ਅੰਮ੍ਰਿਤਸਰ, 11 ਫਰਵਰੀ, 2012 : ਸਥਾਨਕ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ਅੱਜ ਸੂਬੇ ਭਰ ਦੇ 100 ਤੋਂ ਜਿਆਦਾ ਬੀ.ਐੱਡ. ਦੇ ਵਿਦਿਆਰਥੀਆਂ ਨੇ ਅੱਜ ‘ਸਕਿਲ ਇਨ ਟੀਚਿੰਗ’ ਅਤੇ ‘ਫਾਈਨ ਆਰਟ’ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਨ੍ਹਾਂ ਮੁਕਾਬਿਲਆਂ ਵਿਚ ਮੋਹਨਲਾਲ ਮੈਮੋਰੀਅਲ ਕਾਲਜ ਆਫ ਐਜ਼ੂਕੇਸ਼ਨ, ਮੂਧਲ ਨੇ ‘ਸਕਿਲ ਇਨ ਟੀਚਿੰਗ’ ਵਿੱਚ ਓਵਰਆਲ ਟਰਾਫੀ ਜਿੱਤੀ ਅਤੇ ਗੁਰੂ ਨਾਨਕ ਕਾਲਜ ਆਫ ਐਜ਼ੂਕੇਸ਼ਨ, ਕਪੂਰਥਲਾ ਨੇ ‘ਫਾਈਨ ਆਰਟ’ ਵਿੱਚ ਟਰਾਫੀ ਆਪਣੇ ਨਾਮ ਕੀਤੀ।
ਕਾਲਜ ਦੇ ਪ੍ਰਿੰਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇੰਨ੍ਹਾਂ ਮੁਕਾਬਲਿਆਂ ਦਾ ਮੰਤਵ ਬੀ.ਐੱਡ ਦੇ ਵਿਦਿਆਰਥੀਆਂ ਵਿੱਚ ਕਲਾ ਨੂੰ ਪਛਾਨਣ ਅਤੇ ਉਨ੍ਹਾਂ ਨੂੰ ਨਵੀਆਂ ਵਿਦਿਆ ਪ੍ਰਸਾਰ ਦੀਆਂ ਤਕਨੀਕਾਂ ਤੋਂ ਨਾ ਸਿਰਫ ਜਾਣੂੰ ਕਰਾਉਣਾ, ਸਗੋਂ ਉਨ੍ਹਾਂ ਵਿੱਚ ਇਨ੍ਹਾਂ ਪ੍ਰਤੀ ਮੁਹਾਰਤ ਨੂੰ ਪਰਖਣਾ ਵੀ ਸੀ। ਉਨ੍ਹਾਂ ਕਿਹਾ ਕਿ ਵਿਦਿਆ ਪ੍ਰਸਾਰ, ਨਵੀਨ ਅਧਿਆਪਨ ਦੀ ਕਲਾ ਅਤੇ ਪ੍ਰਚਾਲਣ ਕਲਾ ਆਦਿ ਦੀ ਪਹਿਚਾਣ ਕਰਾਉਣਾ ਵੀ ਅੱਜ ਦੇ ਮੁਕਾਬਲਿਆਂ ਦਾ ਮਕਸਦ ਸੀ।
ਉਮੀਦਵਾਰਾਂ ਨੇ ‘ਪੋਸਟਰ ਮੇਕਿੰਗ’ ਵਿੱਚ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਰੁਝਾਨ, ਭ੍ਰਿਸ਼ਟਾਚਾਰ, ਭਰੂਣ ਹੱਤਿਆ ਅਤੇ ਚੋਣਾਂ ਵਿੱਚ ਗਲਤ ਧਾਰਨਾਵਾਂ ਦਾ ਪ੍ਰਸਾਰ ਆਦਿ ਵਿਸ਼ਿਆਂ ਉਪਰ ਪੋਸਟਰ ਬਣਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ। ਵੱਖ-ਵੱਖ ਮੁਕਾਬਲੇ ਜਿੰਨ੍ਹਾਂ ਵਿੱਚ ਭਾਸ਼ਾਵਾਂ, ਸਾਇੰਸ, ਫਿਜ਼ੀਕਲ ਸਾਇੰਸ, ਸੋਸ਼ਲ ਸਾਇੰਸ ਵਿੱਚ ਵੀ ਵਿਦਿਆਰਥੀਆਂ ਨੇ ਖੂਬ ਮਿਹਨਤ ਵਿਖਾਈ ਅਤੇ ਜੱਜਾਂ ਨੂੰ ਨਤੀਜੇ ਐਲਾਨਣ ਵਿੱਚ ਮੁਸ਼ਕਲ ‘ਚ ਪਾਇਆ।
ਮੌਕੇ ‘ਤੇ ਮੌਜੂਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਦੇ ਡੀਨ, ਡਾ. ਐਮਐਸ ਹੁੰਦਲ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਨ੍ਹਾਂ ਕਿਹਾ ਕਿ ਇਹੋ ਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਪ੍ਰਤੀਯੋਗਤਾ ਅਤੇ ਕੁਸ਼ਲਤਾ ਨੂੰ ਉਜਾਗਰ ਕਰਨ ਵਿੱਚ ਸਹਾਈ ਹੁੰਦੇ ਹਨ।
ਸਾਇੰਸ ਵਰਗ ਵਿੱਚ ਸਿਧਾਨਾ ਕਾਲਜ ਆਫ ਐਜ਼ੂਕੇਸ਼ਨ ਦੇ ਹਰਬਿੰਦ ਸਿੰਘ ਨੇ ਪਹਿਲਾ, ਡੀਏਵੀ ਕਾਲਜ ਆਫ ਐਜ਼ੂਕੇਸ਼ਨ, ਅੰਮ੍ਰਿਤਸਰ ਦੀ ਰਮਨਜੀਤ ਕੌਰ ਨੇ ਦੂਜਾ ਅਤੇ ਗੁਰੂ ਨਾਨਕ ਕਾਲਜ ਆਫ ਐਜ਼ੂਕੇਸ਼ਨ, ਕਪੂਰਥਲਾ ਦੀ ਨੇਹਾ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਦੀ ਰਜਨੀ ਨੇ ਵਿਅਕਤੀਗਤ ਵਰਗ ‘ਚ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਸੋਸ਼ਲ ਸਾਇੰਸ ਵਰਗ ਵਿੱਚ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਦੀ ਸ਼ੈਲੀ ਅਤੇ ਮੋਹਨ ਲਾਲ ਮੈਮੋਰੀਅਲ ਕਾਲਜ ਆਫ ਐਜ਼ੂਕੇਸ਼ਨ ਦੀ ਰੂਹੀ ਬਰੈਕਟਡ ਪਹਿਲਾ ਸਥਾਨ, ਡੀਏਵੀ ਦੀ ਮਨੂ ਨੂੰ ਦੂਜਾ ਅਤੇ ਗੁਰੂ ਨਾਨਕ ਕਾਲਜ ਆਫ ਐਜ਼ੂਕੇਸ਼ਨ ਦੇ ਸੁਨੀਤ ਨੂੰ ਤੀਜਾ ਸਥਾਨ ਹਾਸਲ ਹੋਇਆ।