ਅੰਮ੍ਰਿਤਸਰ, 11 ਫਰਵਰੀ : ਲਿੰਗ ਨਿਰਧਾਰਨ ਟੈਸਟ ਕਰਨ ‘ਤੇ ਸਿੰਗਮਾ ਡਾਇਗਨੋਸਟਿਕ ਸੈਂਟਰ ਦੀ ਅਲਟਰਾਸਾਉਂਡ ਮਸ਼ੀਨ ਨੂੰ ਸਿਹਤ ਵਿਭਾਗ ਵੱਲੋਂ ਸੀਲ ਕਰਕੇ ਇਸ ਸੈਂਟਰ ਦੀ ਰਜਿਸਟਰੇਸ਼ਨ ਰੱਦ ਕਰਨ ਲਈ ਸੈਂਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਅੱਜ ਆਪਣੇ ਦਫਤਰ ਵਿੱਚ ਬੁਲਾਈ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ. ਮਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਬੀਤੀ 27 ਜਨਵਰੀ ਨੂੰ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਤੋਂ ਇਹ ਸੂਚਨਾਂ ਮਿਲੀ ਸੀ ਕਿ ਉਹਨਾਂ ਦੇ ਹਸਪਤਾਲ ਵਿੱਚ ਇੱਕ ਔਰਤ ਇਲਾਜ ਲਈ ਆਈ ਹੈ ਜਿਸਦਾ ਕਿ ਗਰਭਪਾਤ ਕੀਤਾ ਗਿਆ ਹੈ, ਜਿਸਤੇ ਫੌਰਨ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਔਰਤ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਔਰਤ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਉਹ ਗਰਭਪਾਤ ਕਰਨ ਵਾਲੀਆਂ ਦੋ ਦਾਈਆਂ ਅਤੇ ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਸੈਂਟਰ ਤੱਕ ਪਹੁੰਚ ਸਕੇ। ਡਾ. ਰੰਧਾਵਾ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਕੁੱਝ ਦਲਾਲ ਅਤੇ ਦਾਈਆਂ ਅਲਟਰਾਸਾਉਂਡ ਸਕੈਨਿੰਗ ਕੇਂਦਰਾਂ ਨਾਲ ਜੁੜੇ ਹੋਏ ਹਨ ਜੋ ਕਿ ਉਥੇ ਗਰਭਪਾਤ ਕਰਵਾਉਣ ਲਈ ਔਰਤਾਂ ਨੂੰ ਲੈ ਕੇ ਜਾਂਦੇ ਹਨ।
ਉਹਨਾਂ ਦੱਸਿਆ ਕਿ ਪਰਮਜੀਤ ਕੌਰ ਨਾਂ ਦੀ ਔਰਤ ਜਿਸਦੀ ਉਮਰ ਕਰੀਬ 28 ਵਰਿ•ਆਂ ਦੀ ਹੈ ਅਤੇ ਉਸਦੇ ਪਹਿਲਾਂ ਵੀ ਇੱਕ ਲੜਕੀ ਸੀ ਅਤੇ ਜਦੋਂ ਉਸਦੇ ਦੂਸਰੀ ਵਾਰ ਉਸਨੇ ਗਰਭ ਧਾਰਨ ਕੀਤਾ ਤਾਂ ਉਸਨੇ ਇੱਕ ਦਾਈ ਦਾਈ ਦੀ ਮਦਦ ਨਾਲ ਪਹਿਲਾਂ ਅੰਮ੍ਰਿਤਸਰ ਦੇ ਸਿੰਗਮਾਂ ਡਾਇਗਨੋਸਟਿਕ ਸੈਂਟਰ ਤੋਂ ਆਪਣਾ ਲਿੰਗ ਨਿਰਧਾਰਨ ਟੈਸਟ ਕਰਵਾਇਆ ਅਤੇ ਫਿਰ ਦਾਈ ਨੇ ਉਸਦਾ ਆਪਣੇ ਘਰ ਵਿੱਚ ਹੀ ਗਰਭਪਾਤ ਕਰ ਦਿੱਤਾ। ਸਿਵਲ ਸਰਜਨ ਨੇ ਦੱਸਿਆ ਕਿ ਗਰਭਪਾਤ ਕਰਨ ਵਾਲੀਆਂ ਦੋਵੇਂ ਦਾਈਆਂ ਖਿਲਾਫ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਾ ਕੇ ਉਹਨਾਂ ਖਿਲਾਫ ਅਪਰਾਦਿਕ ਮਾਮਲਾ ਦਰਜ਼ ਕਰਵਾ ਦਿੱਤਾ ਗਿਆ ਹੈ ਜਦਕਿ ਸਿੰਗਮਾਂ ਡਾਇਗਨੋਸਟਿਕ ਸੈਂਟਰ ਦੀ ਅਲਟਰਾਸਾਉਂਡ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ ਹੈ। ਡਾ. ਰੰਧਾਵਾ ਨੇ ਦੱਸਿਆ ਕਿ ਕੱਲ ਪੀ. ਐਨ. ਡੀ. ਟੀ. ਐਕਟ ਸਬੰਧੀ ਹੋਈ ਇੱੱਕ ਮੀਟਿੰਗ ਵਿੱਚ ਕਮੇਟੀ ਮੈਂਬਰਾਂ ਨੇ ਇਹ ਫੈਸਲਾ ਲਿਆ ਹੈ ਕਿ ਸਿੰਗਮਾਂ ਡਾਇਗਨੋਸਟਿਕ ਸੈਂਟਰ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ ਜਿਸ ਲਈ ਇਸ ਸੈਂਟਰ ਨੂੰ ਮਾਨਤਾ ਰੱਦ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਸਿਵਲ ਸਰਜਨ ਡਾ. ਮਨਜੀਤ ਸਿੰਘ ਰੰਧਾਵਾ ਨੇ ਅੱਗੇ ਦੱਸਿਆ ਸਿਹਤ ਵਿਭਾਗ ਵੱਲੋਂ ਇਸ ਕੇਸ ਦੀ ਅਜੇ ਹੋਰ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਇਸ ਗੈਰ-ਮਨੁੱਖੀ ਕਾਰੇ ਤੋਂ ਕਈ ਪਰਦੇ ਉਠਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਜਾਂਚ ਤੋਂ ਬਾਅਦ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਿਹਤ ਵਿਭਾਗ ਵੱਲੋਂ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਾਵੇਗਾ ਅਤੇ ਕੇਸ ਦੀ ਪੈਰਵੀ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ।
ਸਿਵਲ ਸਰਜਨ ਡਾ. ਰੰਧਾਵਾ ਨੇ ਕਿਹਾ ਹੈ ਕਿ ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਕਿਸੇ ਵੀ ਸੈਂਟਰ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਸਿਹਤ ਵਿਭਾਗ ਵੱਲੋਂ ਅਜਿਹੇ ਜੁਰਮ ਨੂੰ ਰੋਕਣ ਲਈ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸ ਮੌਕੇ ਡਾ. ਰਣਜੀਤ ਸਿੰਘ ਬੁੱਟਰ, ਡਾ. ਚਰਨਜੀਤ ਸਿੰਘ ਅਤੇ ਡਾ. ਰਸ਼ਮੀ ਵਿੱਜ ਵੱਲੋਂ ਵੀ ਇਸ ਕੇਸ ਨਾਲ ਜੁੜੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ।