February 9, 2012 admin

ਪਲਸ ਪੋਲੀਓ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ

ਜ਼ਿਲ੍ਹੇ ‘ਚ 19, 20 ਅਤੇ 21 ਫਰਵਰੀ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ
ਬਠਿੰਡਾ, 9 ਫਰਵਰੀ -19, 20 ਅਤੇ 21 ਫਰਵਰੀ 2012 ਨੂੰ ਹੋਣ ਵਾਲੇ ਕੌਮੀ ਪਲਸ ਪੋਲੀਓ ਪ੍ਰੋਗਰਾਮ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਿਵਲ ਸਰਜਨ ਡਾ. ਇਕਬਾਲ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਘੂਬੀਰ ਸਿੰਘ ਰੰਧਾਵਾ, ਜ਼ਿਲ੍ਹਾ ਸਕੂਲ ਹੈਲਥ ਅਫ਼ਸਰ ਡਾ ਕੁੰਦਨ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਪ੍ਰੀਤ ਕੌਰ ਰੁਪਾਲ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸ੍ਰੀ ਜੇ. ਆਰ ਗੋਇਲ, ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਸ੍ਰੀ ਰਾਜਿੰਦਰ ਬੱਤਰਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਖੁਸ਼ਵੀਰ ਸਿੰਘ ਤੋਂ ਇਲਾਵਾ ਜ਼ਿਲ੍ਹਾ ਟਾਸਕ ਫੋਰਸ ਦੇ ਮੈਂਬਰਾਂ, ਵੱਖ-ਵੱਖ ਕਮਿਊਨਿਟੀ ਹੈਲਥ ਸੈਂਟਰਾਂ ਦੇ ਐਸ. ਐਮ. ਓਜ਼, ਸਵੈ ਸੇਵੀ ਸੰਗਠਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਪਲਸ ਪੋਲੀਓ ਮੁਹਿੰਮ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਇਸ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੇ ਮੈਂਬਰਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ‘ਚ ਪੰਜ ਸਾਲ ਤੱਕ ਦੇ ਸਾਰੇ 1 ਲੱਖ 75 ਹਜ਼ਾਰ 212 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 19 ਫਰਵਰੀ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਜ਼ਿਲ੍ਹੇ ਵਿਚ 698 ਬੂਥ ਲਗਾਏ ਜਾਣਗੇ, ਜਿਨ੍ਹਾਂ ਵਿਚੋਂ 502 ਬੂਥ ਪੇਂਡੂ ਖੇਤਰਾਂ ਅਤੇ 196 ਬੂਥ ਸ਼ਹਿਰੀ ਖੇਤਰ ‘ਚ ਲਗੱਣਗੇ। ਇਸ ਤੋਂ ਇਲਾਵਾ ਮੋਬਾਈਲ ਟੀਮਾਂ ਵੀ ਬਣਾਈਆਂ ਗਈਆਂ ਹਨ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਭੱਠਿਆਂ ਅਤੇ ਹੋਰ ਜਨਤਕ ਥਾਵਾਂ ‘ਤੇ ਵੀ ਬੂੰਦਾਂ ਪਿਲਾਉਣ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 20 ਅਤੇ 21 ਫਰਵਰੀ ਨੂੰ 2 ਲੱਖ 54 ਹਜ਼ਾਰ 308 ਘਰਾਂ ‘ਚ ਡੋਰ-ਟੂ-ਡੋਰ ਜਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣਗੀਆਂ।
ਸਿਵਲ ਸਰਜਨ ਡਾ. ਇਕਬਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਸ ਮੁਹਿੰਮ ਤਹਿਤ 2392 ਵਰਕਰਾਂ ਦੀ ਡਿਊਟੀ ਲਗਾਈ ਗਈ ਹੈ ਅਤੇ ਇਸ ਤੋਂ ਇਲਾਵਾ ਸਵੈ ਸੇਵੀ ਸੰਸਥਾਵਾਂ ਦੇ 1076 ਨੁੰਮਾਇੰਦੇ ਵੀ ਆਪਣੀਆਂ ਸੇਵਾਵਾਂ ਦੇਣਗੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਪ੍ਰੀਤ ਕੌਰ ਰੁਪਾਲ ਨੇ ਮੀਟਿੰਗ ਦੌਰਾਨ ਪੋਲੀਓ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਿਮਾਰੀ ਵਾਇਰਲ ਰਾਹੀਂ ਹੁੰਦੀ ਹੈ ਜੋ ਕਿ ਮੂੰਹ ਰਾਹੀਂ ਸਰੀਰ ‘ਚ ਦਾਖ਼ਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ‘ਚੋਂ ਪੋਲੀਓ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਜੀਅ-ਤੋੜ ਕੋਸ਼ਿਸ਼ਾਂ ਕੀਤੀਆਂ ਹਨ, ਇਸੇ ਕਾਰਨ ਜਿਥੇ 2002 ਵਿਚ ਭਾਰਤ ‘ਚ ਪੋਲੀਓ ਦੇ 1600 ਮਾਮਲੇ ਸਾਹਮਣੇ ਆਏ ਸਨ, ਉਥੇ 2011 ‘ਚ ਇਸ ਦਾ ਕੇਵਲ ਇਕ ਮਾਮਲਾ ਹੀ ਸਾਹਮਣੇ ਆਇਆ ਹੈ। ਇਸ ਮੌਕੇ ਡਾ. ਨਿਧੀ ਗੁਪਤਾ ਨੇ ਵੀ ਵਿਚਾਰ ਪ੍ਰਗਟ ਕੀਤੇ।

Translate »