ਪਟਿਆਲਾ: 10 ਫਰਵਰੀ : ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ: ਰਾਜਿੰਦਰ ਸਿੰਘ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਡਾ: ਮੰਗਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਕਣਕ ਦੀ ਫਸਲ ਨੂੰ ਪੀਲੀ ਕੂੰਗੀ ਦੇ ਹਮਲੇ ਨੂੰ ਚੈਕ ਕਰਨ ਲਈ ਬਲਾਕ ਪੱਧਰ ਦੀਆਂ ਸਰਵਲੈਂਸ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਬਲਾਕ ਪੱਧਰ ‘ਤੇ ਨਿਰੰਤਰ ਦੌਰੇ ਕਰ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਕਿਸੇ ਵੀ ਬਲਾਕ ਵਿੱਚ ਹੁਣ ਤੱਕ ਪੀਲੀ ਕੂੰਗੀ ਦੀ ਸ਼ਿਕਾਇਤ ਨਹੀਂ ਆਈ ਪ੍ਰੰਤੂ ਫਿਰ ਵੀ ਜੇਕਰ ਕਿਧਰੇ ਕਿਸੇ ਕਿਸਾਨ ਨੂੰ ਇਸ ਸਬੰਧੀ ਸ਼ਕ ਹੋਵੇ ਜਾਂ ਪੀਲੀ ਕੂੰਗੀ ਦੇ ਹਮਲੇ ਦਾ ਪਤਾ ਚੱਲਦਾ ਹੈ ਤਾਂ ਉਹ ਤੁਰੰਤ ਸਬੰਧਤ ਬਲਾਕ ਅਫਸਰ ਨੂੰ ਸੂਚਿਤ ਕਰ ਸਕਦੇ ਹਨ ਤਾਂ ਜੋ ਸਬੰਧਤ ਅਧਿਕਾਰੀਆਂ ਵੱਲੋਂ ਦੌਰੇ ਕਰਕੇ ਜਿੰਮੀਦਾਰਾਂ ਨੂੰ ਦੱਸਿਆ ਜਾ ਸਕੇ ਕਿ ਵਾਕਿਆ ਹੀ ਪੀਲੀ ਕੂੰਗੀ ਹੈ ਜਾਂ ਕੋਈ ਸੂਖਮ ਤੱਤ ਦੀ ਘਾਟ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਨਾਂ ਵਜ੍ਹਾ ਕਣਕ ਦੀ ਫਸਲ ‘ਤੇ ਸਪਰੇ ਨਾ ਕੀਤੀ ਜਾਵੇ ਅਤੇ ਜਿਥੇ ਕਿਤੇ ਪੀਲੀ ਕੂੰਗੀ ਦਾ ਹਮਲਾ ਹੁੰਦਾ ਹੈ ਉਥੇ ਪੱਤਿਆਂ ‘ਤੇ ਪੀਲੇ ਧੱਬੇ ਜਾਂ ਲੰਬੀਆਂ ਧਾਰੀਆਂ ਬਣ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੀ ਰੋਕਥਾਮ ਲਈ ਟਿਲਟ 25 ਈ.ਸੀ., ਸਾਈਨ 25 ਈ.ਸੀ. ਜਾਂ ਫੋਲੀਕਰ 25 ਈ.ਸੀ. 200 ਮਿਲੀ ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਵਧੇਰੇ ਗੰਭੀਰ ਹਾਲਤਾਂ ਵਿੱਚ ਦੂਜਾ ਛਿੜਕਾਓ 15 ਦਿਨਾਂ ਦੇ ਵਕਫੇ ‘ਤੇ ਕੀਤਾ ਜਾ ਸਕਦਾ ਹੈ ।