ਰਿਤਸਰ ਦੇ ਚੇਅਰਮੈਨ ਸ: ਨਵਤੇਜ ਸਿੰਘ ਸੰਧੂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵਿੰਦਰ ਭੱਲਾ ਵੱਲੋਂ 1988 ਤੋਂ ਲਗਾਤਾਰ ਹਾਸ ਵਿਅੰਗ ਦੇ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਭਰੂਣ ਹੱਤਿਆ ਦੇ ਖਿਲਾਫ 1992 ਵਿੱਚ ਉਨ•ਾਂ ਨੇ ਮਾਸੀ ਨੂੰ ਤਰਸਣਗੇ ਨਾਮ ਹੇਠ ਪਹਿਲੀ ਵੀਡੀਓ ਫਿਲਮ ਪੇਸ਼ ਕੀਤੀ ਸੀ ਅਤੇ ਇਸ ਨਾਲ ਹੀ ਪੰਜਾਬ ਵਿੱਚ ਇਸ ਕੁਰੀਤੀ ਦੇ ਖਿਲਾਫ ਲੋਕ ਚੇਤਨਾ ਲਹਿਰ ਸ਼ੁਰੂ ਹੋਈ ਹੈ।
ਸਨਮਾਨ ਦੀ ਜਾਣਕਾਰੀ ਮਿਲਣ ਉਪਰੰਤ ਜਸਵਿੰਦਰ ਭੱਲਾ ਨੇ ਦੱਸਿਆ ਕਿ ਮੇਰੀ ਇਸ ਪ੍ਰਾਪਤੀ ਦਾ ਸਿਹਰਾ ਮੇਰੇ ਅਧਿਆਪਕ ਡਾ: ਕੇਸ਼ੋ ਰਾਮ ਸ਼ਰਮਾ ਅਤੇ ਇਸ ਮਹਾਨ ਸੰਸਥਾ ਦੇ ਸਿਰ ਹੈ ਜਿਸ ਨੇ ਪਹਿਲਾਂ ਸਾਨੂੰ ਤੁਰਨਾ ਸਿਖਾਇਆ ਅਤੇ ਹੁਣ ਸੇਵਾ ਦਾ ਮੌਕਾ ਦੇਣ ਦੇ ਨਾਲ ਨਾਲ ਕਲਾ ਦੇ ਖੇਤਰ ਵਿੱਚ ਵੀ ਉੱਚੀਆਂ ਉਡਾਰੀਆਂ ਭਰਨ ਦਾ ਮਾਣ ਦਿੱਤਾ ਹੈ। ਡਾ: ਭੱਲਾ ਨੇ 1988 ਵਿੱਚ ਪਹਿਲੀ ਵਾਰ ਛਣਕਾਟਾ ਨਾਮ ਹੇਠ ਹਾਸ ਵਿਅੰਗ ਕੈਸਿਟਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੀਕ ਉਹ 27 ਛਣਕਾਟੇ ਪੇਸ਼ ਕਰ ਚੁੱਕਾ ਹੈ। ਉਸ ਦੇ ਸਹਿ ਪਾਠੀ ਅਤੇ ਸਹਿ ਕਰਮੀ ਕਲਾਕਾਰ ਬਾਲ ਮੁਕੰਦ ਸ਼ਰਮਾ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ। ਡਾ: ਭੱਲਾ ਲਗਪਗ 12 ਫੀਚਰ ਫਿਲਮਾਂ ਅਤੇ 15 ਵੀਡੀਓ ਫਿਲਮਾਂ ਵਿੱਚ ਵੀ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ।

Translate »