February 16, 2012 admin

ਮਧੁਮੇਹ ਜਾਂ ਸ਼ੁਗਰ ਅੱਜ ਦੇ ਸਮੇਂ ਵਿੱਚ ਇੱਕ ਆਮ ਤਕਲੀਫ

ਅਕੇਸ਼ ਕੁਮਾਰ ਬਰਨਾਲਾ
ਮੋ 98880-31426

ਮਧੁਮੇਹ ਜਾਂ ਸ਼ੁਗਰ ਅੱਜ ਦੇ ਸਮੇਂ ਵਿੱਚ ਇੱਕ ਆਮ ਤਕਲੀਫ ਬਣ ਗਈ ਹੈ। ਇਸਦੇ ਹੋਣ ਦਾ ਸਹੀ ਕਾਰਨ ਜਾਣਨ ਤੇ ਵਿਗਆਨੀ ਲੱਗੇ ਹੋਏ ਹਨ ਪਰ ਮੋਟਾਪਾ ਅਤੇ ਸ਼ਰੀਰਕ ਚੁਸਤੀ ਫੁਰਤੀ ਦਾ ਘੱਟਣਾ ਇਸ ਦੇ ਹੋਣ ਦੇ ਕਾਰਨਾਂ ਵਿੱਚੋਂ ਮੁੱਖ ਹਨ। ਇਹ ਰੋਗ ਸ਼ਰੀਰ ਵਿੱਚ ਇਨਸੁਲਿਨ ਦੀ ਸਹੀ ਮਾਤਰਾ ਪੈਦਾ ਨਾ ਹੋਣ ਕਾਰਨ ਜਾਂ ਸਰੀਰ ਵਲੋਂ ਇਨਸੁਲਿਨ ਦੀ ਮਾਤਰਾ ਦੀ ਸਹੀ ਵਰਤੋਂ ਨਾ ਕਰ ਪਾਉਣ ਕਾਰਨ ਹੁੰਦਾ ਹੈ ਜਿਸ ਨਾਲ ਬਲਡ ਸ਼ੁਗਰ ਦਾ ਸਤਰ ਵੱਧ ਜਾਂਦਾ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਸ਼ਰੀਰ ਦੇ ਕਈ ਹਿੱਸਿਆਂ ਤੇ ਆਪਣਾ ਅਸਰ ਪਾਉਂਦਾ ਹੈ। ਇਹ ਬਿਮਾਰੀ ਦੋ ਤਰਾਂ ਦੀ ਹੁੰਦੀ ਹੈ ਇੱਕ ਤਾਂ ਟਾਈਪ ਵਨ ਜਿਸ ਵਿੱਚ ਸ਼ਰੀਰ ਵਿੱਚ ਇਨਸੁਲਿਨ ਦੀ ਘੱਟ ਮਾਤਰਾ ਬਣਦੀ ਹੈ ਤੇ ਦੁਜੀ ਟਾਈਪ ਟੂ ਜਿਸ ਵਿੱਚ ਸ਼ਰੀਰ ਪੈਦਾ ਹੋਏ ਇਲਸੁਲਿਨ ਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਕਰ ਪਾਉਂਦਾ। ਸੰਸਾਰ ਭਰ ਵਿੱਚ 90 ਫਿਸਦੀ ਲੋਕ ਇਸ ਦੁਸਰੀ ਤਰਾਂ ਦੀ ਸ਼ੁਗਰ ਦੀ ਬਿਮਾਰੀ ਤੋਂ ਪੀੜਤ ਹਨ। ਜਿਆਦਾ ਪੇਸ਼ਾਬ ਆਉਣਾ, ਜਿਆਦਾ ਪਿਆਸ ਲੱਗਣੀ, ਭਾਰ ਵਿੱਜ ਕਮੀ, ਭੁੱਖ ਦਾ ਵੱਧਣਾ ਤੇ ਥਕਾਵਟ ਇਸਦੇ ਆਮ ਲੱਛਣ ਹਨ ਪਰ ਜਦੋਂ ਤੱਕ ਇਹ ਸਾਮਣੇ ਆਉਂਦੇ ਹਨ ਬਿਮਾਰੀ ਹੋਇਆਂ ਕਾਫੀ ਵਕਤ ਗੁਜਰ ਚੁੱਕਾ ਹੁੰਦਾ ਹੈ। ਅਜੇ ਤੱਕ ਇਹ ਧਾਰਨਾ ਸੀ ਕਿ ਇਸ ਕਿਸਮ ਦੀ ਸ਼ੁਗਰ ਬੱਸ ਵੱਡਿਆਂ ਨੂੰ ਹੀ ਹੁੰਦੀ ਹੈ ਪਰ ਹੁਣ ਬੱਚਿਆਂ ਵਿੱਚ ਵੀ ਇਹ ਬਿਮਾਰੀ ਵੇਖਣ ਨੂੰ ਮਿਲ ਰਹੀ ਹੈ।
ਮਧੁਮੇਹ ਦੀ ਬਿਮਾਰੀ ਦਿਲ, ਅੱਖਾਂ, ਕਿਡਨੀ ਅਤੇ ਖੂਨ ਦੀਆਂ ਨਾੜਾਂ ਤੇ ਮਾੜਾ ਅਸਰ ਪਾਉਂਦੀ ਹੈ। ਇਸ ਬਿਮਾਰੀ ਨਾਲ ਦਿਲ ਦੇ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ। ਸ਼ੂਗਰ ਨਾਲ ਪੀੜਤ 50 ਫਿਸਦੀ ਲੋਕ ਦਿਲ ਦੇ ਰੋਗਾਂ ਜਾਂ ਸਟਰੋਕ ਕਾਰਨ ਮਰ ਜਾਂਦੇ ਹਨ। ਲੰਬੇ ਸਮੇਂ ਤੱਕ ਅੱਖਾਂ ਦੇ ਰੈਟੀਨਾ ਦੀਆਂ ਖੂਨ ਦੀਆਂ ਨਾੜਾਂ ਤੇ ਮਾੜਾਂ ਪ੍ਰਭਾਅ ਪੈਣ ਨਾਲ ਸ਼ੁਗਰ ਦਾ ਮਰੀਜ ਅੰਨਾਂ ਵੀ ਹੋ ਸਕਦਾ ਹੈ। ਲੰਮੇ ਸਮੇਂ ਤੋਂ ਇਸ ਬਿਮਾਰੀ ਨਾਲ ਪੀੜਤ ਮਰੀਜਾਂ ਵਿੱਚੋਂ 2 ਫਿਸਦੀ ਅੰਨੇ ਹੋ ਜਾਂਦੇ ਹਨ ਤੇ ਤਕਰੀਬਨ 10 ਫਿਸਦੀ ਮਰੀਜਾਂ ਦੀ ਨਿਗਾਹ ਤੇ ਮਾੜਾ ਅਸਰ ਪੈ ਜਾਂਦਾ ਹੈ। ਗੁਰਦੇ ਖਰਾਬ ਹੋਣ ਦੇ ਕਾਰਨਾਂ ਵਿੱਚ ਸ਼ੂਗਰ ਇੱਕ ਮੁੱਖ ਕਾਰਨ ਹੈ। ਸ਼ੁਗਰ ਦੇ 10-20 ਫਿਸਦੀ ਮਰੀਜ ਤਾਂ ਗੁਰਦੇ ਖਰਾਬ ਹੋਣ ਕਾਰਨ ਹੀ ਮਰ ਜਾਂਦੇ ਹਨ। ਇਸ ਬਿਮਾਰੀ ਤੋਂ ਪੀੜਤ ਮਨੁੱਖ ਦੇ ਆਮ ਮਨੁੱਖ ਨਾਲੋਂ ਮਰਨ ਦਾ ਖਤਰਾ ਦੁਗਣਾ ਹੋ ਜਾਂਦਾ ਹੈ।
ਲੋਕਾਂ ਵਿੱਚ ਇਸ ਬਿਮਾਰੀ ਲਈ ਜਾਗਰੁਕਤਾ ਪੈਦਾ ਕਰਨ ਲਈ 14 ਨਵੰਬਰ ਨੂੰ ਵਿਸ਼ਵ ਮਧੁਮੇਹ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਰਲਡ ਹੈਲਥ ਆਰਗਨਾਈਜੇਸ਼ਨ ਮੁਤਾਬਕ ਪੂਰੇ ਵਿਸ਼ਵ ਵਿੱਚ 34 ਕਰੋੜ 60 ਲੱਖ ਲੋਕ ਇਸ ਬਿਮਾਰੀ ਤੋਂ ਪੀੜਤ ਹਨ ਜਿਹਨਾਂ ਵਿੱਚੋਂ 80 ਫਿਸਦੀ ਘੱਟ ਜਾਂ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿੱਚ ਹਨ। 2005 ਵਿੱਚ ਤਕਰੀਬਨ 34 ਲੱਖ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ। ਵਰਲਡ ਹੈਲਥ ਆਰਗਨਾਈਜੇਸ਼ਨ ਮੁਤਾਬਕ ਸ਼ੁਗਰ ਨਾਲ ਹੋਣ ਵਾਲੀਆਂ ਮੌਤਾ 2030 ਤੱਕ 2005 ਦੇ ਮੁਕਾਬਲੇ ਦੁੱਗਣੀਆਂ ਹੋ ਜਾਣਗੀਆਂ। ਲੋਕਾਂ ਦਾ ਮਨਣਾ ਹੈ ਕਿ ਆਦਮੀਆਂ ਨੂੰ ਔਰਤਾ ਤੋਂ ਜਿਆਦਾ ਇਹ ਬਿਮਾਰੀ ਹੁੰਦੀ ਹੈ ਜੱਦਕਿ ਹਕੀਕਤ ਵਿੱਚ ਡਾਈਬਟੀਜ਼ ਦੀਆਂ ਸ਼ਿਕਾਰ ਔਰਤਾਂ ਦੀ ਗਿਣਤੀ ਮਰਦਾਂ ਤੋਂ ਜਿਆਦਾ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਸ਼ੂਗਰ ਦੇ ਅੱਧੇ ਤੋਂ ਵੀ ਘੱਟ ਮਰੀਜ ਹਨ ਜਿਹਨਾਂ ਵਿੱਚ ਕਿ ਇਸ ਰੋਗ ਦੀ ਜਾਂਚ ਹੋ ਪਾਈ ਹੈ। ਸਮੇਂ ਸਿਰ ਇਸ ਰੋਗ ਬਾਰੇ ਪਤਾ ਨਾ ਚਲਣ ਤੇ ਸਹੀ ਇਲਾਜ ਨਾ ਹੋਣ ਕਰਕੇ ਰੋਗ ਪੇਚੀਦਾ ਹੋ ਕੇ ਬਹੁਤ ਵੱਧ ਜਾਂਦਾ ਹੈ। ਟਾਈਪ ਟੂ ਦੀ ਡਾਈਬਟੀਜ਼ ਦਾ ਤਾਂ ਕਈ ਸਾਲਾਂ ਤੱਕ ਪਤਾ ਹੀ ਨਹੀਂ ਲੱਗਦਾ ਤੇ ਰੋਗ ਕਾਰਣ ਪੈਦਾ ਹੋਈ ਕਿਸੇ ਪੇਚੀਦਗੀ ਜਾ ਇਤਫਾਕਨ ਖੂਨ ਜਾਂ ਪੇਸ਼ਾਬ ਵਿੱਚ ਸ਼ੱਕਰ ਦੀ ਮਾਤਰਾ ਦੀ ਜਾਂਚ ਕਰਵਾਉਣ ਤੇ ਹੀ ਇਸ ਦਾ ਪਤਾ ਚਲ ਪਾਉਂਦਾ ਹੈ। ਡਾਈਬਟੀਜ ਨਾਲ ਹੋਣ ਵਾਲੀਆਂ ਕੁੱਲ ਮੌਤਾ ਵਿੱਚੋਂ ਸਾਉਥ ਅਫਰੀਕਾ ਵਿੱਚ 85 ਫਿਸਦੀ ਤਾਂ ਡਾਈਬਟੀਜ਼ ਦਾ ਪਤਾ ਨਾ ਲੱਗਣ ਕਾਰਨ ਹੀ ਹੋ ਜਾਂਦੀਆਂ ਹਨ। ਇਹ ਅਨੁਪਾਤ ਕੈਮਰੋਨ ਵਿੱਚ 80 ਫਿਸਦੀ, ਘਾਨਾ ਵਿੱਚ 70 ਫਿਸਦੀ ਤੇ ਤਨਜਾਨੀਆਂ ਵਿੱਚ 80 ਫਿਸਦੀ ਤੋਂ ਵੀ ਵੱਧ ਹੈ। ਡਾਈਬਟੀਜ਼ ਦੇ ਕੁੱਲ ਮਰੀਜਾਂ ਚੋਂ 85-95 ਫਿਸਦੀ ਟਾਈਪ ਟੂ ਦੀ ਡਾਈਬਟੀਜ਼ ਦਾ ਸ਼ਿਕਾਰ ਹੁੰਦੇ ਹਨ। ਟਾਈਪ ਟੂ ਦੀ ਡਾਈਬਟੀਜ਼ 80 ਫਿਸਦੀ ਤੱਕ ਤਾਂ ਖਾਣ ਪੀਣ ਦੀਆਂ ਆਦਤਾਂ ਬਦਲਣ, ਆਸ ਪਾਸ ਦੇ ਵਾਤਾਵਰਣ ਵਿੱਚ ਬਦਲਾਵ ਤੇ ਸ਼ਰੀਰਕ ਚੁਸਤੀ ਫੁਰਤੀ ਵਧਾ ਕੇ ਕੰਟਰੋਲ ਕੀਤੀ ਜਾ ਸਕਦੀ ਹੈ। ਟਾਈਪ ਵਨ ਦੀ ਡਾਈਬਟੀਜ਼ ਦੇ ਮਰੀਜਾਂ ਲਈ ਜਿੰਦਾ ਰਹਿਣ ਲਈ ਇਲਸੁਲਿਨ ਬਹੁਤ ਜਰੂਰੀ ਹੁੰਦੀ ਹੈ ਤੇ ਅਕਸਰ ਅੱਗੇ ਜਾ ਕੇ ਟਾਈਪ ਟੂ ਦੇ ਮਰੀਜਾਂ ਨੂੰ ਵੀ ਇਸ ਦੀ ਲੋੜ ਪੈ ਸਕਦੀ ਹੈ। ਭਾਵੇਂ ਵਿਸ਼ਵ ਸੇਹਤ ਸੰਗਠਨ ਵਲੋਂ ਇਨਸੁਲਿਨ ਨੂੰ ਜਰੂਰੀ ਦਵਾਈਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ ਪਰ ਅਜੇ ਵੀ ਕਈ ਵਿਕਾਸਸ਼ੀਲ ਦੇਸ਼ਾਂ ਵਿੱਚ ਇਹ ਬਿਨਾ ਰੁਕਾਵਟ ਉਪਲਬਧ ਨਹੀਂ ਹੁੰਦੀ ਹੈ। ਆਕਸਵਰਡ ਯੁਨੀਵਰਸੀਟੀ ਦੇ ਵਿਗਿਆਨਕਾਂ ਮੁਤਾਬਕ ਅੱਜ ਕੱਲ ਦੀ ਪੀੜੀ ਵਿੱਚ ਸ਼ਰੀਰਕ ਕੰਮ ਤੇ ਚੁਸਤੀ ਫੁਰਤੀ ਘੱਟਣ ਨਾਲ ਮੋਟਾਪਾ ਵੱਧ ਰਿਹਾ ਹੈ ਜਿਸ ਨਾਲ 2050 ਤੱਕ ਟਾਈਪ ਟੂ ਦੀ ਡਾਈਬਟੀਜ਼ ਦੇ 98 ਫਿਸਦੀ ਤੱਕ ਵੱਧਣ ਦਾ ਅੰਦੇਸ਼ਾ ਹੈ।
ਡਾਈਬਟੀਜ਼ ਦੇ ਮਰੀਜਾਂ ਦੀ ਗਿਣਤੀ ਦੇ ਲਗਾਤਾਰ ਵੱਧਣ ਦਾ ਕਾਰਨ ਅਬਾਦੀ ਵਿੱਚ ਵਾਧਾ, ਮੋਟਾਪੇ ਵਿੱਚ ਵਾਧਾ ਤੇ ਸ਼ਰੀਰਕ ਚੁਸਤੀ ਫੁਰਤੀ ਦਾ ਘੱਟਣਾ ਹੈ। ਵਿਸ਼ਵ ਸਿਹਤ ਸੰਗਠਨ ਦੇ ਹਾਲੀਆ ਅਨੁਮਾਨ ਮੁਤਾਬਕ ਭਾਰਤ ਵਿੱਚ ਸਾਰੀ ਦੁਨੀਆਂ ਤੋਂ ਵੱਧ ਡਾਈਬਟੀਜ਼ ਦੇ ਮਰੀਜ ਹਨ। ਡਾਕਟਰਾਂ ਮੁਤਾਬਕ ਭਾਰਤ ਵਿੱਚ ਹਰ 10 ਵਿੱਚੋਂ ਇੱਕ ਬੰਦਾ ਡਾਈਬਟੀਜ਼ ਦਾ ਸ਼ਿਕਾਰ ਹੁੰਦਾ ਹੈ। ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ 2000 ਵਿੱਚ 3 ਕਰੋੜ 17 ਲੱਖ ਡਾਈਬਟੀਜ਼ ਦੇ ਮਰੀਜ ਸਨ ਜੋਕਿ 2030 ਵਿੱਚ ਵੱਧ ਕੇ 7 ਕਰੋੜ 94 ਲੱਖ ਹੋ ਜਾਣਗੇ। ਡਾਈਬਟੀਜ਼ ਦੇ ਮਰੀਜਾਂ ਦੀ ਗਿਣਤੀ ਵਿੱਚ ਚੀਨ ਦੂਜੇ ਨੰਬਰ ਤੇ ਅਤੇ ਯੂ ਐਸ ਤੀਜੇ ਨੰਬਰ ਤੇ ਹੈ। ਚੀਨ ਵਿੱਚ 2000 ਵਿੱਚ 2 ਕਰੋੜ 8 ਲੱਖ ਡਾਈਬਟੀਜ਼ ਦੇ ਮਰੀਜ ਸਨ ਜੋਕਿ 2030 ਵਿੱਚ ਵੱਧ ਕੇ 4 ਕਰੋੜ 23 ਲੱਖ ਹੋ ਜਾਣਗੇ। ਯੂ ਐਸ ਵਿੱਚ 2000 ਵਿੱਚ 1 ਕਰੋੜ 77 ਲੱਖ ਮਰੀਜ ਸਨ ਜੋ ਕਿ 2030 ਵਿੱਚ ਵੱਧ ਕੇ 3 ਕਰੋੜ 3 ਲੱਖ ਹੋ ਜਾਣਗੇ। ਭਾਰਤ ਵਿੱਚ ਸ਼ਹਿਰਾਂ ਵਿੱਚ ਡਾਈਬਟੀਜ਼ ਦੇ 30 ਫਿਸਦੀ ਤੇ ਪਿੰਡਾਂ ਵਿੱਚ 60 ਫਿਸਦੀ ਮਰੀਜਾਂ ਨੂੰ ਤਾਂ ਇਹ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਨੂੰ ਇਹ ਰੋਗ ਹੈ ਤੇ ਬਾਦ ਵਿੱਚ ਰੋਗ ਵੱਧਣ ਤੇ ਉਹਨਾਂ ਨੂੰ ਕਈ ਤਕਲੀਫਾਂ ਦਾ ਸਾਮਣਾ ਕਰਨਾ ਪੈਂਦਾ ਹੈ। ਡਾਈਬਟੀਜ਼ ਦਾ ਮਰੀਜ ਔਸਤਨ ਆਪਣੀ ਆਮਦਨ ਦਾ 5 ਫਿਸਦੀ ਇਸ ਬਿਮਾਰੀ ਦੇ ਇਲਾਜ ਤੇ ਹੀ ਖਰਚ ਦਿੰਦਾ ਹੈ ਜਿਸ ਵਿੱਚ ਦਵਾਈਆਂ, ਪੈਥਾਲੋਜੀ ਟੈਸਟ ਤੇ ਡਾਕਟਰ ਦੀ ਫੀਸ ਤੇ ਖਰਚਾ ਹੁੰਦਾ ਹੈ। ਡਾਕਟਰਾਂ ਮੁਤਾਬਕ ਮਰੀਜ ਨੂੰ ਹਫਤੇ ਵਿੱਚ ਦੋ ਵਾਰ ਮਸ਼ੀਨ ਤੇ ਡਾਈਬਟੀਜ਼ ਦੀ ਜਾਂਚ ਕਰਨੀ ਜਾਂ ਕਰਵਾਉਣੀ ਚਾਹੀਦੀ ਹੈ ਜਿਸਦਾ ਇੱਕ ਵਾਰ ਦਾ ਖਰਚਾ 25 ਤੋਂ 50 ਰੁ. ਤੱਕ ਆਉਂਦਾ ਹੈ। ਦਵਾਈਆਂ ਤੇ ਡਾਕਟਰਾਂ ਦੀ ਫੀਸ ਦੇ ਖਰਚੇ ਵੱਖਰੇ  ਪਰ ਜੇਕਰ ਡਾਈਬਟੀਜ਼ ਦੀ ਜਾਂਚ ਕਰਣ ਦੀ ਪੱਟੀ ਸਸਤੀ ਹੋਵੇ ਤਾਂ ਲੋਕ ਅਣਗਹਿਲੀ ਤੋਂ ਬੱਚਦੇ ਹੋਏ ਡਾਈਬਟੀਜ਼ ਦੀ ਜਾਂਚ ਕਰ ਇਸ ਨੂੰ ਸ਼ੁਰੂਆਤੀ ਪੱਧਰ ਤੇ ਹੀ ਰੋਕ ਸਕਦੇ ਹਨ ਤੇ ਜੇ ਇੱਕ ਵਾਰ ਡਾਈਬਟੀਜ਼ ਕੰਟਰੋਲ ਵਿੱਚ ਆ ਜਾਵੇ ਫਿਰ ਖਰਚਾ ਵੀ ਘੱਟ ਹੁੰਦਾ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਜਿਹੜੇ ਮਰੀਜਾਂ ਨੂੰ 20 ਸਾਲ ਤੋਂ ਲੰਮੇ ਸਮੇਂ ਤੋਂ ਇਹ ਬਿਮਾਰੀ ਹੋਵੇ ਤਾਂ ਉਹਨਾਂ ਦੀਆਂ ਅੱਖਾਂ ਤੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਾੜਾ ਅਸਰ ਪੈਂਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਮਾਨ ਮੁਤਾਬਕ ਦੁਨੀਆ ਭਰ ਵਿੱਚ ਅੰਨੇਪਨ ਦੇ 3 ਕਰੋੜ 70 ਲੱਖ ਕੇਸਾਂ ਵਿੱਚ 4.8 ਫਿਸਦੀ ਲਈ ਡਾਈਬਟੀਜ਼ ਜਿੰਮੇਵਾਰ ਹੈ। ਡਾਕਟਰੀ ਸ਼ੋਧ ਨਾਲ ਇਹ ਸਾਬਤ ਹੋ ਚੁੱਕਿਆ ਹੈ ਕਿ ਸਹੀ ਇਲਾਜ ਨਾਲ ਇਹ ਖਤਰਾ 90 ਫਿਸਦੀ ਤੱਕ ਘਟਾਇਆ ਜਾ ਸਕਦਾ ਹੈ। ਇਸ ਲਈ ਜਿੱਥੇ ਡਾਈਬਟੀਜ਼ ਦੀ ਨਿਯਮਿਤ ਜਾਂਚ ਜਰੂਰੀ ਹੈ ਉਥੇ ਅੱਖਾਂ ਦੀ ਵੀ ਸਮੇਂ ਸਮੇਂ ਤੇ ਜਾਂਚ ਕੀਤੀ ਜਾਣੀ ਜਰੂਰੀ ਹੁੰਦੀ ਹੈ ਜੱਦਕਿ ਰਿਪੋਰਟ ਮੁਤਾਬਕ ਟਾਈਪ ਵਨ ਦੇ 26 ਫਿਸਦੀ ਤੇ ਟਾਈਪ ਟੂ ਦੇ 36 ਫਿਸਦੀ ਮਰੀਜਾਂ ਵਲੋਂ ਕਦੇ ਅੱਖਾਂ ਦੀ ਜਾਂਚ ਕਰਵਾਈ ਹੀ ਨਹੀਂ ਗਈ ਹੁੰਦੀ। ਇਹਨਾਂ ਵਿੱਚ ਜਿਆਦਾਤਰ ਪਿੰਡਾਂ ਵਿੱਚ ਰਹਿਣ ਵਾਲੇ ਜਾਂ ਵੱਡੀ ਉਮਰ ਦੇ ਮਰੀਜ ਹੁੰਦੇ ਹਨ। ਇਸ ਲਈ ਜਰੂਰੀ ਹੈ ਕਿ ਪਹਿਲਾਂ ਤਾਂ ਸਮੇਂ ਸਮੇਂ ਤੇ ਡਾਈਬਟੀਜ਼ ਦੀ ਜਾਂਚ ਕਰਵਾਈ ਜਾਵੇ ਤੇ ਜੇਕਰ ਡਾਈਬਟੀਜ਼ ਹੋਣ ਦਾ ਪਤਾ ਲੱਗੇ ਤਾਂ ਸਮੇਂ ਸਮੇਂ ਤੇ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਨੁਕਸਾਨ ਘੱਟੋ ਘੱਟ ਹੋਵੇ।

Translate »