February 15, 2012 admin

ਡੀ.ਸੀ. ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮੁੱਖ ਸੜਕਾਂ ‘ਤੇ ਵਾਹਨਾਂ ਦੀ ਰਫਤਾਰ ਦੀ ਹੱਦ ਸਬੰਧੀ ਤੁਰੰਤ ਬੋਰਡ ਲਗਾਉਣ ਦੇ ਆਦੇਸ਼

ਟ੍ਰੈਫਿਕ ਲਾਈਟਾਂ ਠੀਕ ਨਾ ਕਰਵਾਉਣ ‘ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤੇ ਜਾਣਗੇ
ਫਤਹਿਗੜ੍ਹ ਸਾਹਿਬ: 15 ਫਰਵਰੀ :  ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਨੇ ਤੇਜ ਰਫਤਾਰ ਵਾਹਨਾਂ ਕਾਰਨ ਵਾਪਰਦੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਸਾਰੀਆਂ ਮੁੱਖ ਸੜਕਾਂ ‘ਤੇ ਵਾਹਨਾਂ ਦੀ ਰਫਤਾਰ ਦੀ ਹੱਦ ਸਬੰਧੀ ਤੁਰੰਤ ਬੋਰਡ ਲਗਾਉਣ ਦੇ ਆਦੇਸ਼ ਦਿੱਤੇ ਹਨ। ਉਹ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ‘ਸੜਕ ਸੁਰੱਖਿਆ ਕਮੇਟੀ’ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸ਼੍ਰੀ ਮਹਾਜਨ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ, ਬੱਸ ਓਪਰੇਟਰਜ਼ ਤੇ ਟਰੱਕ ਯੂਨੀਅਨਾਂ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਹਨ ਚਾਲਕਾਂ ਵੱਲੋਂ ਟਰੈਫਿਕ ਨਿਯਮਾਂ ਸਬੰਧੀ ਵਰਤੀ ਜਾਂਦੀ ਲਾਪਰਵਾਹੀ ਅਤੇ ਵਾਹਨਾਂ ਨੂੰ ਤੇਜ ਰਫਤਾਰ ਨਾਲ ਚਲਾਉਣ ਕਾਰਨ ਵਾਪਰਨ ਵਾਲੇ ਸੜਕੀ ਹਾਦਸਿਆਂ ਵਿੱਚ ਕਈ ਵਾਰ ਅਨੇਕਾਂ ਮਨੁੱਖੀ ਜਾਨਾਂ ਅਜਾਂਈ ਚਲੀਆਂ ਜਾਂਦੀਆਂ ਹਨ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਲੋਕ ਨਿਰਮਾਣ ਵਿਭਾਗ ਅਤੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ ਸੜਕਾਂ ‘ਤੇ ਤੁਰੰਤ ਵਾਹਨਾਂ ਦੀ ਰਫਤਾਰ ਦੀ ਹੱਦ ਸਬੰਧੀ ਬੋਰਡ ਲਗਾਏ ਜਾਣ ਅਤੇ ਢੁਕਵੀਂਆਂ ਥਾਵਾਂ ‘ਤੇ ਸਪੀਡ ਬ੍ਰੇਕਰ ਅਤੇ ਸੜਕਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਸੜਕਾਂ ‘ਤੇ ਪੀਲੀ ਲਾਈਨ ਲਗਾਈ ਜਾਵੇ।
         ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜਿਨ੍ਹਾਂ ਵੀ ਸਥਾਨਾਂ ‘ਤੇ ਟ੍ਰੈਫਿਕ ਲਾਈਟਾਂ ਲੱਗੀਆਂ ਹਨ, ਉਹਨਾਂ ਦੇ ਖ਼ਰਾਬ ਹੋਣ ਦੀ ਸੂਰਤ ਵਿੱਚ ਤੁਰੰਤ ਠੀਕ ਨਾ ਕਰਵਾਉਣ ‘ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਕੇਸ ਦਰਜ ਕੀਤੇ ਜਾਣਗੇ। ਉਨ੍ਹਾਂ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਓਵਰ ਸਪੀਡ, ਪ੍ਰੈਸ਼ਰ ਹਾਰਨ, ਓਵਰ ਲੋਡਿੰਗ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਵਾਹਨਾਂ ਦੇ ਤੁਰੰਤ ਵੱਡੀ ਪੱਧਰ ‘ਤੇ ਚਲਾਨ ਕੱਟੇ ਜਾਣ। ਉਹਨਾਂ ਜ਼ਿਲ੍ਹੇ ਵਿਚਲੀਆਂ ਸਮੂਹ ਨਿੱਜੀ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਦੇ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਲਿਜਾਉਣ ਵਾਲੀਆਂ ਬੱਸਾਂ ਜਾਂ ਹੋਰ ਵਾਹਨਾਂ ਦੇ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾਂ ਕਰਨ ਦੀ ਤੁਰੰਤ ਹਦਾਇਤ ਕੀਤੀ ਜਾਵੇ ਅਤੇ ਕਿਸੇ ਵੀ ਸੂਰਤ ਵਿੱਚ ਨਿਰਧਾਰਤ ਸਮੱਰਥਾ ਤੋਂ ਵੱਧ ਬੱਚੇ ਇਹਨਾਂ ਵਾਹਨਾਂ ਵਿੱਚ ਨਾ ਬਿਠਾਏ ਜਾਣ। ਉਨ੍ਹਾਂ ਪੁਲਿਸ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕਰਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਦੀ ਸੂਰਤ ਵਿੱਚ ਉਨ੍ਹਾਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਓਵਰ ਲੋਡਿੰਗ ਅਤੇ ਪ੍ਰੈਸ਼ਰ ਹਾਰਨ ਵਾਲੀਆਂ ਆਮ ਬੱਸਾਂ ਦੇ ਵੀ ਚਲਾਨ ਕੱਟੇ ਜਾਣ।
         ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਨੂੰ ਕਿਹਾ ਕਿ ਉਹ ਸੜਕ ਸੁਰੱਖਿਆ ਸਬੰਧੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਵਿੱਚ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਮੰਡੀ ਬੋਰਡ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਮੂਹ ਟਰਾਲੀਆਂ ‘ਤੇ ਰਿਫਲੈਕਟਰ ਲਗਾਉਣੇ ਵੀ ਯਕੀਨੀ ਬਣਾਏ ਜਾਣ। ਉਹਨਾਂ ਬਿਜਲੀ ਨਿਗਮ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦੇ ਬਰਮਾਂ ‘ਤੇ ਖੜੇ ਬਿਜਲੀ ਦੇ ਖੰਭੇ ਤੁਰੰਤ ਹਟਾਏ ਜਾਣ ਅਤੇ ਬਰਮਾਂ ਦੇ ਮਿੱਟੀ ਪਵਾ ਕੇ ਉਨ੍ਹਾਂ ਨੂੰ ਚੌੜਾ ਕੀਤਾ ਜਾਵੇ। ਸ਼੍ਰੀ ਮਹਾਜਨ ਨੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਕਈ ਸੜਕਾਂ ‘ਤੇ ਸ਼ਰਾਬ ਦੇ ਠੇਕੇ ਹੋਣ ਕਾਰਨ ਵਾਪਰਦੇ ਹਾਦਸਿਆਂ ਨੂੰ ਰੋਕਣ ਲਈ ਇਨ੍ਹਾਂ ਠੇਕਿਆਂ ਨੂੰ ਉੱਥੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ‘ਤੇ ਫਿਰਦੇ ਆਵਾਰਾ ਪਸ਼ੂਆਂ ਨੂੰ ਫੜ ਕੇ ਗਊਂ ਸ਼ਾਲਾਵਾਂ ਵਿੱਚ ਭੇਜਿਆ ਜਾਵੇ। ਡਿਪਟੀ ਕਮਿਸ਼ਨਰ ਨੇ ਮਨੁੱਖੀ ਜਾਨਾਂ ਲਈ ਖ਼ਤਰਾ ਬਣੇ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਦਾ ਗੰਭੀਰ ਨੋਟਿਸ ਲੈਂਦਿਆਂ ਨੂੰ ਸਥਾਨਕ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਉਨ੍ਹਾਂ ਦੀ ਨਸਬੰਦੀ ਕਰਵਾਉਣ ਦੇ ਵੀ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੜਕਾਂ ਦੇ ਡਿਵਾÂਡਰਾਂ ‘ਚ ਲੋਕਾਂ ਵੱਲੋਂ ਬਣਾਏ ਨਜਾਇਜ਼ ਰਸਤੇ ਵੀ ਕਈ ਵਾਰ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਹਨ, ਇਸ ਲਈ ਇਨ੍ਹਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫਸਰ ਸ਼੍ਰੀ ਮਹੇਸ਼ ਗਰਗ, ਵਧੀਕ ਜ਼ਿਲ੍ਹਾ ਟਰਾਂਸਪੋਰਟ ਅਫਸਰ ਸ਼੍ਰੀ ਕਰਨਬੀਰ ਸਿੰਘ ਛੀਨਾ, ਡੀ.ਐਸ.ਪੀ. ਹਰਗੋਬਿੰਦ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਸੈ) ਸ਼੍ਰੀਮਤੀ ਪਰਮਜੀਤ ਕੌਰ ਸਮੇਤ ਜ਼ਿਲ੍ਹੇ ਦੀਆਂ ਸਮੂਹ ਮਿਊਂਸੀਪਲ ਕਮੇਟੀਆਂ ਦੇ ਈ.ਓ. ਅਤੇ ਐਮ.ਈ., ਵਿਦਿਅਕ ਸੰਸਥਾਵਾਂ, ਟਰੱਕ ਯੂਨੀਅਨਾਂ, ਬੱਸ ਓਪਰੇਟਰਾਂ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਨੁਮਾਇੰਦੇ ਅਤੇ ਹੋਰ ਕਈ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Translate »