ਚੰਡੀਗੜ•, 09 ਫ਼ਰਵਰੀ : ਖੇਤੀਬਾੜੀ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੇ ਚਾਲੂ ਸੀਜ਼ਨ ਦੌਰਾਨ ਸੂਬੇ ਅੰਦਰ ਕਣਕ ਦੀ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਉਨ•ਾਂ ਕਿਹਾ ਕਿ ਜੇਕਰ ਮੌਸਮ ਇਸੇ ਤਰ•ਾਂ ਅਨੁਕੂਲ ਰਿਹਾ ਤਾਂ ਕਣਕ ਦੀ ਪੈਦਾਵਾਰ 167 ਲੱਖ ਟਨ ਤੱਕ ਪਹੁੰਚ ਜਾਵੇਗੀ।
ਉਨ•ਾਂ ਕਿਹਾ ਕਿ ਚਾਲੂ ਸੀਜ਼ਨ ਦੌਰਾਨ 35.15 ਲੱਖ ਹੈਕਟੇਅਰ ਰਕਬੇ ‘ਤੇ ਕਣਕ ਦੀ ਬਿਜਾਈ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਕਣਕ ਦੀ ਬਿਜਾਈ 35.10 ਲੱਖ ਹੈਕਟੇਅਰ ਰਕਬੇ ‘ਤੇ ਕੀਤੀ ਗਈ ਸੀ। ਉਨ•ਾਂ ਕਿਹਾ ਕਿ ਕਣਕ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਇੱਕ ਤੋਂ ਡੇਢ ਪ੍ਰਤੀਸ਼ਤ ਤੱਕ ਵਧਣ ਦੀ ਆਸ ਹੈ, ਜਿਸ ਸਦਕਾ ਕਣਕ ਦਾ ਔਸਤਨ ਪ੍ਰਤੀ ਹੈਕਟੇਅਰ ਝਾੜ ਵਧਕੇ 47 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਟੱਪ ਜਾਵੇਗਾ। ਉਨ•ਾਂ ਕਿਹਾ ਕਿ ਪਿਛਲੇ ਲਗਭਗ ਚਾਰ ਦਹਾਕਿਆਂ ‘ਚ ਕਣਕ ਦੀ ਵੱਧ ਤੋਂ ਵੱਧ ਪੈਦਾਵਾਰ 164.72 ਲੱਖ ਟਨ ਹੋਈ ਸੀ, ਜੋ ਇਸ ਸੀਜ਼ਨ ‘ਚ ਵੱਧ ਕੇ 167 ਲੱਖ ਟਨ ਤੱਕ ਪਹੁੰਚ ਜਾਵੇਗੀ।
ਡਾ. ਸੰਧੂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਬਿਜਾਈ ਸਮੇਂ ਸਿਰ ਹੋਈ ਹੈ, ਕਿਉਂਕਿ ਨਵੰਬਰ ਦੇ ਮਹੀਨੇ ‘ਚ ਮੌਸਮ ਬੜਾ ਯੋਗ ਸੀ ਜੋ ਉਤਪਾਦਕਤਾ ਵਧਣ ਦਾ ਕਾਰਨ ਹੈ। ਉਨ•ਾਂ ਦੱਸਿਆ ਕਿ ਜਨਵਰੀ ‘ਚ ਹੋਈ ਬਾਰਿਸ਼ ਅਤੇ ਠੰਡ ਨੇ ਫ਼ਸਲ ਦਾ ਰੰਗ ਹੀ ਬਦਲ ਦਿੱਤਾ ਹੈ। ਉਨ•ਾਂ ਕਿਹਾ ਕਿ ਮੌਸਮ ਨੇ ਫ਼ਸਲ ‘ਤੇ ਲੋੜੀਂਦਾ ਅਸਰ ਪਾਇਆ ਹੈ।
ਉਨ•ਾਂ ਦੱਸਿਆ ਕਿ ਕਣਕ ਦੇ ਝਾੜ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ ਪੀਲੀ ਕੂੰਗੀ ਦਾ ਰੋਪੜ•, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲਿਆਂ ‘ਚ ਵਿਸ਼ੇਸ਼ ਕਰਕੇ ਡੀ.ਬੀ.ਡਬਲਯੂ-17 ਅਤੇ ਡਬਲਯੂ.ਐੱਚ-711 ਕਿਸਮਾਂ ‘ਤੇ ਹਮਲਾ ਵੇਖਿਆ ਗਿਆ ਹੈ, ਜਿਸ ‘ਤੇ ਕਾਬੂ ਪਾਉਣ ਦੇ ਉਪਰਾਲੇ ਕੀਤੇ ਗਏ ਹਨ ਤਾਂ ਜੋ ਇਸਦਾ ਅਸਰ ਮੈਦਾਨੀ ਇਲਾਕਿਆਂ ‘ਚ ਨਾ ਪਹੁੰਚ ਸਕੇ। ਉਨ•ਾਂ ਦੱਸਿਆ ਕਿ ਕਿਸਾਨਾਂ ਨੂੰ ਇਸ ‘ਤੇ ਕਾਬੂ ਪਾਉਣ ਲਈ ਟਿਲਟ/ਬੰਪਰ/ਸ਼ਾਈਨ ਦਾ ਸਪਰੇਅ ਕਰਨ ਲਈ ਕਿਹਾ ਗਿਆ ਹੈ, ਜਿਸ ਉਪਰੰਤ ਇਸ ‘ਤੇ ਯਕੀਨੀ ਕਾਬੂ ਪਾ ਲਿਆ ਜਾਵੇਗਾ।
ਡਾ. ਸੰਧੂ ਨੇ ਅੱਗੇ ਦੱਸਿਆ ਕਿ ਸੂਬੇ ਅੰਦਰ ਜਿਆਦਾਤਰ ਰਕਬਾ ਐਚ.ਡੀ.-2967, ਪੀ.ਬੀ.ਡਬਲਯੂ-621 ਅਤੇ , ਪੀ.ਬੀ.ਡਬਲਯੂ-550 ਆਦਿ ਕਣਕ ਦੀਆਂ ਕਿਸਮਾਂ ਥੱਲੇ ਹੈ, ਜਿਨ•ਾਂ ਵਿੱਚ ਪੀਲੀ ਕੂੰਗੀ ਦਾ ਟਾਕਰਾ ਕਰਨ ਦੀ ਸ਼ਕਤੀ ਮੌਜੂਦ ਹੈ। ਉਨ•ਾਂ ਦੱਸਿਆ ਕਿ ਪੀ.ਬੀ.ਡਬਲਯੂ-343, ਡੀ.ਬੀ.ਡਬਲਯੂ-17 ਅਤੇ ਡਬਲਯੂ.ਐੱਚ-711 ਕਿਸਮਾਂ ਸੂਬੇ ਅੰਦਰ ਬਹੁਤ ਹੀ ਘੱਟ ਰਕਬੇ ‘ਤੇ ਬੀਜੀਆਂ ਗਈਆਂ ਹਨ।