ਅੰਮ੍ਰਿਤਸਰ, 13 ਫਰਵਰੀ : ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਆਰ. ਪੀ. ਮਿੱਤਲ ਦੀ ਅਗਵਾਈ ਹੇਠ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ੂਰੁ ਕੀਤੀ ਮੁਹਿੰਮ ਨੂੰ ਅੱਜ ਉਸ ਸਮੇਂ ਇੱਕ ਹੋਰ ਵੱਡੀ ਸਫਲਤਾ ਮਿਲੀ ਜਦੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰ ਲਿਆ।
ਅੱਜ ਆਪਣੇ ਦਫਤਰ ਵਿੱਚ ਫੜੇ ਗਏ ਗਿਰੋਹਾਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਆਰ. ਪੀ. ਮਿੱਤਲ ਨੇ ਦੱਸਿਆ ਕਿ ਬੀਤੇ ਦਿਨ ਥਾਣਾ ਸਿਵਲ ਲਾਈਨ ਦੀ ਪੁਲਿਸ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੁਖਬਰ ਦੀ ਇਤਲਾਹ ‘ਤੇ ਸੁਖਬੀਰ ਸਿੰਘ ਉਰਫ ਨਵੀ ਵਾਸੀ ਪਿੰਡ ਭਸਵਾਨਾਂ ਜ਼ਿਲ•ਾ ਬਠਿੰਡਾ, ਨਰਿੰਦਰ ਸਿੰਘ ਉਰਫ ਨਿੰਦੀ ਵਾਸੀ ਪਿੰਡ ਧੋਲਕਾ ਜ਼ਿਲ•ਾ ਅੰਮ੍ਰਿਤਸਰ ਅਤੇ ਇਹਨਾਂ ਦੀ ਇੱਕ ਮਹਿਲਾ ਸਾਥਣ ਸੀਮਾਂ ਉਰਫ ਬਿੱਲੀ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਇਸ ਗਿਰੋਹ ਦੇ ਕਬਜੇ ਚੋਂ 3 ਪਿਸਤੌਲ ਅਤੇ ਚਾਰ ਜ਼ਿੰਦਾ ਰੌਂਦ ਅਤੇ 200 ਗ੍ਰਾਂਮ ਅਫੀਮ ਬਰਾਮਦ ਕੀਤੀ ਹੈ। ਉਹਨਾਂ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਇਹਨਾਂ ਦੋਸ਼ੀਆਂ ਨੇ ਮੰਨਿਆ ਹੈ ਕਿ ਇਸ ਗਿਰੋਹ ਦਾ ਸਰਗਨਾ ਰਮੇਸ਼ ਕੁਮਾਰ ਉਰਫ ਢੈਨੀ ਜੋ ਕਿ ਕੇਂਦਰੀ ਜੇਲ ਵਿਚ ਸਜ਼ਾ ਭੁਗਤ ਰਿਹਾ ਹੈ ਅਤੇ ਉਹ ਉਥੇ ਬੈਠ ਕੇ ਆਪਣਾ ਸਾਰਾ ਨੈਟਵਰਕ ਚਲਾ ਰਿਹਾ ਹੈ। ਦੋਸ਼ੀਆਂ ਇਹ ਵੀ ਇਕਬਾਲ ਕੀਤਾ ਹੈ ਕਿ ਉਹ ਹਥਿਆਰ ਅਤੇ ਅਫੀਮ ਰਾਜਸਥਾਨ ਚੋਂ ਲਿਆਉਂਦੇ ਸਨ ਅਤੇ ਅਸਲੇ ਦੀ ਵਰਤੋਂ ਉਹ ਲੁੱਟਾਂ-ਖੋਹਾਂ ਵਾਸਤੇ ਕਰਨੀ ਚਾਹੁੰਦੇ ਸਨ। ਇਸ ਤੋਂ ਇਲਾਵਾ ਉਹਨਾਂ ਦੀ ਹਥਿਆਰਾਂ ਅਤੇ ਅਫੀਮ ਨੂੰ ਇਥੇ ਮਹਿੰਗੇ ਭਾਅ ਵੇਚਣ ਦੀ ਯੋਜਨਾਂ ਬਣੀ ਹੋਈ ਸੀ।
ਪੁਲਿਸ ਕਮਿਸ਼ਨਰ ਸ੍ਰੀ ਆਰ. ਪੀ. ਮਿੱਤਲ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਮੁਕਦਮਾ ਨੰਬਰ 60, ਜੁਰਮ 18/61/85 ਐਨ. ਡੀ. ਪੀ. ਐੱਸ. ਐਕਟ, 25/54/59 ਅਸਲਾ ਐਕਟ ਅਤੇ ਧਾਰਾ 120 ਤਹਿਤ ਮਾਮਲਾ ਦਰਜ਼ ਕੀਤਾ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਤੋਂ ਅਜੇ ਪੁੱਛ-ਗਿੱਛ ਜਾਰੀ ਹੈ ਅਤੇ ਪੁਲਿਸ ਨੂੰ ਅਜੇ ਕਈ ਹੋਰ ਪਰਦੇ ਉਠਣ ਦੀ ਸੰਭਾਵਨਾ ਹੈ।
ਇਸੇ ਦੌਰਾਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਆਰ. ਪੀ. ਮਿੱਤਲ ਨੇ ਇਕ ਹੋਰ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲਿਸ ਨੇ ਅਪਰਾਧਿਕ ਕਾਰਵਾਈਆਂ ਕਰਦੇ ਇੱਕ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਦੇ ਕਬਜ਼ੇ ਵਿੱਚੋਂ ਵੀ 4 ਪਿਸਤੌਲ, ਇੱਕ ਇੰਡੀਗੋ ਕਾਰ (ਨੰਬਰ ਪੀ. ਬੀ.-02-ਬੀ. ਐਲ-7005) 200 ਗਰਾਂਮ ਚਰਸ, 350 ਗਰਾਂਮ ਨਸ਼ੀਲਾ ਪਾਊਡਰ ਅਤੇ 6 ਖੋਹੇ ਹਏ ਮੋਬਾਇਲ ਫੋਨ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਂਰ ਨੇ ਇਸ ਗਿਰੋਹ ਬਾਰੇ ਦੱਸਿਆ ਕਿ ਇਸ ਗਿਰੋਹ ਦਾ ਇੱਕ ਮੈਂਬਰ ਨਰਿੰਦਰ ਕੁਮਾਰ ਉਰਫ ਨਿੰਦੀ ਜਿਸ ਦੀਆਂ ਦੋਵੇ ਲੱਤਾਂ ਕੱਟੀਆਂ ਹੋਈਆਂ ਹਨ ਉੱਤਰ ਪ੍ਰਦੇਸ਼ ਦੇ ਸ਼ਹਿਰ ਸ਼ਾਹਜਹਾਂਪੁਰ ਤੋਂ ਸੁਨੀਲ ਕੁਮਾਰ ਨਾਮ ਦੇ ਵਿਅਕਤੀ ਕੋਲੋਂ ਹਥਿਆਰ ਲੈ ਕੇ ਆਉਂਦਾ ਸੀ ਅਤੇ ਇਥੇ ਅਪਰਾਧਿਕ ਕਾਰਵਾਈਆਂ ਕਰਨ ਵਾਲਿਆਂ ਨੂੰ ਮਹਿੰਗੇ ਭਾਅ ਵੇਚਦਾ ਸੀ। ਇਸੇ ਤਰਾਂ ਹੀ ਸਾਹਿਲ ਕੁਮਾਰ ਬਿਹਾਰ ਤੋਂ ਨਜਾਇਜ਼ ਹਥਿਆਰ ਲਿਆਉਂਦਾ ਸੀ।
ਪਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਫੜ•ੇ ਗਏ ਦੋਸ਼ੀਆਂ ਦੀ ਪਹਿਚਾਣ ਨਰਿੰਦਰ ਕੁਮਾਰ ਉਰਫ ਗੋਲਡੀ ਵਾਸੀ ਅੰਮ੍ਰਿਤਸਰ, ਮਨਜੀਤ ਸਿੰਘ ਉਰਫ ਮੰਨਾ ਵਾਸੀ ਪਿੰਡ ਰਾਮਗੜ• ਜ਼ਿਲ•ਾ ਕਪੂਰਥਲਾ, ਬਲਵਿੰਦਰ ਸਿੰਘ ਉਰਫ ਬੰਟੀ ਵਾਸੀ ਅੰਮ੍ਰਿਤਸਰ, ਸਾਹਿਲ ਕੁਮਾਰ ਉਰਫ ਕਾਲੂ ਵਾਸੀ ਅੰਮ੍ਰਿਤਸਰ ਅਤੇ ਮੋਹਿਤ ਕੁਮਾਰ ਉਰਫ ਮੋਨੂੰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ ਅਤੇ ਪੁਲਿਸ ਵੱਲੋਂ ਵੱਖ-ਵੱਖ ਧਾਰਵਾਂ ਤਹਿਤ ਇਹਨਾਂ ‘ਤੇ ਪਰਚਾ ਦਰਜ਼ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਗਿਰੋਹ ਦਾ ਇੱਕ ਮੈਂਬਰ ਜੋ ਅਜੇ ਫਰਾਰ ਹੈ ਨੂੰ ਵੀ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।