February 14, 2012 admin

ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਲਈ 1 ਮਾਰਚ ਤੋਂ ਅੰਤਰ ਜੇਲ੍ਹ ਖੇਡ ਟੂਰਨਾਂਮੈਂਟ ਕਰਵਾਏ ਜਾਣਗੇ-ਸ਼ਸ਼ੀਕਾਂਤ

ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਅੰਦਰ ਗੋਲਡ ਜਿੰਮ ਖੋਲੇ ਜਾਣਗੇ
ਪਟਿਆਲਾ: 14 ਫਰਵਰੀ : ” ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ 1 ਮਾਰਚ 2012 ਤੋਂ  ਅੰਤਰ ਜੇਲ੍ਹ ਖੇਡ ਟੂਰਨਾਮੈਂਟ ਕਰਵਾਏ ਜਾਣਗੇ ਤਾਂ ਜੋ ਕੈਦੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜ ਸਕਣ ਅਤੇ ਸਜਾ ਕੱਟਣ ਤੋਂ ਬਾਅਦ ਇੱਕ ਵਧੀਆ ਸ਼ਹਿਰੀ ਦੀ ਜ਼ਿੰਦਗੀ ਬਤੀਤ ਕਰ ਸਕਣ। ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਜੀ.ਪੀ. (ਜੇਲ੍ਹਾ) ਪੰਜਾਬ ਸ਼੍ਰੀ ਸ਼ਸ਼ੀ ਕਾਂਤ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਗੋਲਡ ਜਿੰਮ ਸ਼ੁਰੂ ਕੀਤੇ ਜਾਣਗੇ ਅਤੇ ਇਸੇ ਕੜੀ ਵਿੱਚ ਪਹਿਲਾਂ ਕਪੂਰਥਲਾ ਦੀ ਜੇਲ ਵਿੱਚ ਇਹ ਜਿੰਮ ਚੱਲ ਰਿਹਾ ਹੈ ਅਤੇ ਦੂਸਰਾ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਸ਼ੁਰੂ ਹੋ ਰਿਹਾ ਹੈ। ਸ਼੍ਰੀ ਸ਼ਸ਼ੀ ਕਾਂਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਨੂੰ ਰੋਕਣ ਲਈ ਉਨ੍ਹਾਂ ਉਪਰ ਕਈ ਤਰ੍ਹਾਂ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਉਹ ਇਹ ਧਮਕੀਆਂ ਦੇਣ ਵਾਲਿਆਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਕੋਈ ਵੀ ਦਬਾਅ ਜਾਂ ਧਮਕੀ ਇਸ ਮੁਹਿੰਮ ਨੂੰ ਰੋਕ ਨਹੀਂ ਸਕੇਗੀ। ਉਨ੍ਹਾਂ ਕਿਹਾ ਕਿ ਨਸ਼ੇ ਅਜਿਹੀ ਲਾਹਣਤ ਹਨ ਜਿਹਨਾਂ ਵਿੱਚ ਫਸ ਕੇ ਸਾਡੇ ਨੌਜਵਾਨ ਅਪਰਾਧਿਕ ਵਿਰਤੀ ਵਾਲੇ ਬਣਦੇ ਜਾ ਰਹੇ ਹਨ ਇਸ ਲਈ ਇਸ ਨੂੰ ਰੋਕਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਡੀ.ਜੀ.ਪੀ. ਜੇਲ੍ਹਾਂ ਨੇ ਕਿਹਾ ਕਿ ਉਹ ਇਹ ਕੋਸ਼ਿਸ਼ ਕਰ ਰਹੇ ਹਨ ਕਿ ਕੈਦੀਆਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਜੇਲ੍ਹਾਂ ਵਿੱਚ ਰੱਖਿਆ ਜਾਵੇ ਤਾਂ ਜੋ ਉਨ੍ਹਾਂ  ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
ਪੱਤਰਕਾਰਾਂ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਿਆਂ ਦੀ ਵਰਤੋਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਿਆਂ ਦੀ ਵਰਤੋਂ ‘ਤੇ ਕਾਫੀ ਠੱਲ ਪੈ ਚੁੱਕੀ ਹੈ ਅਤੇ ਜੇਕਰ ਕਿਸੇ ਕੈਦੀ ਦਾ ਪਰਿਵਾਰਕ ਮੈਂਬਰ ਕੈਦੀ ਨੂੰ ਨਸ਼ਾ ਵਰਤਣ ਲਈ ਸਹਿਯੋਗ ਦਿੰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਂਦੀ ਹੈ। ਡੀ.ਜੀ.ਪੀ. ਨੇ ਪੱਤਰਕਾਰਾਂ ਵੱਲੋਂ ਜੇਲ੍ਹਾਂ ਵਿੱਚ ਕੈਦੀਆਂ ਵੱਲੋਂ ਮੋਬਾਇਲ ਫੋਨਾਂ ਦੀ ਵਰਤੋਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਮੋਬਾਇਲਾਂ ਦੀ ਵਰਤੋਂ ਰੋਕਣ ਲਈ ਕੈਦੀਆਂ ਦੀ ਸਹੂਲਤ ਬਾਰੇ ਹਰੇਕ ਜੇਲ੍ਹ ਵਿੱਚ ਐਸ.ਟੀ.ਡੀ. ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਸਕਣ।  ਸ਼੍ਰੀ ਸ਼ਸ਼ੀ ਕਾਂਤ ਨੇ ਕਿਹਾ ਕਿ ਸਾਡੇ ਪੰਜਾਬ ਦੇ 70 ਫੀਸਦੀ ਨੌਜਵਾਨ ਅਤੇ 66 ਫੀਸਦੀ ਸਕੂਲੀ ਬੱਚੇ ਨਸ਼ਿਆਂ ਦੀ ਗ੍ਰਿਫਤ ਵਿੱਚ ਫਸ ਚੁੱਕੇ ਹਨ । ਪੱਤਰਕਾਰਾਂ ਵੱਲੋਂ ਜੇਲ੍ਹਾਂ ਵਿੱਚ ਹੁੰਦੀਆਂ ਲੜਾਈਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਸਭ ਵਿਅਕਤੀ ਦੀ ਪ੍ਰਵਿਰਤੀ ਵਿੱਚ ਹੁੰਦਾ ਹੈ ਕਿਉਂਕਿ ਲੜਾਈਆਂ ਤਾਂ ਅਕਸਰ ਪਰਿਵਾਰਾਂ ਵਿੱਚ ਵੀ ਹੋ ਜਾਂਦੀਆਂ ਹਨ ਪਰ ਇਹ ਲੜਾਈਆਂ ਜਿਆਦਾ ਗੰਭੀਰ ਨਹੀਂ ਹੁੰਦੀਆਂ।  ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਜੇਕਰ ਕਿਸੇ ਪਰਿਵਾਰ ਦਾ ਇੱਕੋ ਹੀ ਮੁਖੀ ਜੇਲ ਵਿੱਚ ਚਲਿਆ ਜਾਂਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਕੀ ਕੀਤਾ ਜਾ ਰਿਹਾ ਹੈ, ਦੇ ਜਵਾਬ ਵਿੱਚ ਡੀ.ਜੀ.ਪੀ. ਨੇ ਕਿਹਾ ਕਿ ਅਜਿਹੇ ਕੇਸਾਂ ਵਿੱਚ ਉਹ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ ਅਡਾਪਟ ਕਰਨ ਦੀ ਯੋਜਨਾਂ ਬਣਾ ਰਹੇ ਹਨ ਤਾਂ ਜੋ ਉਹਨਾਂ ਦੀ ਪੜ੍ਹਾਈ ਲਿਖਾਈ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ । ਇਸ ਮੌਕੇ ਡੀ.ਜੀ.ਪੀ.ਵੱਲੋਂ ਜੇਲ੍ਹ ਵਿੱਚ ਕੈਦੀਆਂ ਲਈ ਤਿਆਰ ਹੁੰਦਾ ਖਾਣਾ ਵੀ ਖਾਧਾ।
ਸ਼੍ਰੀ ਸ਼ਸ਼ੀਕਾਂਤ ਨੇ ਕਿਹਾ ਕਿ ਪੰਜਾਬ ਦੀਆਂ ਕਈ ਜੇਲ੍ਹਾਂ ਵਿੱਚ ਕ੍ਰਿਕਟ, ਕਬੱਡੀ, ਵਾਲੀਵਾਲ ਆਦਿ ਖੇਡਾਂ ਦੇ ਵਧੀਆ ਖਿਡਾਰੀ ਹਨ ਅਤੇ ਇਹਨਾਂ ਦੇ ਆਪਸ ਵਿੱਚ ਮੁਕਾਬਲੇ ਕਰਵਾਉਣ ਨਾਲ ਜਿਥੇ ਉਹ ਸ਼ਰੀਰਕ ਪੱਖੋਂ ਤੰਦਰੁਸਤ ਰਹਿਣਗੇ ਉਥੇ  ਉਹਨਾਂ ਦਾ ਰੁਝਾਨ ਖੇਡਾਂ ਵੱਲ ਵੀ ਵਧੇਗਾ । ਇਸ ਮੌਕੇ ਕੈਦੀਆਂ ਦੇ ਕ੍ਰਿਕਟ ਦਾ ਸ਼ੋਅ ਮੈਚ, ਵਾਲੀਵਾਲ ਅਤੇ ਰੱਸਾਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਡੀ.ਜੀ.ਪੀ. ਜੇਲ੍ਹਾਂ ਸ਼੍ਰੀ ਸ਼ਸ਼ੀ ਕਾਂਤ ਵੱਲੋਂ ਪ੍ਰਵਾਸੀ ਭਾਰਤੀ ਦੀ ਮਦਦ ਨਾਲ ਕੈਦੀਆਂ ਨੂੰ ਜਿੰਮ ਦਾ ਸਮਾਨ ਵੀ ਵੰਡਿਆ ਗਿਆ । ਇਸ ਮੌਕੇ ਕੈਦੀਆਂ ਲਈ ਅੱਖਾਂ ਅਤੇ ਖੂਨ ਦੀ ਜਾਂਚ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ। ਉਨ੍ਹਾਂ ਦੇ ਨਾਲ ਆਈ.ਜੀ. ਕਰਾਈਮ ਸ਼੍ਰੀ ਜਤਿੰਦਰ ਜੈਨ, ਐਸ.ਐਸ.ਪੀ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ, ਸੁਪਰਡੈਂਟ ਜੇਲ ਕੈਪਟਨ ਐਲ.ਐਸ. ਜਾਖੜ, ਐਡੀਸ਼ਨਲ ਜੇਲ ਸੁਪਰਡੈਂਟ ਸ਼੍ਰੀ ਰਾਜਨ ਕਪੂਰ, ਡਾ: ਜਗਬੀਰ ਸਿੰਘ, ਡਾ: ਸੋਢੀ, ਮੈਡਮ ਸਤਿੰਦਰਜੀਤ ਵਾਲੀਆ, ਮੈਡਮ ਸੁਮਨ ਬੱਤਰਾ ਅਤੇ ਰੋਟਰੀ ਕਲੱਬ ਦੇ ਸ਼੍ਰੀ ਸੰਜੀਵ ਗਰਗ ਤੋਂ ਇਲਾਵਾ ਹੋਰ ਜੇਲ੍ਹ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।

Translate »