17 ਨਾ ਸੁਣ ਸਕਣ ਵਾਲੇ ਬੱਚਿਆਂ ਨੂੰ ਸੁਣਨ ਵਾਲੀਆਂ ਮੁਫਤ ਮਸ਼ੀਨਾਂ ਵੰਡੀਆਂ
ਪਟਿਆਲਾ: 13 ਫਰਵਰੀ : ” ਹਰੇਕ ਬੱਚੇ ਨੂੰ ਸਿੱਖਿਆ, ਪਹਿਚਾਣ, ਚੰਗੇ ਵਾਤਾਵਰਣ ਵਿੱਚ ਰਹਿਣ, ਸੁਰੱਖਿਆ ਅਤੇ ਆਪਣੇ ਸਭਿਆਚਾਰ ਅਨੁਸਾਰ ਵਿਚਰਨ ਦਾ ਹੱਕ ਹੁੰਦਾ ਹੈ । ਵਿਸ਼ੇਸ਼ ਬੱਚਿਆਂ ਨੂੰ ਤਰਸ ਦੀ ਨਹੀਂ ਸਗੋਂ ਸਹੀ ਮਾਰਗ ਦਰਸ਼ਨ ਦੀ ਲੋੜ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਦੇ ਸਰਵ ਪੱਖੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਇਹਨਾਂ ਬੱਚਿਆਂ ਦੇ ਹੱਕਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰੀਏ। ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਬਾਲ ਭਲਾਈ ਕੌਂਸਲ ਪਟਿਆਲਾ ਦੀ ਚੇਅਰਪਰਸਨ ਸ਼੍ਰੀਮਤੀ ਅਰਚਨਾ ਗਰਗ (ਧਰਮਪਤਨੀ ਸ਼੍ਰੀ ਵਿਕਾਸ ਗਰਗ ਡਿਪਟੀ ਕਮਿਸ਼ਨਰ ਪਟਿਆਲਾ) ਨੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਅੰਗਹੀਣ ਮੁੜ ਵਸੇਬਾ ਕੇਂਦਰ ਵੱਲੋਂ ਅਰਬਨ ਅਸਟੇਟ ਪਟਿਆਲਾ ਸਥਿਤ ਵਿਸ਼ੇਸ਼ ਬੱਚਿਆਂ ਦੇ ਵਾਣੀ ਇੰਟੈਗਰੇਟਿਡ ਸਕੂਲ ਫਾਰ ਹੀਅਰਿੰਗ ਇੰਪੇਅਰਡ ਵਿਖੇ ਨਾ ਸੁਣ ਸਕਣ ਵਾਲੇ 17 ਬੱਚਿਆਂ ਨੂੰ ਸੁਣਨ ਦੀਆਂ ਮਸ਼ੀਨਾਂ ਪ੍ਰਦਾਨ ਕਰਨ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ਼੍ਰੀਮਤੀ ਗਰਗ ਨੇ ਕਿਹਾ ਕਿ ਅੱਜ ਜਿਹਨਾਂ ਬੱਚਿਆਂ ਨੂੰ ਸੁਣਨ ਦੀਆਂ ਮਸ਼ੀਨਾਂ ਦਿੱਤੀਆਂ ਗਈਆਂ ਹਨ ਉਹ ਇਹਨਾਂ ਮਸ਼ੀਨਾਂ ਦੀ ਸਹਾਇਤਾ ਨਾਲ ਦੂਸਰੇ ਵਿਅਕਤੀਆਂ ਦੀ ਗੱਲ ਨੂੰ ਸੁਣਨ ਤੇ ਸਮਝਣ ਦੇ ਕਾਬਲ ਹੋਣਗੇ ਜਿਸ ਨਾਲ ਇਹਨਾਂ ਦਾ ਸਰਵ-ਪੱਖੀ ਵਿਕਾਸ ਹੋਵੇਗਾ।
ਸ਼੍ਰੀਮਤੀ ਗਰਗ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ ਅਤੇ ਸਾਨੂੰ ਸਭ ਨੂੰ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਵਿਸ਼ੇਸ਼ ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ ਸਾਨੂੰ ਸਭ ਨੂੰ ਤਨ, ਮਨ ਤੇ ਧਨ ਨਾਲ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਹ ਬੱਚੇ ਆਮ ਬੱਚਿਆਂ ਵਾਂਗ ਆਪਣੀ ਜਿੰਦਗੀ ਬਸਰ ਕਰਨ ਦੇ ਯੋਗ ਹੋ ਸਕਣ । ਉਨ੍ਹਾਂ ਕਿਹਾ ਕਿ ਇਹਨਾਂ ਬੱਚਿਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਹਰੇਕ ਮਹੀਨੇ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਚੈਕਅੱਪ ਕਰਵਾਇਆ ਜਾਂਦਾ ਹੈ । ਇਸ ਮੌਕੇ ਸ਼੍ਰੀਮਤੀ ਗਰਗ ਨੇ ਸਕੂਲ ਵਿੱਚ ਚਲਾਏ ਜਾ ਰਹੇ ਵੱਖ-ਵੱਖ ਸਿਖਲਾਈ ਕੋਰਸਾਂ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸੰਯੁਕਤ ਸਕੱਤਰ ਡਾ: ਪ੍ਰਿਤਪਾਲ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਟੀਮ ਨੇ ਬੱਚਿਆਂ ਦਾ ਚੈਕਅੱਪ ਕਰਕੇ ਉਹਨਾਂ ਨੂੰ ਮਸ਼ੀਨਾਂ ਲਗਾਈਆਂ। ਅੱਜ ਦੇ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਵਿਸ਼ੇਸ਼ ਬੱਚਿਆਂ ਦਾ ਮੁਕੰਮਲ ਚੈਕਅੱਪ ਕੀਤਾ ਗਿਆ।
ਇਸ ਮੌਕੇ ਵੂਮੈਨ ਕਮਿਸ਼ਨ ਪੰਜਾਬ ਦੀ ਸਾਬਕਾ ਚੇਅਰਪਰਸਨ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਸਕੱਤਰ ਸ਼੍ਰੀਮਤੀ ਸੁਰਿੰਦਰ ਕੌਰ ਗਰੇਵਾਲ ਨੇ ਸ਼੍ਰੀਮਤੀ ਗਰਗ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਤੇ ਸਕੂਲ ਦੀ ਪ੍ਰਬੰਧਕੀ ਅਫਸਰ ਸ਼੍ਰੀਮਤੀ ਮਨਜੀਤ ਕੌਰ ਆਜ਼ਾਦ ਨੇ ਧੰਨਵਾਦ ਕੀਤਾ। ਸ਼੍ਰੀਮਤੀ ਗਰੇਵਾਲ ਨੇ ਇਸ ਮੌਕੇ ਦੱਸਿਆ ਕਿ ਇਸ ਸਕੂਲ ਦੀਆਂ ਗਤੀਵਿਧੀਆਂ ਵਿੱਚ ਸੁਧਾਰ ਹੋਣ ਸਦਕਾ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜੋ ਕਿ ਇੱਕ ਸ਼ਲਾਘਾਯੋਗ ਉਦਮ ਹੈ। ਇਸ ਮੌਕੇ ਸ਼੍ਰੀਮਤੀ ਗੁਰਚਰਨ ਕੌਰ, ਸ਼੍ਰੀਮਤੀ ਮਿਨਾਕਸ਼ੀ ਸਾਹੀ, ਸ਼੍ਰੀਮਤੀ ਕੁਲਜੀਤ ਕੌਰ ਬਾਂਗਾ, ਸ਼੍ਰੀਮਤੀ ਰਮਨਜੀਤ ਕੌਰ ਬੇਦੀ ਤੋਂ ਇਲਾਵਾ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਮੈਂਬਰ ਅਤੇ ਵਿਸ਼ੇਸ਼ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।