February 13, 2012 admin

ਪਟਿਆਲਾ ‘ਚ ਵਿਰਸਾ ਸੰਭਾਲ ਗੱਤਕਾ ਮੁਕਾਬਲੇ 26 ਨੂੰ

ਪਟਿਆਲਾ, 13 ਫਰਵਰੀ-ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਵੱਲੋਂ ਰਾਜ ਭਰ ਵਿੱਚ ਆਰੰਭੀ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੀ ਲੜੀ ਹੇਠ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਪਟਿਆਲਾ (ਰਜ਼ਿ:) ਵੱਲੋਂ ਹੋਲੇ-ਮਹੱਲੇ ਦੇ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਜ਼ਿਲਾ ਪੱਧਰੀ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਸਥਾਨਕ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਦੇ ਪਾਰਕਿੰਗ ਖੇਤਰ ਵਿਚ 26 ਫਰਵਰੀ ਨੂੰ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਵਿਖੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਪਟਿਆਲਾ (ਰਜ਼ਿ:) ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਗੱਤਕਾ ਕੋਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੱਸਿਆ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ:) ਵੱਲੋਂ ਪ੍ਰਵਾਨਿਤ ਨਿਯਮਾਂਵਲੀ ਅਨੁਸਾਰ ਕਰਵਾਏ ਜਾ ਰਹੇ ਇਹਨਾਂ ਵਿਰਾਸਤੀ ਗੱਤਕਾ ਮੁਕਾਬਲਿਆਂ ਵਿੱਚ ਲੜਕੇ ਤੇ ਲੜਕੀਆਂ ਦੇ ਸਿੰਗਲ ਸੋਟੀ ਅਤੇ ਸੋਟੀ-ਫੱਰੀ ਫਾਈਟ ਮੁਕਾਬਲਿਆਂ ਸਮੇਤ ਗੱਤਕਾ ਪ੍ਰਦਰਸ਼ਨੀ ਦੇ ਮੁਕਾਬਲੇ ਰਵਾਇਤੀ ਬਸਤਰਾਂ ਵਿੱਚ ਕਰਵਾਏ ਜਾਣਗੇ। ਇਨ੍ਹਾਂ ਗੱਤਕਾ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਅੱਜ ਇੱਥੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਹੋਈ ਮੀਟਿੰਗ ਉਪਰੰਤ ਪ੍ਰਧਾਨ ਸ੍ਰੀ ਅਵਤਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀਆਂ ਗੱਤਕਾ ਟੀਮਾਂ ਅਤੇ ਅਖਾੜੇ ਆਪਣੇ ਰਵਾਇਤੀ ਜੰਗਜੂ ਜਾਹੋ-ਜਲਾਲ ਦਿਖਾਉਣਗੇ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ 2.30 ਵਜੇ ਇਨਾਮ ਵੰਡ ਸਮਾਗਮ ਮੌਕੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਐਸ.ਐਸ.ਪੀ ਸੰਗਰੂਰ ਜੇਤੂ ਟੀਮਾਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਪ੍ਰਦਾਨ ਕਰਨਗੇ। ਇਸ ਮੌਕੇ ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਤੋਂ ਇਲਾਵਾ ਪੰਥ ਦੀਆਂ ਮਹਾਨ ਸਖਸ਼ੀਅਤਾਂ ਵੀ ਸਮਾਗਮ ਦੀ ਸ਼ੋਭਾ ਵਧਾਉਣਗੀਆਂ। ਸ੍ਰੀ ਅਵਤਾਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਨਾਲ ਰਜਿਸਟਰਡ ਟੀਮਾਂ ਅਤੇ ਅਖਾੜਿਆਂ ਤੋਂ ਬਿਨਾਂ ਕਿਸੇ ਹੋਰ ਕਿਸੇ ਵੀ ਟੀਮ ਜਾਂ ਅਖਾੜੇ ਨੂੰ ਇਸ ਟੂਰਨਾਮੈਂਟ ਵਿੱਚ ਖੇਡਣ ਦੀ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਜ਼ਿਲਾ ਪ੍ਰਧਾਨ ਨੇ ਕਿਹਾ ਕਿ ਜਿਲੇ ਦੀਆਂ ਜਿੰਨਾ ਗੱਤਕਾ ਟੀਮਾਂ ਅਤੇ ਗੱਤਕਾ ਅਖਾੜਿਆਂ ਨੇ ਐਸੋਸੀਏਸ਼ਨ ਦੀ ਐਫੀਲੀਏਸ਼ਨ ਲੈਣੀ ਹੋਵੇ ਉਹ ਇੱਕ ਪ੍ਰਾਫਾਰਮਾ ਭਰ ਕੇ ਐਸੋਸੀਏਸ਼ਨ ਦੇ ਦਫਤਰ ਜਲਦ ਜਮਾਂ ਕਰਵਾ ਦੇਣ ਤਾਂ ਜੋ ਟੂਰਨਾਮੈਂਟ ਤੋਂ ਪਹਿਲਾਂ ਉਨਾਂ ਅਰਜ਼ੀਆਂ ‘ਤੇ ਛੇਤੀ ਵਿਚਾਰ ਕੀਤੀ ਜਾ ਸਕੇ।
ਉਨਾਂ ਕਿਹਾ ਕਿ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ: ਭੁੱਲਰ ਦੀਆਂ ਕੋਸ਼ਿਸਾਂ ਸਦਕਾ ਪੰਜਾਬ ਸਰਕਾਰ ਨੇ ਗੱਤਕਾ ਖੇਡ ਨੂੰ ਪੰਜਾਬ ਰਾਜ ਦੇ ਸਾਰੇ ਸਕੂਲਾਂ, ਕਾਲਜ਼ਾਂ ਅਤੇ ਯੂਨੀਵਰਸਿਟੀਆਂ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤੋਂ ਇਲਾਵਾ ਗੱਤਕਾ ਖੇਡ ਨੂੰ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਆਪਣੇ ਖੇਡ ਕੈਲੰਡਰ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤੋਂ ਇਲਾਵਾ ਦੇਸ਼ ਦੀ ਪੁਰਾਤਨ ਖੇਡ ਗੱਤਕਾ ਨੂੰ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰਵਾਉਣ ਦੀ ਕਾਰਵਾਈ ਚੱਲ ਰਹੀ ਹੈ ਅਤੇ ਇਹ ਮਾਮਲਾ ਸਬ-ਕਮੇਟੀ ਦੇ ਵਿਚਾਰ ਅਧੀਨ ਹੈ। ਸ੍ਰੀ ਅਵਤਾਰ ਸਿੰਘ ਨੇ ਕਿਹਾ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਇਹ ਕੋਸ਼ਿਸ਼ ਹੈ ਕਿ ਗੱਤਕੇਬਾਜ਼ੀ ਨੂੰ ਸਮੁੱਚੀ ਦੁਨੀਆਂ ਅੱਗੇ ਨਿਵੇਕਲੇ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਗੱਤਕਾ ਖੇਡ ਦੇ ਵੀ ਦੂਜੀਆਂ ਖੇਡਾਂ ਵਾਂਗ ਮੁਕਾਬਲੇ ਆਯੋਜਿਤ ਹੋਣ ਜਦਕਿ ਰਵਾਇਤੀ ਮਾਰਸ਼ਲ ਆਰਟ ਗੱਤਕਾ ਹਰ ਤਰਾਂ ਦੇ ਸੱਭਿਆਚਾਰਕ ਸਮਾਗਮਾਂ ਦੇ ਉਦਘਾਟਨੀ ਅਤੇ ਸਮਾਪਤੀ ਜਸ਼ਨਾਂ ਮੌਕੇ ਗਿੱਧੇ-ਭੰਗੜੇ ਦੇ ਬਰਾਬਰ ਪੇਸ਼ ਹੋਵੇ। ਉਹਨਾਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਗੱਤਕਾ ਖੇਡ ਦੀ ਮਕਬੂਲੀਅਤ ਨੂੰ ਵਧਾਉਣਾ, ਗੱਤਕਾ ਖੇਡ ਨੂੰ ਪਿੰਡ ਪੱਧਰ ਤੇ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਹੋਣ ਵਾਲੀਆਂ ਖੇਡਾਂ ਵਿੱਚ ਸ਼ਾਮਲ ਕਰਵਾਉਣਾ, ਦੇਸ਼-ਵਿਦੇਸ਼ਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ-ਪਸਾਰ ਲਈ ਟੀਮਾਂ ਦਾ ਅਦਾਨ-ਪ੍ਰਦਾਨ ਕਰਨਾ, ਧਾਰਮਿਕ ਅਤੇ ਪਵਿੱਤਰ ਦਿਹਾੜਿਆਂ ਦੇ ਮੌਕੇ ਗੱਤਕੇ ਦੇ ਪ੍ਰਦਰਸ਼ਨੀ ਮੈਚ ਕਰਾਵਾਉਂਦੇ ਹੋਏ ਪੰਜਾਬੀ ਵਿਰਸੇ ਅਤੇ ਸਭਿਆਚਾਰ ਦਾ ਵਿਕਾਸ ਤੇ ਪਸਾਰ ਕਰਨਾ ਹੈ।

Translate »