February 14, 2012 admin

ਪਟਿਆਲਾ ਪੁਲਿਸ ਵੱਲੋਂ ਮਾਰੂ ਹਥਿਆਰਾਂ ਦੀ ਨੋਕ ‘ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ, ਇੱਕ ਸਾਥੀ ਫਰਾਰ-ਐਸ.ਐਸ.ਪੀ.

ਦੋਸ਼ੀਆਂ ਦੇ ਕਬਜ਼ੇ ਵਿੱਚੋਂ ਤਿੰਨ ਰੌਂਦਾ ਸਮੇਤ ਇੱਕ ਦੇਸੀ ਪਿਸਤੋਲ ਤੇ ਹੋਰ ਮਾਰੂ ਹਥਿਆਰ ਬਰਾਮਦ
ਪਟਿਆਲਾ: 14 ਫਰਵਰੀ :  ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਨੇ ਮਾਰੂ ਹਥਿਆਰਾਂ ਦੀ ਨੋਕ ‘ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਉਹਨਾਂ ਦਾ ਇੱਕ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ।
              ਇਸ ਸਬੰਧੀ ਐਸ.ਐਸ.ਪੀ. ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਸੀ.ਆਈ.ਏ. ਸਟਾਫ ਪਟਿਆਲਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ ਅਤੇ ਡੀ.ਐਸ.ਪੀ. (ਡੀ) ਸ੍ਰ: ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਸ੍ਰ: ਕੁਲਦੀਪ ਸਿੰਘ ਸੇਖੋਂ ਦੀ ਯੋਗ ਅਗਵਾਈ ਹੇਠ ਏ.ਐਸ.ਆਈ. ਸ੍ਰ: ਗੁਰਮੇਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਬਡੂੰਗਰ ਚੌਂਕ ਨੇੜੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ ਤਾਂ ਇਸ  ਦੌਰਾਨ ਇੱਕ ਖੁਫੀਆ ਇਤਲਾਹ ‘ਤੇ ਬਡੂੰਗਰ ਦੀਆਂ ਮੜ੍ਹੀਆਂ ਵਿੱਚ ਡਾਕਾ ਮਾਰਨ ਦੀ ਤਿਆਰੀ ਕਰਦੇ ਹੋਏ ਸਤਨਾਮ ਸਿੰਘ ਪੁੱਤਰ ਜਰਨੈਲ ਸਿੰਘ ਤੇ ਸਤਨਾਮ ਸਿੰਘ ਪੁੱਤਰ ਬਲਜੀਤ ਸਿੰਘ ਦੋਵੇਂ ਵਾਸੀ ਅਜਨੌਦਾ ਕਲਾਂ ਪਟਿਆਲਾ ਅਤੇ ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਦਰਸ਼ਨ ਸਿੰਘ ਤੇ ਮਿੱਠਾ ਖਾਨ ਪੁੱਤਰ ਗੁਰਮੇਲ ਖਾਨ ਦੋਵੇਂ ਵਾਸੀ ਦੀਵਾਨਗੜ੍ਹ ਕੈਂਪਰ ਜ਼ਿਲ੍ਹਾ ਸੰਗਰੂਰ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਜਦੋਂ ਕਿ ਉਹਨਾਂ ਦਾ ਇੱਕ ਸਾਥੀ ਗੁਰਜੀਤ ਸਿੰਘ ਉਰਫ ਬੱਗਾ ਪੁੱਤਰ ਲਾਲ ਸਿੰਘ ਵਾਸੀ ਦੀਵਾਨਗੜ੍ਹ ਕੈਂਪਰ ਸੰਗਰੂਰ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ । ਉਨ੍ਹਾਂ ਦੱਸਿਆ ਕਿ ਇਸ ਕਥਿਤ ਦੋਸ਼ੀ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਇਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
              ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਤਲਾਸ਼ੀ ਕਰਨ ‘ਤੇ ਸਤਨਾਮ ਸਿੰਘ ਪੁੱਤਰ ਜਰਨੈਲ ਸਿੰਘ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 3 ਰੌਂਦ, ਸਤਨਾਮ ਸਿੰਘ ਪੁੱਤਰ ਬਲਜੀਤ ਸਿੰਘ ਦੇ ਕਬਜੇ ਵਿੱਚੋਂ ਇੱਕ ਲੋਹੇ ਦੀ ਰਾਡ, ਕੁਲਵਿੰਦਰ ਸਿੰਘ ਦੇ ਕਬਜੇ ਵਿੱਚੋਂ ਇੱਕ ਕਿਰਚ ਅਤੇ ਮਿੱਠਾ ਖਾਨ ਦੇ ਕਬਜੇ ਵਿੱਚੋਂ ਵੀ ਇੱਕ ਕਿਰਚ ਬਰਾਮਦ ਹੋਈ । ਉਨ੍ਹਾਂ ਦੱਸਿਆ ਕਿ ਇਹਨਾਂ ਕਥਿਤ ਦੋਸ਼ੀਆਂ ਦੇ ਵਿਰੁੱਧ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਧਾਰਾ 399,402 ਅਤੇ ਅਸਲਾ ਐਕਟ 25/54/59 ਅਧੀਨ ਮੁਕੱਦਮਾ ਨੰਬਰ 22 ਮਿਤੀ 13 ਫਰਵਰੀ 2012 ਨੂੰ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆਂ ਕਿ ਸਤਨਾਮ ਸਿੰਘ ਪੁੱਤਰ ਜਰਨੈਲ ਸਿੰਘ  ਕਮਲ ਲੈਬੋਰਟਰੀ ਪਟਿਆਲਾ ਵਿਖੇ ਕੰਮ ਕਰਦਾ ਸੀ ਅਤੇ ਗੋਇਲ ਅਲਟਰਾ ਸਾਊਂਡ ਸੈਂਟਰ ਦੇ ਡਾ: ਪ੍ਰਬਲ ਗੋਇਲ ਦੀ ਗੱਡੀ ਵੀ ਚਲਾਉਂਦਾ ਸੀ ਅਤੇ ਉਸ ਨੇ ਆਪਣੇ ਸਾਥੀਆਂ ਸਤਨਾਮ ਸਿੰਘ, ਕੁਲਵਿੰਦਰ ਸਿੰਘ ਉਰਫ ਕਾਲਾ, ਗੁਰਜੀਤ ਸਿੰਘ ਅਤੇ ਮਿੱਠਾ ਖਾਨ ਨਾਲ ਮਿਲ ਕੇ ਡਾ: ਪ੍ਰਬਲ ਗੋਇਲ ਕੋਲੋਂ ਪੈਸਿਆਂ ਦੀ ਖੋਹ ਕਰਨੀ ਸੀ, ਕਿਉਂਕਿ ਡਾ: ਗੋਇਲ ਨੇ ਕੁਝ ਦਿਨ ਪਹਿਲਾਂ ਆਪਣੀ ਜਮੀਨ ਵੇਚੀ ਸੀ ਅਤੇ ਇਹ ਕਥਿਤ ਦੋਸ਼ੀ ਉਹ ਰਕਮ ਲੁੱਟਣਾ ਚਾਹੁੰਦੇ ਸਨ, ਪ੍ਰੰਤੂ ਪੁਲਿਸ ਵੱਲੋਂ ਵਿਖਾਈ ਗਈ ਚੌਕਸੀ ਕਾਰਨ ਇਹ ਆਪਣੀ ਯੋਜਨਾਂ ਵਿੱਚ ਸਫਲ ਨਹੀਂ ਹੋ ਸਕੇ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਿਰੋਹ ਮੈਂਬਰਾਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਇਸ ਵਿੱਚੋਂ ਕਈ ਅਹਿਮ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾ ਹੈ।

Translate »