ਨਵੀਂ ਦਿੱਲੀ, 14 ਫਰਵਰੀ, 2012 : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਤੇਜ਼ ਤੇ ਨਿਰੰਤਰ ਵਿਕਾਸ ਦੇ ਟੀਚੇ ਨੂੰ ਹਾਸਿਲ ਕਰਨ ਵਾਸਤੇ ਸਨਅਤਾਂ, ਕਿਰਤੀਆਂ ਤੇ ਸਰਕਾਰ ਵਿਚਾਲੇ ਇੱਕਜੁਟਤਾ ਤੇ ਭਾਗੀਦਾਰੀ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਅੱਜ ਨਵੀਂ ਦਿੱਲੀ ਵਿੱਚ ਭਾਰਤੀ ਕਿਰਤ ਕਾਨਫਰੰਸ ਦੇ 44ਵੇਂ ਸੈਸ਼ਨ ਦਾ ਉਦਘਾਟਨ ਕਰਦਿਆਂ ਉਨਾਂ• ਨੇ ਕਿਹਾ ਕਿ ਮਜ਼ਬੂਤ ਸਨਅਤੀ ਸਬੰਧਾਂ ਦੀ ਘਾਟ ਵਿੱਚ ਆਧੁਨਿਕ ਭਾਰਤ ਦੇ ਨਿਰਮਾਣ ਤੇ ਸਨਅਤੀਕਰਨ ਲਈ ਜਿਸ ਅਰਥਚਾਰੇ ਦੀ ਲੋੜ ਹੈ ਉਸ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਘੱਟੋ ਘੱਟ 9 ਫੀਸਦੀ ਆਰਥਿਕ ਵਿਕਾਸ ਦਰ ਨੂੰ ਹਾਸਿਲ ਕਰਨ ਵਾਸਤੇ ਸਰਕਾਰ ਕਿਰਤੀਆਂ ਤੇ ਸਨਅਤਾਂ ਨੂੰ ਮਿਲਜੁਲ ਕੇ ਕੰਮ ਕਰਨਾ ਪਵੇਗਾ। ਉਨਾਂ• ਨੇ ਕਿਹਾ ਕਿ ਇਸ ਸਬੰਧ ਵਿੱਚ ਇਹ ਕਾਨਫਰੰਸ ਇੱਕ ਉਸਾਰੂ ਯੋਗਦਾਨ ਪਾ ਸਕਦੀ ਹੈ ਕਿਉਂਕਿ ਪਿਛੋਕੜ ਵਿੱਚ ਵੀ ਭਾਰਤੀ ਕਿਰਤ ਕਾਨਫਰੰਸ ਦੌਰਾਨ ਹੋਏ ਵਿਚਾਰ ਵਟਾਂਦਰੇ ਤੇ ਲਏ ਗਏ ਫੈਸਲਿਆਂ ਨਾਲ ਦੇਸ਼ ਦੇ ਆਰਥਿਕ ਵਿਕਾਸ ਵਿੱਚ ਮਦਦ ਮਿਲੀ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਕਿਰਤੀਆਂ ਤੇ ਖ਼ਾਸ ਕਰਕੇ ਗ਼ੈਰ ਸੰਗਠਿਤ ਖੇਤਰ ਦੇ ਕਿਰਤੀਆਂ ਦੀ ਭਲਾਈ ਵਾਸਤੇ ਪੂਰੀ ਤਰਾਂ• ਵਚਨਬੱਧ ਹੈ। ਉਨਾਂ• ਨੇ ਦੱਸਿਆ ਕਿ ਪਿਛਲੇ ਸਾਢੇ ਸੱਤ ਸਾਲਾਂ ਦੌਰਾਨ ਯੂ.ਪੀ.ਏ. ਸਰਕਾਰ ਵੱਲੋਂ ਕਿਰਤੀਆਂ ਦੀ ਭਲਾਈ ਵਾਸਤੇ ਕਈ ਕਦਮ ਚੁੱਕੇ ਗਏ ਹਨ। ਉਨਾਂ• ਦੱਸਿਆ ਕਿ ਅਸੰਗਠਿਤ ਖੇਤਰ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਢਾਈ ਕਰੋੜ ਪਰਿਵਾਰਾਂ ਨੂੰ ਰਾਸ਼ਟਰੀ ਸਿਹਤ ਬੀਮਾ ਯੋਜਨਾ ਹੇਠ ਲਿਆਂਦਾ ਗਿਆ ਹੈ ਤੇ ਹੁਣ ਇਸ ਯੋਜਨਾ ਵਿੱਚ ਉਸਾਰੀ ਕਿਰਤੀਆਂ, ਫੇਰੀ ਵਾਲਿਆਂ, ਬੀੜੀ ਕਾਮਿਆਂ ਤੇ ਘਰੇਲੂ ਕਾਮਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਮਹਾਤਮਾ ਗਾਂਧੀ ਪੇਂਡੂ ਰੋਜਗਾਰ ਗਾਰੰਟੀ ਪ੍ਰੋਗਰਾਮ ਨਾਲ ਪਿੰਡਾਂ ਤੋਂ ਸ਼ਹਿਰਾਂ ਨੂੰ ਹੋ ਰਹੀ ਹਿਜਰਤ ਰੋਕਣ ਵਿੱਚ ਮਦਦ ਮਿਲੀ ਹੈ । ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ ਦਾ ਵਿਸਥਾਰ ਕੀਤਾ ਗਿਆ ਹੈ ਤੇ ਇਸ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਕਰਮਚਾਰੀ ਪ੍ਰੋਵੀਂਡੈਂਟ ਫੰਡ ਸੰਸਥਾ ਦੇ ਕੰਮਕਾਜ਼ ਵਿੱਚ ਉਸਾਰੂ ਤਬਦੀਲੀ ਆਈ ਹੈ ਤੇ ਇਸ ਦੇ 6 ਕਰੋੜ ਮੈਂਬਰਾਂ ਦਾ ਰਿਕਾਰਡ ਕੰਪਿਊਟਰਾਈਜ਼ ਕੀਤਾ ਗਿਆ ਹੈ। ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਸਮਾਜਿਕ ਖੇਤਰ ਲਈ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਚੰਗੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੇ ਕੁਝ ਸਾਲਾਂ ਦੌਰਾਨ ਬਾਲ ਮਜ਼ਦੂਰੀ ਦੇ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ। ਭਾਰਤੀ ਮਨੁੱਖੀ ਵਿਕਾਸ ਰਿਪੋਰਟ, 2011 ਵਿੱਚ ਦੱਸਿਆ ਗਿਆ ਹੈ ਕਿ 6 ਤੋਂ 14 ਸਾਲ ਤੱਕ ਦੇ ਬੱਚਿਆਂ ਦੇ ਕੰਮਕਾਜ ਕਰਨ ਦੀ ਗਿਣਤੀ ਜੋ 1994 ਵਿੱਚ 6.02 ਫੀਸਦੀ ਸੀ 2010 ਵਿੱਚ ਘੱਟ ਕੇ 2 ਫੀਸਦੀ ਤੱਕ ਆ ਗਈ ਹੈ। 2009 ਵਿੱਚ ਸਿੱਖਿਆ ਅਧਿਕਾਰ ਕਾਨੂੰਨ ਦੇ ਅਮਲ ਵਿੱਚ ਆਉਣ ਨਾਲ ਬਾਲ ਮਜ਼ਦੂਰੀ ਰੋਕਣ ਵਿੱਚ ਵੀ ਮਦਦ ਮਿਲੀ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਵੱਧ ਤੋਂ ਵੱਧ ਯੁਵਕਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ਹੈ ਤੇ ਇਸ ਵਾਸਤੇ ਦੇਸ਼ ਵਿੱਚ ਕੁਸ਼ਲ ਵਿਕਾਸ ਢਾਂਚੇ ਨੂੰ ਮਜ਼ਬੂਤ ਕਰਨਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਰਤ ਸ਼ਕਤੀ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਏ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨਾਂ• ਨੇ ਕਿਰਤੀ ਕਾਨੂੰਨਾਂ ਨੂੰ ਮਜ਼ਬੂਤੀ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸਰਕਾਰ ਇਸ ਗੱਲ ਨੂੰ ਵੀ ਯਕੀਨੀ ਬਣਾ ਰਹੀ ਹੈ ਕਿ ਕਿਰਤ ਕਾਨੂੰਨਾਂ ਦੀ ਸਹੀ ਢੰਗ ਨਾਲ ਪਾਲਣਾ ਹੋ ਸਕੇ। ਉਨਾਂ• ਕਿਹਾ ਕਿ ਸਰਕਾਰ ਬਹੁਤ ਪਹਿਲਾਂ ਬਣੇ ਕਿਰਤੀ ਕਾਨੂੰਨਾਂ ਨੂੰ ਸਮੇਂ ਦੀ ਲੋੜ ਮੁਤਾਬਿਕ ਬਣਾਉਣ ਵਾਸਤੇ ਇਨਾਂ• ਕਾਨੂੰਨਾਂ ਵਿੱਚ ਸੋਧ ਕਰਨ ਦੇ ਵੀ ਯਤਨ ਕਰ ਰਹੀ ਹੈ।