February 11, 2012 admin

ਅੰਮ੍ਰਿਤਸਰ ਤੇ ਨਾਂਦੇੜ ਦਰਮਿਆਨ ਇਕ ਹੋਰ ਰੇਲ ਗੱਡੀ ਚਲਾਈ ਜਾਵੇ

ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਅਪੀਲ
ਚੰਡੀਗੜ੍ਹ, 11 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਜਾ ਰਹੀਆਂ ਸੰਗਤਾਂ ਦੀ ਸੁਵਿਧਾ ਵਾਸਤੇ ਅੰਮ੍ਰਿਤਸਰ ਤੇ ਨਾਂਦੇੜ ਦਰਮਿਆਨ ਰੋਜ਼ਾਨਾ ਲਈ ਇਕ ਹੋਰ ਰੇਲ ਗੱਡੀ ਸ਼ੁਰੂ ਕਰਨ ਬਾਰੇ ਰੇਲਵੇ ਮੰਤਰਾਲੇ ਨੂੰ ਨਿਰਦੇਸ਼ ਦਿੱਤੇ ਜਾਣ।
ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਸ. ਬਾਦਲ ਨੇ ਕਿਹਾ ਕਿ ਵਿਸ਼ਵ ਵਿੱਚ ਅੰਮ੍ਰਿਤਸਰ ਤੋਂ ਬਾਅਦ ਨਾਂਦੇੜ (ਮਹਾਰਾਸ਼ਟਰ) ਵਿਖੇ ਸਥਿਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਿੱਖਾਂ ਦਾ ਪਵਿੱਤਰ ਸਥਾਨ ਹੈ ਪਰ ਮੌਜੂਦਾ ਸਮੇਂ ਅੰਮ੍ਰਿਤਸਰ ਤੇ ਨਾਂਦੇੜ ਦਰਮਿਆਨ ਰੋਜ਼ਾਨਾ ਇਕ ਹੀ ਰੇਲਗੱਡੀ ‘ਸੱਚਖੰਡ ਐਕਸਪ੍ਰੈਸ’ ਹੀ ਚੱਲਦੀ ਹੈ ਜਿਸ ਨਾਲ ਪੰਜਾਬ ਤੋਂ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਹਾਲ ਹੀ ਨਾਂਦੇੜ ਫੇਰੀ ਮੌਕੇ ਵੱਡੀ ਗਿਣਤੀ ਵਿੱਚ ਡੈਲੀਗੇਟਾਂ ਅਤੇ ਨਾਮਵਰ ਸਿੱਖਾਂ ਨੇ ਉਨ੍ਹਾਂ ਅੱਗੇ ਪੰਜਾਬ ਤੇ ਨਾਂਦੇੜ ਵਿਚਕਾਰ ਬਿਹਤਰ ਰੇਲ ਸੇਵਾ ਦੀ ਘਾਟ ਹੋਣ ‘ਤੇ ਰੋਸ ਜ਼ਾਹਿਰ ਕੀਤਾ ਸੀ। ਇਸ ਲਈ ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਤੇ ਨਾਂਦੇੜ ਦਰਮਿਆਨ ਇਕ ਹੋਰ ਰੇਲ ਗੱਡੀ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਤੋਂ ਸ਼ਰਧਾਲੂ ਬਗੈਰ ਕਿਸੇ ਔਕੜਾਂ ਤੋਂ ਸੱਚਖੰਡ ਸ੍ਰੀ ਹਜ਼ਰ ਸਾਹਿਬ ਦੇ ਦਰਸ਼ਨ ਕਰ ਸਕਣ।

Translate »