ਕਪੂਰਥਲਾ, 14 ਫਰਵਰੀ: 19 ਫਰਵਰੀ ਤੋ 21 ਫਰਵਰੀ 2012 ਤੱਕ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਸਿਵਲ ਸਰਜਨ ਕਪੂਰਥਲਾ ਡਾ. ਬਲਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਗੁਰਮੇਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸ਼ਤੀਸ ਚੰਦਰ ਵਸ਼ਿਸਟ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ. ਗੁਰਬਿੰਦਰ ਸਿੰਘ ਸਰਾਓ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਸ਼ੋਕ ਗੁਰੁ, ਜ਼ਿਲ੍ਹਾਂ ਨੋਡਲ ਅਫ਼ਸਰ ਡਾ. ਦਵਿੰਦਰ ਬੰਗਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜ ਕੁਮਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਚਮਨ ਲਾਲ, ਵਰਲਡ ਹੈੱਲਥ ਆਰਗੇਨਾਈਜ਼ੇਸ਼ਨ ਤੋਂ ਡਾ. ਗਗਨ ਅਤੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੇ ਭਾਗ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਪਰਮਜੀਤ ਸਿੰਘ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਾਸ਼ਟਰੀ ਪਲਸ ਪੋਲਓਿ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ 0-5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਦਵਾਈ ਦੀਆ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੋਲੀਓ ਦਾ ਭਾਵੇਂ ਕੋਈ ਵੀ ਕੇਸ ਨਹੀਂ ਹੈ ਪਰ ਫਿਰ ਵੀ ਸਾਨੂੰ ਪਾਕਿਸਤਾਨ ਅਤੇ ਹੋਰ ਗਵਾਂਢੀ ਮੁਲਕਾਂ ਤੋਂ ਪੋਲੀਓ ਵਾਈਰਸ ਦੇ ਆਉਣ ਦਾ ਖਤਰਾ ਹੈ।ਇਸ ਲਈ ਸਾਨੂੰ ਪੋਲੀਓ ਵਾਈਰਸ ਦੇ ਖਤਰੇ ਤੋਂ ਬਚਾਅ ਲਈ ਚੁਕੰਨੇ ਰਹਿਣਾ ਚਾਹੀਦਾ ਹੈ ਅਤੇ ਹਰੇਕ ਮਾਪਿਆਂ ਨੂੰ ਪੋਲੀਓ ਬਿਮਾਰੀ ਤੋਂ ਬਚਾਅ ਲਈ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦਵਾਈ ਦੀਆਂ ਬੂੰਦਾਂ ਜ਼ਰੂਰ ਪਿਲਾਉਣੀਆਂ ਚਾਹੀਦੀਆਂ ਹਨ।
ਇਸ ਮੌਕੇ ਉਨਾਂ੍ਹ ਨੇ ਸਿਹਤ ਵਿਭਾਗ ਦੇ ਸਮੂਹ ਸਟਾਫ ਅਤੇ ਜ਼ਿਲ੍ਹੇ ਦੇ ਹੋਰ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ 19 ਫਰਵਰੀ ਤੋਂ 21 ਫਰਵਰੀ 2012 ਤੱਕ ਚੱਲਣ ਵਾਲੀ ਨੈਸ਼ਨਲ ਪਲਸ ਪੋਲੀਓ ਮੁਹਿੰਮ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ।ਮੀਟਿੰਗ ਵਿਚ ਉਨ੍ਹਾਂ ਦੱਸਿਆ ਕਿ ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲਾ੍ਹ ਕਪੂਰਥਲਾ ਵਿਚ 0 ਤੋ 5 ਸਾਲ ਤੱਕ ਦੇ ਕੁਲ 98036 ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਲਈ ਜ਼ਿਲ੍ਹੇ ਵਿਚ 533 ਬੂਥਾਂ ‘ਤੇ 1932 ਕਰਮਚਾਰੀਆਂ ਰਾਹੀ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲਾ੍ਹ ਕਪੂਰਥਲਾ ਵਿਚ 65 ਭੱਠਿਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਥੇ ਭੱਠਾ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਸਿਹਤ ਵਿਭਾਗ ਵੱਲੋ ਜ਼ਿਲ੍ਹੇ ਅੰਦਰ ਉਨਾਂ੍ਹ ਥਾਵਾਂ ਦੀ ਪਹਿਚਾਣ ਕੀਤੀ ਗਈ ਹੈ ਜਿਥੇ ਸ਼ਹਿਰੀ ਅਤੇ ਪੇਂਡੂ ਅਬਾਦੀਆਂ ਤੋ ਦੂਰ ਝੁੱਗੀ ਝੋਪੜੀਆਂ ਵਿਚ ਗਰੀਬ ਲੋਕ ਰਹਿ ਰਹੇ ਹਨ ਅਤੇ ਅਜਿਹੀਆਂ ਥਾਵਾਂ ‘ਤੇ ਪੋਲੀਓ ਬੂੰਦਾਂ ਪਿਲਾਉਣ ਵਾਸਤੇ 62 ਮੋਬਾਇਲ ਟੀਮਾਂ ਅਤੇ 17 ਟਰਾਂਜਿਟ ਟੀਮਾਂ ਲਗਾਈਆਂ ਗਈਆਂ ਹਨ। ਉਨਾਂ ਨੇ ਇਹ ਵੀ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੀ ਸਫਲਤਾ ਵਾਸਤੇ 105 ਸੁਪਰਵਾਈਜ਼ਰ ਲਗਾਏ ਗਏ ਹਨ।ਉਨਾਂ੍ਹ ਦੀ ਇਹ ਕੋਸ਼ਿਸ ਹੋਵੇਗੀ ਕਿ ਇਸ ਮੁਹਿੰਮ ਨੂੰ ਪੂਰੀ ਸੁਹਿਰਦਤਾ ਨਾਲ ਨੇਪਰੇ ਚਾੜ੍ਹਦਿਆਂ ਜ਼ਿਲ੍ਹੇ ਦੇ ਸਾਰੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆ ਜਾਣ।ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਨੁੱਖਤਾ ਦੇ ਭਲੇ ਵਾਸਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਰੋਟਰੀ ਕਲੱਬ ਦੇ ਨੁਮਾਇੰਦਿਆਂ, ਸਮਾਜ ਸੇਵੀ ਜਥੇਬੰਦੀਆਂ, ਕੌਸ਼ਲਰਾਂ ਅਤੇ ਨਗਰ ਪੰਚਾਇਤਾਂ ਦਾ ਸਹਿਯੋਗ ਲੈਣ।