ਪਟਿਆਲਾ: 11 ਫਰਵਰੀ : ਕਲ੍ਹਾ, ਸਭਿਆਚਾਰ, ਸਿੱਖਿਆ ਤੇ ਸ਼ਾਸਤਰੀ ਸੰਗੀਤ ਦਾ ਗੜ੍ਹ ਮੰਨੇ ਜਾਂਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਸਰੋਤਿਆਂ ਲਈ ਆਕਾਸ਼ਵਾਣੀ ਪਟਿਆਲਾ ਵੱਲੋਂ ਕਰਵਾਈ ਗਈ ਪਹਿਲੀ ਸ਼ਾਸਤਰੀ ਸੰਗੀਤ ਸਭਾ ਸਰੋਤਿਆਂ ਲਈ ਯਾਦਗਾਰ ਬਣ ਗਈ ਇਹਨਾਂ ਕਲਾਕਾਰਾਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮਾਂ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਆਕਾਸ਼ਵਾਣੀ ਵੱਲੋਂ ਨਗਰ ਨਿਗਮ ਦੇ ਸਾਹਿਰ ਲੁਧਿਆਣਵੀ ਆਡੀਟੋਰੀਅਮ ਵਿਖੇ ਕਰਵਾਈ ਗਈ ਸ਼ਾਸਤਰੀ ਸੰਗੀਤ ਸਭਾ ਵਿੱਚ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ‘ਤੇ ਪ੍ਰਸਿਧੀ ਪ੍ਰਾਪਤ ਕਲਾਕਾਰਾਂ ਨੇ ਆਪਣੀ ਕਲਾ ਦੇ ਜ਼ੋਹਰ ਵਿਖਾਏ । ਇਸ ਸ਼ਾਸਤਰੀ ਸੰਗੀਤ ਸਭਾ ਵਿੱਚ ਬੰਸਰੀ ਵਾਦਕ ਸ਼੍ਰੀ ਅਜੈ ਪ੍ਰਸੰਨਾ, ਧਰੁਪਦ ਗਾਇਕ ਸ਼੍ਰੀ ਨਿਰਮੱਲਿਆ ਡੇ, ਤਬਲਾ ਵਾਦਕ ਜਨਾਬ ਅਮਜਦ ਖਾਨ ਤੇ ਪਖਾਵਜ਼ ਵਾਦਕ ਸ਼੍ਰੀ ਮੋਹਨ ਸ਼ਿਆਮ ਸ਼ਰਮਾ ਨੇ ਸੰਗੀਤ ਪ੍ਰੇਮੀਆਂ ਦਾ ਦਿੱਲ ਜਿੱਤ ਲਿਆ।
ਸਮਾਗਮ ਦਾ ਆਗਾਜ਼ ਧਰੁਪਦ ਗਾਇਕ ਸ਼੍ਰੀ ਨਿਰਮੱਲਿਆ ਡੇ ਨੇ ਕੀਤਾ ਜਿਨ੍ਹਾਂ ਨੇ ਰਾਮ ਭੀਮ ਪਲਾਸੀ ‘ਚ ਅਲਾਪ ਤੇ ਫਿਰ ਚੌਤਾਲ ਵਿੱਚ ਨਿਬਧ ਧਰੁਪਦ ਦੇ ਪਦ ‘ ਕੁੰਚਨ ਮੇ ਰਚਿਓ ਰਾਸ ‘ ਪੇਸ਼ ਕੀਤੇ। ਇਸ ਤੋਂ ਬਾਅਦ ਉਨ੍ਹਾਂ ਰਾਗ ਹਿੰਡੋਲ ਬਸੰਤ ਵਿੱਚ ਅਲਾਪ ਤੇ ਚੌਤਾਲ ‘ਚ ਨਿਬਧ ਧਰੁਪਦ ਗਾਇਕੀ ਪੇਸ਼ ਕੀਤੀ । ਉਨ੍ਹਾਂ ਨਾਲ ਨਾਮਵਰ ਪਖਾਵਜ਼ ਵਾਦਕ ਸ਼੍ਰੀ ਮੋਹਨ ਸ਼ਿਆਮ ਸ਼ਰਮਾ ਨੇ ਸੰਗਤ ਕੀਤੀ ਜਿਸ ਨੂੰ ਸਰੋਤਿਆਂ ਨੂੰ ਬਹੁਤ ਜਿਆਦਾ ਪਸੰਦ ਕੀਤਾ ਗਿਆ । ਇਸ ਤੋਂ ਬਾਅਦ ਪ੍ਰਸਿੱਧ ਬੰਸਰੀ ਵਾਦਕ ਸ਼੍ਰੀ ਅਜੈ ਪ੍ਰਸੰਨਾਂ ਨੇ ਰਾਗ ਮਧੂਵੰਤੀ ਤੇ ਪਹਾੜੀ ਧੁਨ ਦੀ ਕਮਾਲ ਦੀ ਪੇਸ਼ਕਾਰੀ ਕੀਤੀ । ਉਨ੍ਹਾਂ ਨਾਲ ਪ੍ਰਸਿੱਧ ਤਬਲਾ ਵਾਦਕ ਜਨਾਬ ਅਮਜ਼ਦ ਖਾਨ ਨੇ ਸੰਗਤ ਕੀਤੀ। ਦੋਵਾਂ ਪ੍ਰਸਿੱਧ ਕਲਾਕਾਰਾਂ ਨਾਲ ਤਾਨਪੁਰੇ ‘ਤੇ ਦਿਲਬਾਗ ਸਿੰਘ, ਅਮਨਦੀਪ ਕੌਰ ਤੇ ਅਮਨ ਲਤਾ ਨੇ ਸੰਗਤ ਕੀਤੀ।
ਇਸ ਤੋਂ ਪਹਿਲਾਂ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਮੁਖੀ ਸ਼੍ਰੀ ਅਮਰਜੀਤ ਸਿੰਘ ਵੜੈਚ ਨੇ ਇਸ ਸਭਾ ਦਾ ਆਯੋਜਨ ਆਕਾਸ਼ਵਾਣੀ ਪਟਿਆਲਾ ਨੂੰ ਦੇਣ ਲਈ ਪ੍ਰਸਾਰ ਭਾਰਤੀ ਤੇ ਅਕਾਸ਼ਵਾਣੀ ਦੇ ਡਾਇਰੈਕਟੋਰੇਟ ਦਾ ਧੰਨਵਾਦ ਕੀਤਾ । ਉਹਨਾਂ ਦਿੱਲੀ ਤੋਂ ਆਏ ਸਾਰੇ ਕਲਾਕਾਰਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ । ਉਨ੍ਹਾਂ ਆਕਾਸ਼ਵਾਣੀ ਪਟਿਆਲਾ ਵੱਲੋਂ ਸ਼ਾਸਤਰੀ ਸੰਗੀਤ ਦੇ ਪ੍ਰਚਾਰ ਤੇ ਪਸਾਰ ਲਈ ਪਾਏ ਗਏ ਯੋਗਦਾਨ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ । ਇਸ ਸਭਾ ਦਾ ਮੰਚ ਸੰਚਾਲਨ ਆਕਾਸ਼ਵਾਣੀ ਪਟਿਆਲਾ ਦੇ ਸੀਨੀਅਰ ਅਨਾਊਂਸਰ ਸ਼੍ਰੀ ਪਰਮਜੀਤ ਸਿੰਘ ਪਰਵਾਨਾਂ ਅਤੇ ਦੂਰਦਰਸ਼ਨ ਦੀ ਨਿਊਜ ਰੀਡਰ ਰਮਨਜੀਤ ਕੌਰ ਨੇ ਸਾਂਝੇ ਤੌਰ ‘ਤੇ ਕੀਤਾ । ਇਸ ਮੌਕੇ ਪਟਿਆਲਾ ਦੀਆਂ ਨਾਮਵਰ ਸ਼ਖਸ਼ੀਅਤਾਂ ਤੋਂ ਇਲਾਵਾ ਸੰਗੀਤ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ਼ਾਸਤਰੀ ਸੰਗੀਤ ਸਭਾ ਦਾ ਆਨੰਦ ਮਾਣਿਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਡਾਕਟਰ ਅਤੇ ਪ੍ਰੋਫੈਸਰ ਵੀ ਹਾਜ਼ਰ ਸਨ। ਸ਼ਾਸਤਰੀ ਸੰਗੀਤ ਦੀ ਇਹ ਵਿਸ਼ੇਸ਼ ਸ਼ਾਮ ਪਟਿਆਲਵੀਆਂ ਲਈ ਚਿਰਾਂ ਤੱਕ ਯਾਦ ਰਹੇਗੀ ।