February 14, 2012 admin

ਸਰਕਾਰ ਵੱਲੋਂ ਗਰੀਬਾਂ ਲਈ ਉਲੀਕੀਆਂ ਯੋਜਨਾਵਾਂ ਲਾਗੂ ਨਾ ਕਰਨ ਵਾਲੇ ਬੈਂਕਾਂ ਵਿਰੁੱਧ ਕਾਰਵਾਈ ਲਈ ਰਿਜ਼ਰਵ ਬੈਂਕ ਨੂੰ ਰਿਪੋਰਟ ਭੇਜੀ ਜਾਵੇਗੀ –ਏ.ਡੀ.ਸੀ.

ਫਤਹਿਗੜ੍ਹ ਸਾਹਿਬ, 14 ਫਰਵਰੀ : ”ਗਰੀਬਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਜਿੰਦਗੀ ਬਸਰ ਕਰ ਰਹੇ ਲੋਕਾਂ ਨੂੰ ਸਰਕਾਰ ਵੱਲੋਂ ਉਲੀਕੀਆਂ ਲੋਕ ਭਲਾਈ ਯੋਜਨਾਵਾਂ ਨੂੰ ਲਾਗੂ ਨਾ ਕਰਨ ਵਾਲੇ ਬੈਂਕਾਂ ਵਿਰੁੱਧ ਕਾਰਵਾਈ ਲਈ ਰਿਜ਼ਰਵ ਬੈਂਕ ਨੂੰ ਰਿਪੋਰਟ ਭੇਜੀ ਜਾਵੇਗੀ ਅਤੇ ਲੋਕ ਭਲਾਈ ਸਕੀਮਾਂ ਨੂੰ ਲੋੜਵੰਦਾਂ ਤੱਕ ਪੁੱਜਦਾ ਕਰਨ ਵਿੱਚ ਕੋਤਾਹੀ ਕਰਨ ਵਾਲੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਵੀ ਸਖਤੀ ਨਾਲ ਪੇਸ਼ ਆਇਆ ਜਾਵੇਗਾ ”। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਜ਼ਿਲ੍ਹੇ ਵਿਚਲੇ ਵੱਖ-ਵੱਖ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
                            ਵਧੀਕ ਡਿਪਟੀ ਕਮਿਸ਼ਨਰ ਨੇ ਜਿੱਥੇ ਚੰਗਾ ਕੰਮ ਕਰਨ ਵਾਲੇ ਬੈਂਕਾਂ ਅਤੇ ਵਿਭਾਗਾਂ ਦੀ ਸਰਾਹਨਾ ਕੀਤੀ ਉੱਥੇ ਹੀ ਮਿੱਥੇ ਟੀਚੇ ਪੂਰੇ ਨਾ ਕਰਨ ਵਾਲੇ ਵਿਭਾਗਾਂ ਅਤੇ ਬੈਂਕਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਦੇ ਮਿੱਥੇ ਜਾਂਦੇ ਟੀਚਿਆਂ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਨੂੰ ਯਕੀਨੀ ਬਣਾਉਣ। ਸ: ਢਿੱਲੋਂ ਨੇ ਕਿਹਾ ਬੈਂਕ ਜਿੱਥੇ ਮੁਨਾਫੇ ਵਾਲੇ ਖੇਤਰ ਦੇ ਕੰਮਾਂ ਨੂੰ ਪੂਰੀ ਤਰਜ਼ੀਹ ਦਿੰਦੇ ਹਨ, ਉੱਥੇ ਹੀ ਉਨ੍ਹਾਂ ਦੀ ਇਹ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਗਰੀਬਾਂ ਅਤੇ ਕਿਸਾਨਾਂ ਦੀਆਂ ਮੁਢਲੀਆਂ ਆਰਥਿਕ ਲੋੜਾਂ ਲਈ ਸਰਕਾਰ ਵੱਲੋਂ ਉਲੀਕੀਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਨੂੰ ਵੀ ਇੰਨ ਬਿੰਨ ਲਾਗੂ ਕਰਨ।
                            ਸ੍ਰੀ ਢਿੱਲੋਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਦੀ ਸਾਲਾਨਾ ਕਰਜ਼ਾ ਯੋਜਨਾ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਵੱਲੋਂ 31 ਦਸੰਬਰ 2011 ਤੱਕ ਤਰਜ਼ੀਹੀ ਖੇਤਰਾਂ ਨੂੰ 1993 ਕਰੋੜ ਰੁਪਏ ਦੇ ਕਰਜ਼ੇ ਵੰਡਣ ਦਾ ਟੀਚਾ ਮਿੱਥਿਆ ਗਿਆ ਸੀ ਜਿਸ ਵਿੱਚੋਂ ਇਨ੍ਹਾਂ ਬੈਂਕਾਂ ਵੱਲੋਂ 1655 ਕਰੋੜ ਰੁਪਏ ਦੇ ਕਰਜ਼ੇ ਵੰਡ ਕੇ 83 ਫੀਸਦੀ ਟੀਚਾ ਪੂਰਾ ਕੀਤਾ ਹੈ। ਉਨ੍ਹਾਂ ਘੱਟ ਟੀਚਾ ਪੂਰਾ ਕਰਨ ਵਾਲੇ ਬੈਂਕਾਂ ਨੂੰ ਕਿਹਾ ਕਿ ਉਹ ਨਿਰਧਾਰਤ ਟੀਚੇ ਨੂੰ ਪੂਰਾ ਕਰਨ। ਸ: ਢਿੱਲੋਂ ਨੇ ਦੱਸਿਆ ਕਿ ਖੇਤੀਬਾੜੀ ਅਤੇ ਉਸ ਦੇ ਨਾਲ ਸਬੰਧਤ ਹੋਰ ਖੇਤਰਾਂ ‘ਚ 1199 ਕਰੋੜ ਲਘੂ ਉਦਯੋਗਾਂ ਨੂੰ 321 ਕਰੋੜ ਅਤੇ ਹੋਰਨਾਂ ਖੇਤਰਾਂ ਵਿੱਚ 134 ਕਰੋੜ ਰੁਪਏ ਦੇ ਕਰਜ਼ੇ ਵੰਡੇ ਗਏ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਗਰੀਬਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦਾ ਜੋ ਟੀਚਾ ਮਿੱਥਿਆ ਗਿਆ ਸੀ ਉਸ ਦੇ ਨਤੀਜੇ ਬਹੁਤ ਚਿੰਤਾਜਨਕ ਹਨ। ਉਨ੍ਹਾਂ ਸਮੂਹ ਬੈਂਕਾਂ ਨੂੰ ਤਾੜਨਾ ਕੀਤੀ ਕਿ ਇਸ ਖੇਤਰ ਵਿੱਚ ਮਿੱਥੇ ਟੀਚੇ ਤੁਰੰਤ ਪੂਰੇ ਕਰਨ। ਖੇਤੀਬਾੜੀ ਖੇਤਰ ਵਿੱਚ ਕਰਜ਼ਾ ਮੁਹੱਈਆ ਕਰਵਾਉਣ ਲਈ ਕਈ ਬੈਂਕਾਂ ਦੀ ਮਾੜੀ ਕਾਰਗੁਜ਼ਾਰੀ ਦਾ ਵੀ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਢਿੱਲੋਂ ਨੇ ਬੈਂਕਾਂ ਨੂੰ ਇਸ ਖੇਤਰ ਵਿੱਚ ਵੀ ਟੀਚੇ ਤੁਰੰਤ ਪੂਰੇ ਕਰਨ ਦੀਆਂ ਸਖਤ ਹਦਾਇਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸਮੂਹ ਬੈਂਕ ਸਰਕਾਰ ਵੱਲੋਂ ਭੇਜੀਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਆਪਣੀ ਜਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਆਪਣਾ ਧੰਦਾ ਸ਼ੁਰੂ ਕਰਨ ਲਈ ਸੈਲਫ ਹੈਲਪ ਗਰੁੱਪਾਂ ਦੀ ਸਥਾਪਨਾ ਕਰਕੇ ਉਨ੍ਹਾਂ ਨੂੰ ਪੂਰੀਆਂ ਆਰਥਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਸ: ਢਿੱਲੋਂ ਨੇ ਸਮੂਹ ਬੈਂਕਾਂ ਨੂੰ ਕਿਹਾ ਕਿ ਉਹ ਸਾਲ 2012-13 ਦੀ ਕਰਜ਼ਾ ਯੋਜਨਾ ਸਬੰਧੀ ਲੋੜੀਂਦੀ ਜਾਣਕਾਰੀ ਤੁਰੰਤ ਲੀਡ ਬੈਂਕ ਨੂੰ ਮੁਹੱਈਆ ਕਰਵਾਉਣ।
                            ਅੱਜ ਦੀ ਇਸ ਮੀਟਿੰਗ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਦੇ ਮੈਨੇਜਰ ਸ੍ਰੀ ਕੇ.ਐਸ. ਭੁੱਲਰ, ਏ.ਜੀ.ਐਮ ਨਾਬਾਰਡ ਸ੍ਰੀ ਸ਼ਸ਼ੀ ਕੁਮਾਰ,ਲੀਡ ਬੈਂਕ ਦੇ ਮੈਨੇਜਰ ਸ੍ਰੀ ਅਰਵਿੰਦ ਸਿੰਗਲ, ਸਹਾਇਕ ਲੀਡ ਬੈਂਕ ਅਫਸਰ ਸ੍ਰੀ ਵਰਿੰਦਰ ਕੁਮਾਰ, ਮੁੱਖ ਖੇਤੀਬਾੜੀ ਅਫਸਰ ਸ੍ਰ: ਕੁਲਦੀਪ ਸਿੰਘ ਜੋਸਨ, ਉੱਪ ਅਰਥ ਤੇ ਅੰਕੜਾ ਸਲਾਹਕਾਰ ਅਫਸਰ ਸ੍ਰੀ ਇਕਬਾਲ ਸਿੰਘ ਸਮੇਤ ਜ਼ਿਲ੍ਹੇ ਵਿਚਲੇ ਵੱਖ ਵੱਖ ਬੈਂਕਾਂ ਦੇ ਨੁਮਾਇੰਦੇ ਅਤੇ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Translate »