February 10, 2012 admin

ਜ਼ਿਲ੍ਹੇ ‘ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ

ਬਠਿੰਡਾ, 10 ਫਰਵਰੀ -ਜ਼ਿਲ੍ਹੇ ‘ਚ ਅਮਨ ਤੇ ਕਾਨੂੰਨ ਦੀ ਕਾਇਮੀ ਲਈ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਭੁਪਿੰਦਰ ਸਿੰਘ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਤਹਿਤ ਕੇਂਦਰੀ ਜੇਲ ਬਠਿੰਡਾ ਅੰਦਰ ਮੋਬਾਈਲ ਫੋਨ ਅਤੇ ਹੋਰ ਦੂਰਸੰਚਾਰ ਮਾਧਿਅਮ ਯੰਤਰ ਆਦਿ ਲਿਜਾਣ ਦੀ ਮਨਾਹੀ ਕੀਤੀ ਗਈ ਹੈ।
ਜ਼ਿਲ੍ਹੇ ਅੰਦਰ ਕਾਰਖਾਨੇਦਾਰਾਂ, ਵਪਾਰੀਆਂ, ਕਾਰੋਬਾਰੀਆਂ, ਕਿਸਾਨਾਂ ਤੇ ਆਮ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ‘ਤੇ ਰੱਖੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਸੂਚਨਾ, ਨਾਂ ਅਤੇ ਪਤੇ ਟਿਕਾਣੇ ਨੇੜੇ ਦੇ ਪੁਲਿਸ ਥਾਣੇ ਵਿਚ ਦੇਣ। ਇਸੇ ਤਰ੍ਹਾਂ ਹੋਟਲਾਂ/ਰੈਸਟੋਰੈਂਟਾਂ/ਧਰਮਸ਼ਾਲਾਵਾਂ ਦੇ ਮਾਲਕਾਂ/ਮੈਨੇਜਰਾਂ ਲਈ ਉਥੇ ਠਹਿਰਣ ਵਾਲੇ ਵਿਅਕਤੀਆਂ ਦੀ ਸ਼ਨਾਖਤ ਸਬੰਧੀ ਕੋਈ ਸਬੂਤ ਲੈਣਾ ਅਤੇ ਉਸ ਸਬੂਤ ਬਾਰੇ ਐਂਟਰੀ ਰਜਿਸਟਰ ਵਿਚ ਇੰਦਰਾਜ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਇਕ ਹੋਰ ਹੁਕਮ ਅਨੁਸਾਰ ਸਾਈਬਰ ਕੈਫੇ ਅਤੇ ਐਸ. ਟੀ. ਡੀ/ਪੀ. ਸੀ. ਓ ਮਾਲਕਾਂ ਨੂੰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ ਕਿ ਕਿਸੇ ਅਣਜਾਣ ਵਿਅਕਤੀ ਨੂੰ ਜਿਸਦੀ ਪਹਿਚਾਣ ਸਾਈਬਰ ਕੈਫੇ ਅਤੇ ਐਸ. ਟੀ. ਡੀ/ਪੀ. ਸੀ. ਓ ਦੇ ਮਾਲਕ ਵੱਲੋਂ ਨਹੀਂ ਦਿੱਤੀ ਗਈ, ਸਾਈਬਰ ਕੈਫੇ ਅਤੇ ਐਸ. ਟੀ. ਡੀ/ਪੀ. ਸੀ. ਓ ਦੀ ਵਰਤੋਂ ਕਰਨ ਤੋਂ ਰੋਕ ਲਗਾਈ ਜਾਵੇ। ਵਰਤੋਂ ਕਰਨ/ਆਉਣ ਵਾਲੇ ਵਿਅਕਤੀ ਦੀ ਪਹਿਚਾਣ ਦੇ ਰਿਕਾਰਡ ਲਈ ਰਜਿਸਟਰ ਲਾਇਆ ਜਾਵੇ ਤੇ ਉਸ ਵਿਚ ਉਸ ਦਾ ਨਾਂ, ਘਰ ਦਾ ਪਤਾ, ਟੈਲੀਫੋਨ ਨੰਬਰ ਅਤੇ ਪਹਿਚਾਣ ਸਬੰਧੀ ਸਬੂਤ ਦਾ ਇੰਦਰਾਜ ਕੀਤਾ ਜਾਵੇ। ਰਜਿਸਟਰ ਵਿਚ ਉਸ ਦੇ ਦਸਤਖਤ/ਨਿਸ਼ਾਨ ਅੰਗੂਠਾ ਵੀ ਕਰਵਾਏ ਜਾਣ। ਐਕਟੀਵਿਟੀ ਸਰਵਰ ਲੋਗ ਮੁੱਖ ਸਰਵਰ ਵਿਚ ਸੁਰੱਖਿਅਤ ਹੋਵੇਗਾ ਅਤੇ ਇਸ ਦਾ ਰਿਕਾਰਡ ਮੁੱਖ ਸਰਵਰ ਵਿਚ ਘੱਟੋ-ਘੱਟ ਛੇ ਮਹੀਨਿਆਂ ਲਈ ਸੁਰੱਖਿਅਤ ਰੱਖਿਆ ਜਾਵੇ। ਸ਼ੱਕੀ ਵਿਅਕਤੀ ਬਾਰੇ ਸਬੰਧਿਤ ਥਾਣੇ ਨੂੰ ਸੂਚਿਤ ਕੀਤਾ ਜਾਵੇ ਅਤੇ ਕਿਸੇ ਵਿਅਕਤੀ ਵੱਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਬਾਰੇ ਰਿਕਾਰਡ ਸੰਭਾਲ ਕੇ ਰੱਖਿਆ ਜਾਵੇ।
ਜਾਰੀ ਕੀਤੇ ਗਏ ਇਕ ਹੋਰ ਹੁਕਮ ਅਨੁਸਾਰ ਜ਼ਿਲ੍ਹੇ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿਚ ਲਿਖਤੀ ਪ੍ਰਵਾਨਗੀ ਤੋਂ ਬਗੈਰ ਕੱਚੀਆਂ ਖੂਹੀਆਂ ਪੁੱਟਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਰੀ ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਕਾਰਜਕਾਰੀ ਇੰਜੀਨੀਅਰ, ਜਨ ਸਿਹਤ ਮੰਡਲ, ਬਠਿੰਡਾ ਜਾਂ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਬਠਿੰਡਾ ਦੀ ਲਿਖਤੀ ਪ੍ਰਵਾਨਗੀ ਅਤੇ ਦੇਖ ਰੇਖ ਤੋਂ ਬਗੈਰ ਕੱਚੀਆਂ ਖੂਹੀਆਂ ਨਹੀਂ ਪੁਟੇਗਾ/ਪੁਟਾਏਗਾ।
ਇਸੇ ਤਰ੍ਹਾਂ ਖਾਲੀ/ਭਰੇ ਟਰੱਕਾਂ ਜਾਂ ਭਾਰੀ ਵਾਹਨਾਂ ਦੇ ਸ਼ਹਿਰ ਵਿਚ ਖੜ੍ਹੇ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਟਰੱਕ ਬਿਜ਼ਨਸ/ਬਿਲਟੀ/ਟਰੱਕ ਅਪਰੇਟਰ ਜਾਂ ਟਰੱਕ ਯੂਨੀਅਨ ਦੀ ਰਸੀਦ ਤੋਂ ਬਗੈਰ ਸ਼ਹਿਰ ਦੀ ਕਿਸੇ ਵੀ ਜਨਤਕ ਜਗ੍ਹਾ/ ਨਿੱਜੀ ਜਗ੍ਹਾ ‘ਤੇ ਖੜ੍ਹਾ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਵੀ ਟਰੱਕ/ਭਾਰੀ ਵਾਹਨ ਸ਼ਹਿਰ ਦੀ ਕਿਸੇ  ਜਨਤਕ ਜਗ੍ਹਾ/ ਨਿੱਜੀ ਜਗ੍ਹਾ ‘ਤੇ ਖੜ੍ਹਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕਰਨ ਦੇ ਨਾਲ-ਨਾਲ ਸਬੰਧਤ ਟਰੱਕ/ਵਾਹਨ ਵੱਲੋਂ ਕੀਤੀ ਗੈਰਕਾਨੂੰਨੀ ਪਾਰਕਿੰਗ ਦਾ ਚਾਲਾਨ ਵੀ ਕੀਤਾ ਜਾਵੇਗਾ। ਉਕਤ ਦਰਸਾਈ ਬਿਲੀਟੀ/ਬਿਜ਼ਨਸ ਪਰਚੀ/ਟਰੱਕ ਅਪਰੇਟਰ ਦੀ ਪਰਚੀ ਤੇ ਟਰੱਕ/ਵਾਹਨ ਉਸੇ ਜਗ੍ਹਾ ‘ਤੇ ਹੀ ਮਾਲ ਉਤਾਰ/ਚੜ੍ਹਾ ਸਕੇਗਾ ਜਿਸ ਜਗ੍ਹਾ ਦੀ ਪਰਚੀ ਹੋਵੇਗੀ।
ਜਾਰੀ ਕੀਤੇ ਗਏ ਇਕ ਹੋਰ ਹੁਕਮ ਅਨੁਸਾਰ ਮਿੰਨੀ ਸਕੱਤਰੇਤ, ਬਠਿੰਡਾ ਵਿਚ ਕਾਗਜ਼ ਅਤੇ ਹੋਰ ਕੂੜਾ ਕਰਕਟ ਨੂੰ ਉਸ ਦੀ ਸਹੀ ਥਾਂ ‘ਤੇ ਸੁਟਵਾਉਣ ਦੀ ਹਦਾਇਤ ਕੀਤੀ ਗਈ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਬੀੜੀ, ਸਿਗਰਟ ਦੇ ਟੋਟੇ ਜਾਂ ਹੋਰ ਗੰਦ ਮਿੰਨੀ ਸਕੱਤਰੇਤ ਦੀ ਇਮਾਰਤ ਦੇ ਅੰਦਰ ਨਾ ਸੁੱਟਿਆ ਜਾਵੇ ਅਤੇ ਇਸ ਤੋਂ ਇਲਾਵਾ ਪਾਨ, ਜਰਦਾ ਅਤੇ ਜਰਦੇ ਵਾਲੇ ਗੁਟਖੇ ਆਦਿ ਖਾ ਕੇ ਟੁਆਇਲਟ ਤੋਂ ਬਿਨ੍ਹਾਂ ਕਿਤੇ ਹੋਰ ਨਾ ਥੁੱਕਿਆ ਜਾਵੇ।
ਇਸੇ ਤਰ੍ਹਾਂ ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਵਿਲੇਜ ਅਤੇ ਸਮਾਲ ਟਾਊਨ ਕੰਟਰੋਲ ਐਕਟ 1918 ਦੀ ਧਾਰਾ 3 ਸਬ-ਸੈਕਸ਼ਨ 1 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਦਿੱਤਾ ਹੈ ਕਿ ਬਠਿੰਡਾ ਜ਼ਿਲ੍ਹੇ ਅੰਦਰ ਪਿੰਡ, ਰੇਲਵੇ ਟਰੈਕ, ਸੂਏ ਅਤੇ ਨਹਿਰਾਂ ਦੇ ਪੁਲ, ਨਹਿਰਾਂ, ਜਨ-ਨਿਕਾਸ ਦੇ ਨਾਲਿਆਂ ਅਤੇ ਸੂਏ/ਰਜਵਾਹੇ, ਆਇਲ ਪਾਈਪ ਲਾਈਨਜ਼ ਆਦਿ ਨਾਲ ਲਗਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਸਾਰੇ ਬਾਲਗ ਆਦਮੀ ਸਾਰੇ ਪਿੰਡਾਂ, ਰੇਲ ਪਟੜੀਆਂ, ਜਲ ਸਪਲਾਈ ਸਕੀਮਾਂ, ਨਹਿਰਾਂ, ਜਲ ਨਿਕਾਸ ਦੇ ਨਾਲਿਆਂ ਅਤੇ ਸੂਏ ਟੁੱਟਣ ਤੋਂ ਬਚਾਉਣ ਲਈ ਫੁਰਸਿਤ ਅਤੇ ਪੈਰਾ ਰਾਖੀ ਦੀ ਡਿਊਟੀ ਨਿਭਾਉਣਗੇ।
 ਇਹ ਹੁਕਮ 10 ਫਰਵਰੀ 2012 ਤੋਂ 9 ਅਪ੍ਰੈਲ 2012 ਤੱਕ ਲਾਗੂ ਰਹਿਣਗੇ। 

Translate »