ਲੁਧਿਆਣਾ: 10 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਸਥਿਤ ਬੇਸਿਕ ਸਾਇੰਸਜ਼ ਕਾਲਜ ਦੀ ਸੰਸਥਾ ‘ਸਾਸਕਾ’ ਵੱਲੋਂ ਕੈਂਸਰ ਕੋਂਸਲ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਕੈਂਸਰ ਰੋਗ ਸੰਬੰਧੀ ਵਿਸ਼ੇਸ਼ ਭਾਸ਼ਣ ਦਿੰਦਿਆਂ ਸਥਾਨਿਕ ਦਇਆਨੰਦ ਹਸਪਤਾਲ ਦੇ ਕੈਂਸਰ ਰੋਗ ਮਾਹਿਰ ਅਤੇ ਕੈਂਸਰ ਕੌਂਸਲ ਆਫ ਇੰਡੀਆ ਦੇ ਕਾਰਜਕਾਰੀ ਚੇਅਰਮੈਨ ਡਾ: ਦਵਿੰਦਰ ਸਿੰਘ ਸੰਧੂ ਨੇ ਕਿਹਾ ਹੈ ਕਿ ਕੈਂਸਰ ਤੋਂ ਮੁਕਤੀ ਲਈ ਜਿਥੇ ਸਾਨੂੰ ਖੁਰਾਕ ਬਾਰੇ ਸੁਚੇਤ ਹੋਣ ਦੀ ਲੋੜ ਹੈ ਉਥੇ ਜੀਵਨ ਵਿਹਾਰ ਵਿੱਚ ਵੀ ਤਬਦੀਲੀ ਲਿਆਉਣੀ ਚਾਹੀਦੀ ਹੈ। ਉਨ•ਾਂ ਆਖਿਆ ਕਿ ਆਮ ਆਦਮੀ ਕੈਂਸਰ ਤੋਂ ਡਰਦਾ ਤਾਂ ਹੈ ਪਰ ਉਸ ਤੋਂ ਮੁਕਤੀ ਲਈ ਸੁਚੇਤ ਯਤਨ ਨਹੀਂ ਕਰਦਾ। ਆਮ ਖੁਰਾਕ ਵਿੱਚ ਫਾਸਟ ਫੂਡ ਦੀ ਥਾਂ ਫ਼ਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ । ਉਨ•ਾਂ ਆਖਿਆ ਕਿ ਨੌਜਵਾਨ ਪੀੜ•ੀ ਨੂੰ ਇਸ ਫਾਸਟ ਫੂਡ ਕਲਚਰ ਤੋਂ ਬਚਣ ਦੀ ਲੋੜ ਹੈ ਕਿਉਂਕਿ ਇਨ•ਾਂ ਵਿੱਚ ਵਰਤੇ ਜਾਂਦੇ ਕਈ ਰਸਾਇਣ ਸਰੀਰ ਵਿੱਚ ਮਾਰੂ ਵਿਕਾਰ ਪੈਦਾ ਕਰਦੇ ਹਨ। ਉਨ•ਾਂ ਆਖਿਆ ਕਿ ਕੈਂਸਰ ਪਹਿਲਾਂ ਬੁਢਾਪੇ ਦੀ ਬੀਮਾਰੀ ਗਿਣੀ ਜਾਂਦੀ ਸੀ ਪਰ ਹੁਣ ਉਮਰ ਦੇ ਕਿਸੇ ਵੀ ਪੜਾਅ ਤੇ ਘੇਰ ਲੈਂਦੀ ਹੈ ਕਿਉਂਕਿ ਸਾਡੀ ਖੁਰਾਕ ਵਧ ਚਰਬੀ ਵਾਲੀ ਬਣ ਗਈ ਹੈ। ਮੋਟਾਪਾ ਵਧਣ ਅਤੇ ਕਸਰਤ ਨਾ ਕਰਨ ਦੇ ਨਾਲ ਨਾਲ ਵਾਤਾਵਰਣ ਵਿੱਚ ਪ੍ਰਦੂਸ਼ਣ ਵੀ ਸਾਡੇ ਲਈ ਘਾਤਕ ਬਣ ਰਿਹਾ ਹੈ। ਡਾ: ਸੰਧੂ ਨੇ ਆਖਿਆ ਕਿ ਕੈਂਸਰ ਦੀ ਰੋਕਥਾਮ ਲਈ ਪਿਆਜ਼, ਲਸਣ, ਮੂਲੀ, ਟਮਾਟਰ, ਬੰਦ ਗੋਭੀ, ਸੋਇਆ ਖੁਰਾਕ, ਹਰੇ ਪੱਤੇ ਵਾਲੀਆਂ ਸਬਜ਼ੀਆਂ, ਆਲੂ ਅਤ ਸੇਬ ਕਾਫੀ ਲਾਭਕਾਰੀ ਹਨ। ਉਨ•ਾਂ ਆਖਿਆ ਕਿ ਇਸ ਵੇਲੇ ਸਿਰਫ ਕੈਂਸਰ ਰੋਗ ਤੋਂ ਡਰਨ ਦੀ ਲੋੜ ਨਹੀਂ ਸਗੋਂ ਇਸ ਬਾਰੇ ਚੇਤਨ ਲੋਕ ਲਹਿਰ ਉਸਾਰਨ ਦੀ ਲੋੜ ਹੈ ਤਾਂ ਜੋ ਇਸ ਰੋਗ ਨੂੰ ਹੋਣ ਤੋਂ ਰੋਕਿਆ ਜਾ ਸਕੇ।
ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੈਂਸਰ ਰੋਗ ਤੋਂ ਮੁਕਤੀ ਲਈ ਵਿਦਿਆਰਥੀਆਂ ਨੂੰ ਸੁਚੇਤ ਕਰਨ ਦੇ ਨਾਲ ਨਾਲ ਇਨ•ਾਂ ਨੂੰ ਕੈਂਸਰ ਮੁਕਤੀ ਲਹਿਰ ਦਾ ਹਿੱਸਾ ਬਣਾਇਆ ਜਾਵੇਗਾ। ਯੂਨੀਵਰਸਿਟੀ ਦੇ ਐਨ ਐਸ ਐਸ ਵਾਲੰਟੀਅਰ ਤੋਂ ਇਲਾਵਾ ਕਿਸਾਨਾਂ ਤੀਕ ਇਹ ਗਿਆਨ ਪਹੁੰਚਾਉਣ ਲਈ ਕੈਂਸਰ ਰੇਗ ਮਾਹਿਰਾਂ ਪਾਸੋਂ ਵਿਸ਼ੇਸ ਭਾਸ਼ਣ ਵੀ ਕਰਵਾਏ ਜਾਣਗੇ ਕਿਉਂਕਿ ਇਹ ਸਮਾਜਿਕ ਜਿੰਮੇਂਵਾਰੀ ਵਾਲਾ ਕਾਰਜ ਹੈ। ਸਾਸਕਾ ਦੇ ਸਕੱਤਰ ਡਾ: ਮਾਨ ਸਿੰਘ ਤੂਰ ਨੇ ਕੈਂਸਰ ਵਿਰੋਧੀ ਮੁਹਿੰਮ ਨੂੰ ਪੱਕੇ ਪੈਰੀਂ ਕਰਨ ਲਈ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਸਿਰਫ ਬੇਸਿਕ ਸਾਇੰਸਜ਼ ਕਾਲਜ ਵਿੱਚ ਹੀ ਨਹੀਂ ਸਗੋਂ ਬਾਕੀ ਕਾਲਜਾਂ ਵਿੱਚ ਵੀ ਇਸ ਰੋਗ ਤੋਂ ਬਚਣ ਲਈ ਜਿੰਮੇਂਵਾਰ ਖੁਰਾਕ ਪ੍ਰਬੰਧ ਅਤੇ ਜੀਵਨ ਵਿਹਾਰ ਤਬਦੀਲੀ ਬਾਰੇ ਵੀ ਵਿਚਾਰ ਚਰਚਾ ਕਰਵਾਉਣਗੇ ਤਾਂ ਜੋ ਇਸ ਤੋਂ ਮੁਕਤੀ ਮਿਲ ਸਕੇ। ਇਸ ਮੌਕੇ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਅਰਥ ਸਾਸ਼ਤਰ ਵਿਭਾਗ ਦੇ ਸਾਬਕਾ ਮੁਖੀ ਡਾ: ਅਮਰਦੀਪ ਸਿੰਘ ਜੋਸ਼ੀ ਵੀ ਹਾਜ਼ਰ ਸਨ।