ਅੰਮ੍ਰਿਤਸਰ: 16 ਫਰਵਰੀ- ਫਰਾਂਸ ਦੇਸ਼ ਦੀ ਸਰਕਾਰ ਵੱਲੋਂ ਸਿਖਾਂ ਦੇ ਅਨਿਖੜਵੇਂ ਅੰਗ ਦਸਤਾਰ ਤੇ ਪਾਬੰਦੀ ਲਗਾਏ ਜਾਣ ਵਿਰੁੱਧ ਮਾਨਵੀ ਹੱਕਾਂ ਬਾਰੇ ਕੌਂਸਲ (ਸੰਯੁਕਤ ਰਾਸ਼ਟਰ) ‘ਚ ਕੇਸ ਜਿਤਣ ਵਾਲੇ ਸ. ਰਣਜੀਤ ਸਿੰਘ ਨੂੰ ਪੰਜਾਬ ਆਉਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਤ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਰਲੀਜ ਰਾਹੀਂ ਜਾਣਕਾਰੀ ਦੇਂਦਿਆਂ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਫਰਾਂਸ ਸਰਕਾਰ ਨੇ ਸਿੱਖਾਂ ਦੇ ਸਵੈਮਾਨ ਦੀ ਪ੍ਰਤੀਕ ਦਸਤਾਰ ਉਪਰ ਪਾਬੰਧੀ ਲਗਾ ਦਿੱਤੀ ਗਈ ਸੀ ਤੇ ਫਰਾਂਸ ਸਰਕਾਰ ਵੱਲੋਂ ਸ. ਰਣਜੀਤ ਸਿੰਘ ਨੂੰ ਦਸਤਾਰ ਉਤਾਰ ਕੇ ਫੋਟੋ ਖਿਚਵਾਉਣ ਉਪਰੰਤ ਸਿਹਤ ਸਹੂਲਤਾਂ ਤੇ ਰਹਾਇਸ਼ੀ ਪਰੂਫ ਕਾਰਡ ਜਾਰੀ ਕਰਨ ਲਈ ਕਿਹਾ ਸੀ ਪਰੰਤੂ ਸ. ਰਣਜੀਤ ਸਿੰਘ ਵੱਲੋਂ ਦਸਤਾਰ ਉਤਾਰ ਕੇ ਫੋਟੋ ਖਿਚਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਫਰਾਂਸ ਸਰਕਾਰ ਦੇ ਇਸ ਫੈਸਲੇ ਵਿਰੁੱਧ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਤੇ ਫਰਾਂਸ ਦੇ ਰਾਜਦੂਤ ਨੂੰ ਚਿੱਠੀਆਂ ਲਿਖੀਆਂ ਤੇ ਮਿਲ ਕੇ ਇਹ ਮਸਲਾ ਕੂਟਨੀਤੀਕ ਪੱਧਰ ਤੇ ਫਰਾਂਸ ਸਰਕਾਰ ਨਾਲ ਗੱਲਬਾਤ ਕਰਕੇ ਹਲ ਕਰਨ ਦੀ ਵਾਰ-ਵਾਰ ਦੇਸ਼ ਦੀ ਸਰਕਾਰ ਨੂੰ ਅਪੀਲ ਵੀ ਕੀਤੀ ਸੀ।
ਫਰਾਂਸ ਸਰਕਾਰ ਦੇ ਇਸ ਸ਼ਾਹੀ ਫੁਰਮਾਨ ਨੂੰ ਨਾ ਸਵੀਕਾਰਦੇ ਹੋਏ ਇਸ ਫੈਸਲੇ ਦੇ ਖਿਲਾਫ ਮਾਨਵੀ ਹੱਕਾਂ ਬਾਰੇ ਕੌਂਸਲ (ਸੰਯੁਕਤ ਰਾਸ਼ਟਰ) ਪਾਸ ਦਸੰਬਰ 2008 ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਜਨਵਰੀ 2012 ‘ਚ ਮਾਨਵੀ ਹੱਕਾਂ ਬਾਰੇ ਕੌਂਸਲ (ਸੰਯੁਕਤ ਰਾਸ਼ਟਰ) ਵੱਲੋਂ ਦਸਤਾਰ ਪ੍ਰਤੀ ਫੈਸਲਾ ਸ. ਰਣਜੀਤ ਸਿੰਘ ਦੇ ਹੱਕ ਵਿਚ ਦਿੱਤਾ ਗਿਆ ਸੀ। ਇਸ ਤਰ•ਾਂ ਸੰਯੁਕਤ ਰਾਸ਼ਟਰ ਵੱਲੋਂ ਫਰਾਂਸ ਸਰਕਾਰ ਖਿਲਾਫ ਤੇ ਸ. ਰਣਜੀਤ ਸਿੰਘ ਦੇ ਹੱਕ ਵਿਚ ਦਿੱਤੇ ਇਸ ਅਹਿਮ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਦੇਸ਼ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵੱਲੋਂ ਭਰਪੂਰ ਸਵਾਗਤ ਕੀਤਾ।
ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਸੂਸ ਕਰਦੀ ਹੈ ਕਿ ਸਿੱਖਾਂ ਦੇ ਸਵੈਮਾਨ ਬਾਰੇ ਸਮਝੋਤਾ ਨਾ ਕਰਨ ਵਾਲੇ ਹਿਮਤੀ ਸ. ਰਣਜੀਤ ਸਿੰਘ ਨੇ ਫਰਾਂਸ ਦੇਸ਼ ਦੇ ਦਸਤਾਰ ਪ੍ਰਤੀ ਆਪ ਹੁਦਰੇ ਫੈਸਲੇ ਵਿਰੁਧ ਮਾਨਵੀ ਹੱਕਾਂ ਬਾਰੇ ਕੌਂਸਲ (ਸੰਯੁਕਤ ਰਾਸ਼ਟਰ) ‘ਚ ਰਿਟ ਪਟੀਸ਼ਨ ਦਾਇਰ ਕਰਕੇ ਕੇਸ ਜਿੱਤਣਾ ਮਾਣ ਵਾਲੀ ਗੱਲ ਹੈ ਤੇ ਇਸ ਪ੍ਰਤੀ ਸ. ਰਣਜੀਤ ਸਿੰਘ ਨੂੰ ਪੰਜਾਬ ਆਉਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਤ ਕੀਤਾ ਜਾਵੇਗਾ।