February 11, 2012 admin

ਬਾਦਲ ਵੱਲੋਂ ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਨਾਂਦੇੜ ਦਰਮਿਆਨ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਮੁਲਾਕਾਤ

ਕੇਂਦਰੀ ਮੰਤਰੀ ਵੱਲੋਂ ਮੁੱਖ ਮੰਤਰੀ ਨੂੰ ਮੁਹਾਲੀ ਤੋਂ ਕੌਮਾਂਤਰੀ ਉਡਾਣਾਂ ਅਤੇ ਬਠਿੰਡਾ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦਾ ਭਰੋਸਾ
ਚੰਡੀਗੜ੍ਹ, 11 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਅਜੀਤ ਸਿੰਘ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਨਾਂਦੇੜ (ਮਹਾਰਾਸ਼ਟਰ) ਨੂੰ ਤੁਰੰਤ ਸਿੱਧੀਆਂ ਘਰੇਲੂ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ।
   ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਅੱਜ ਨਵੀਂ ਦਿੱਲੀ ਵਿਖੇ ਕਪੂਰਥਲਾ ਹਾਊਸ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਇਕ ਮੀਟਿੰਗ ਦੌਰਾਨ ਉਕਤ ਮੰਗ ਉਠਾਈ। ਇਕ ਵੱਖਰੇ ਮਾਮਲੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਜ਼ੋਰ ਦੇ ਕੇ ਆਖਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਬਣ ਰਹੇ ਕੌਮਾਂਤਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਉਡਾਣਾਂ ਸ਼ੁਰੂ ਹੋਣ ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਆਉਣ ਲਈ ਬਿਹਤਰ ਹਵਾਈ ਸੇਵਾ ਮੁਹੱਈਆ ਹੋਵੇਗੀ।
   ਮੁੱਖ ਮੰਤਰੀ ਨੇ ਸ੍ਰੀ ਅਜੀਤ ਸਿੰਘ ਨੂੰ ਦੱਸਿਆ ਕਿ ਭਿਸੀਆਣਾ (ਬਠਿੰਡਾ) ਦਾ ਹਵਾਈ ਅੱਡਾ ਵੀ ਤਿਆਰ ਹੈ ਜਿਸ ਕਰਕੇ ਮੰਤਰਾਲੇ ਨੂੰ ਇੱਥੋਂ ਹਵਾਈ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ 19000 ਕਰੋੜ ਦੀ ਲਾਗਤ ਨਾਲ ਬਣੇ ਗੁਰੂ ਗੋਬਿੰਦ ਸਿੰਘ ਤੇਲ ਸੋਧ ਕਾਰਖਾਨੇ ਦੀ ਕੰਮ ਸ਼ੁਰੂ ਹੋਣ ਕਰਕੇ ਬਠਿੰਡਾ ਪੈਟਰੋਕੈਮੀਕਲ ਹੱਬ ਵਜੋਂ ਉੱਭਰ ਰਿਹਾ ਹੈ।
   ਸ. ਬਾਦਲ ਵੱਲੋਂ ਉਠਾਏ ਵੱਖ ਵੱਖ ਮੁੱਦਿਆਂ ਪ੍ਰਤੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਸਾਕਾਰਤਮਕ ਹੁੰਗਾਰਾ ਭਰਦਿਆਂ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੀ ਪ੍ਰਕ੍ਰਿਆ ਤੇਜ਼ ਕਰਨ ਲਈ ਛੇਤੀ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਉਚ ਅਧਿਕਾਰੀਆਂ ਦੀ ਇਕ ਮੀਟਿੰਗ ਸੱਦਣਗੇ।
   ਸ. ਬਾਦਲ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਰੈਜੀਡੈਂਟ ਕਮਿਸ਼ਨਰ ਪੰਜਾਬ ਭਵਨ, ਨਵੀਂ ਦਿੱਲੀ ਸ੍ਰੀ ਕੇ. ਸ਼ਿਵਾ ਪ੍ਰਸਾਦ ਹਾਜ਼ਰ ਸਨ।

Translate »