February 13, 2012 admin

ਪਟਿਆਲਾ ਪੁਲਿਸ ਵੱਲੋਂ ਸਾਢੇ ਚਾਰ ਮਹੀਨੇ ਪਹਿਲਾਂ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਈ, ਇੱਕ ਗ੍ਰਿਫਤਾਰ-ਥਿੰਦ

ਪਟਿਆਲਾ: 13 ਫਰਵਰੀ :  ਪਟਿਆਲਾ ਪੁਲਿਸ ਨੇ ਲਗਭਗ ਸਾਢੇ ਚਾਰ ਮਹੀਨੇ ਪਹਿਲਾਂ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਉਸ ਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਸਬੰਧੀ ਪੁਲਿਸ ਵੱਲੋਂ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ।    
ਇਹ ਜਾਣਕਾਰੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ ਨੇ ਦਿੰਦਿਆਂ ਦੱਸਿਆ ਕਿ ਮਿਤੀ 11-2-2012 ਨੂੰ ਕਤਲ ਕੀਤੇ ਵਿਅਕਤੀ ਮੰਗਲ ਸਿੰਘ ਉਰਫ ਮੰਗਾ ਦੀ ਭੈਣ ਰਾਜਵਿੰਦਰ ਕੌਰ ਨੇ ਇੱਕ ਮੁਕੱਦਮਾ ਨੰ: 23 ਥਾਣਾ ਕੋਤਵਾਲੀ ਵਿੱਚ ਧਾਰਾ 302,201 ਤੇ 34 ਅਧੀਨ ਦਰਜ਼ ਕਰਵਾਇਆ ਸੀ ਜਿਸ ਵਿੱਚ ਉਸ ਨੇ ਆਪਣੇ ਭਰਾ ਦੇ ਗੁੰਮਸ਼ੁਦਗੀ ਬਾਰੇ ਦੱਸਿਆ ਸੀ । ਉਨ੍ਹਾਂ ਦੱਸਿਆ ਕਿ ਜਦੋਂ ਐਸ.ਐਸ.ਪੀ. ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਦੇ ਆਦੇਸ਼ਾਂ ਅਨੁਸਾਰ ਇਸ ਕੇਸ ਦੀ ਤਫਤੀਸ਼ ਮੁੱਖ ਥਾਣਾ ਅਫਸਰ ਕੋਤਵਾਲੀ ਪਟਿਆਲਾ ਸ਼੍ਰੀ ਰਾਜੇਸ਼ ਕੁਮਾਰ, ਡਵੀਜ਼ਨ ਨੰ: 2 ਦੇ ਇੰਚਾਰਜ ਐਸ.ਆਈ. ਸ਼੍ਰੀ ਤੇਜਿੰਦਰ ਸਿੰਘ ਅਤੇ ਸੀ.ਆਈ.ਏ.ਸਟਾਫ ਪਟਿਆਲਾ ਦੇ ਇੰਚਾਰਜ ਐਸ.ਆਈ. ਕੁਲਦੀਪ ਸਿੰਘ ਸੇਖੋਂ ‘ਤੇ ਅਧਾਰਤ ਟੀਮ ਨੂੰ ਦਿੱਤੀ ਗਈ ਤਾਂ ਇਸ ਟੀਮ ਨੇ ਸਾਂਝੀ ਤਫਤੀਸ਼ ਦੌਰਾਨ ਮੁਕੱਦਮੇ ਦੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਨੂੰ ਮਿਤੀ 13-2-2012 ਨੂੰ ਗ੍ਰਿਫਤਾਰ ਕਰ ਲਿਆ ।
         ਸ਼੍ਰੀ ਥਿੰਦ ਨੇ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਨੇ ਮੰਨਿਆਂ  ਕਿ ਉਸ ਨੇ, ਉਸ ਦੇ ਭਰਾ ਕੁਲਵਿੰਦਰ ਸਿੰਘ ਅਤੇ ਉਸ ਦੇ ਜੀਜੇ ਬੰਟੀ ਪੁੱਤਰ ਜੀਤ ਸਿੰਘ ਵਾਸੀ ਰਾਠੀਆਂ ਨੇ ਮਿਲ ਕੇ ਮਿਤੀ 30-09-2011 ਨੂੰ ਮੰਗਲ ਸਿੰਘ ਉਰਫ ਮੰਗਾ ਨੂੰ ਆਪਣੇ ਯਾਮਹਾ ਮਾਰਕਾ ਮੋਟਰ ਸਾਈਕਲ ‘ਤੇ ਲਿਜਾ ਕੇ ਪਿੰਡ ਸ਼ੇਰ ਮਾਜਰਾ ਪਾਸ ਸੁੰਨਸਾਨ ਝਾੜੀਆਂ ਵਿੱਚ ਪਰਨੇ ਨਾਲ ਗਲਾ ਘੁੱਟ ਕੇ ਅਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ । ਉਨ੍ਹਾਂ ਦੱਸਿਆ ਕਿ ਕਤਲ ਦੀ ਮੁੱਖ ਵਜ੍ਹਾ ਇਹ ਸੀ ਕਿ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਦੇ ਅਮਨਦੀਪ ਕੌਰ ਨਾਲ ਨਜਾਇਜ਼ ਸਬੰਧ ਸਨ ਅਤੇ ਅਮਨਦੀਪ ਕੌਰ ਬਿਨਾਂ ਦੱਸੇ ਕਿਧਰੇ ਚਲੀ ਗਈ ਸੀ ਪ੍ਰੰਤੂ  ਗੁਰਪ੍ਰੀਤ ਸਿੰਘ ਅਮਨਦੀਪ ਕੌਰ ਨੂੰ ਗਾਇਬ ਕਰਨ ਦਾ ਦੋਸ਼ੀ ਮੰਗਲ ਸਿੰਘ ਨੂੰ ਹੀ ਮੰਨਦਾ ਸੀ ਜਿਸ ਕਰਕੇ ਉਸ ਨੇ ਇਹ ਕਤਲ ਕੀਤਾ ਹੈ। ਸ੍ਰ: ਥਿੰਦ ਨੇ ਦੱਸਿਆ ਕਿ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ‘ਤੇ ਸ਼੍ਰੀ ਅਮਨਦੀਪ ਸਿੰਘ ਥਿੰਦ ਕਾਰਜਕਾਰੀ ਮੈਜਿਸਟ੍ਰੇਟ ਪਟਿਆਲਾ ਦੀ ਹਾਜਰੀ ਵਿੱਚ ਮੰਗਲ ਸਿੰਘ ਉਰਫ ਮੰਗਾ ਦੀਆਂ ਹੱਡੀਆਂ/ਪਿੰਜਰ, ਪਹਿਨੀ ਹੋਈ ਪੈਂਟ, ਟੀ.ਸ਼ਰਟ, ਬਨਾਇਨ, ਬੂਟ ਬਰਾਮਦ ਕਰਵਾਏ ਗਏ। ਸ੍ਰ: ਥਿੰਦ ਨੇ ਦੱਸਿਆ ਕਿ ਇਸ ਕੇਸ ਦੇ ਬਾਕੀ ਦੋਸ਼ੀਆਂ ਕੁਲਵਿੰਦਰ ਸਿੰਘ ਅਤੇ ਬੰਟੀ ਦੀ ਗ੍ਰਿਫਤਾਰੀ ਸਬੰਧੀ ਪੁਲਿਸ ਕਰਮਚਾਰੀਆਂ ‘ਤੇ ਅਧਾਰਤ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ  ਅਤੇ ਜਲਦੀ ਹੀ ਇਹਨਾਂ ਦੇ ਫੜੇ ਜਾਣ ਦੀ ਸੰਭਾਵਨਾਂ ਹੈ।
         ਪ੍ਰੈਸ ਕਾਨਫਰੰਸ ਵਿੱਚ ਡੀ.ਐਸ.ਪੀ. (ਸਿਟੀ-1) ਸ੍ਰ: ਕੇਸਰ ਸਿੰਘ ਧਾਲੀਵਾਲ, ਮੁੱਖ ਥਾਣਾ ਅਫਸਰ ਕੋਤਵਾਲੀ ਸ਼੍ਰੀ ਰਾਜੇਸ਼ ਕੁਮਾਰ, ਮੁੱਖ ਥਾਣਾ ਅਫਸਰ 2 ਨੰਬਰ ਡਵੀਜ਼ਨ ਸ਼੍ਰੀ ਤੇਜਿੰਦਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।

Translate »