February 16, 2012 admin

ਪਟਿਆਲਾ ਪੁਲਿਸ ਵੱਲੋਂ ਬੰਬ ਧਮਾਕੇ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ-ਐਸ.ਐਸ.ਪੀ.

* ਧਮਾਕੇ ਕਰਨ ਉਪਰੰਤ ਆਜ਼ਾਦ ਸੰਗਠਨ ਦੇ ਨਾਮ ‘ਤੇ ਲੈਂਦੇ ਸੀ ਜਿੰਮੇਵਾਰੀ
* ਦੋਸ਼ੀਆਂ ਵਿਰੁੱਧ ਪਹਿਲਾਂ ਵੀ ਹਰਿਆਣਾ ਵਿਖੇ ਕਈ ਕੇਸ ਦਰਜ਼

ਪਟਿਆਲਾ: 16 ਫਰਵਰੀ : ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਰਾਜਪੁਰਾ ਵੱਲੋਂ ਬੰਬ ਧਮਾਕੇ ਕਰਨ ਵਾਲੇ ਆਜ਼ਾਦ ਸੰਗਠਨ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ।
              ਇਸ ਸਬੰਧੀ ਐਸ.ਐਸ.ਪੀ. ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ ਅਤੇ ਡੀ.ਐਸ.ਪੀ. (ਡੀ) ਸ੍ਰ: ਜਗਜੀਤ ਸਿੰਘ ਜੱਲਾ ਦੀਆਂ ਹਦਾਇਤਾਂ ਅਨੁਸਾਰ ਐਸ.ਆਈ. ਕੁਲਜਿੰਦਰ ਸਿੰਘ ਗਰੇਵਾਲ ਇੰਚਾਰਜ ਸੀ.ਆਈ.ਏ. ਸਟਾਫ ਰਾਜਪੁਰਾ ਦੀ ਯੋਗ ਅਗਵਾਈ ਹੇਠ ਏ.ਐਸ.ਆਈ. ਬਲਜਿੰਦਰ ਸਿੰਘ ਚੱਠਾ ਨੇ ਸਮੇਤ ਪੁਲਿਸ ਪਾਰਟੀ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਪੰਜ ਬੰਬ ਧਮਾਕਿਆਂ ਦੇ ਜਿੰਮੇਵਾਰ ਸਾਗਰ ਉਰਫ ਆਜ਼ਾਦ, ਉਰਫ ਸੁਰਿੰਦਰ ਕੁਮਾਰ, ਉਰਫ ਜਤਿੰਦਰ, ਉਰਫ ਖੁਸ਼ੀ ਰਾਮ, ਉਰਫ ਕਾਲਾ ਪੁੱਤਰ ਉਮੇਦ ਸਿੰਘ ਉਰਫ ਵੈਦ ਪ੍ਰਕਾਸ਼, ਸ਼ਾਮ ਨਿਵਾਸ ਪੁੱਤਰ ਹਰਦਿਆਲ ਸਿੰਘ ਦੋਵੇਂ ਵਾਸੀ ਛੋਟੂ ਰਾਮ ਕਲੌਨੀ ਉਚਾਣਾ ਮੰਡੀ ਜ਼ਿਲ੍ਹਾ ਜੀਂਦ (ਹਰਿਆਣਾ), ਗੁਰਨਾਮ ਸਿੰਘ ਪੁੱਤਰ ਜੈ ਸਿੰਘ ਵਾਸੀ ਪਿੰਡ ਪਲਵਾ ਜ਼ਿਲ੍ਹਾ ਜੀਂਦ, ਪ੍ਰਵੀਨ ਸ਼ਰਮਾ ਪੁੱਤਰ ਸੱਜਣ ਸ਼ਰਮਾ ਵਾਸੀ ਉਦੇਪੁਰ ਜ਼ਿਲ੍ਹਾ ਜੀਂਦ ਅਤੇ ਰਾਜੇਸ਼ ਕੁਮਾਰ ਪੁੱਤਰ ਸੰਮਤ ਸਿੰਘ ਵਾਸੀ ਕੁਵਾਰੀ ਜ਼ਿਲ੍ਹਾ ਹਿਸਾਰ (ਹਰਿਆਣਾ) ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਜੁਰਮ ਕਰਨ ਦੀ ਯੋਜਨਾਂ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਗੈਂਗ ਦਾ ਮੁਖੀ ਸਾਗਰ ਹੈ ਜੋ ਕਿ ਆਜ਼ਾਦ ਸੰਗਠਨ ਦਾ ਮੁਖੀ ਵੀ ਹੈ ਅਤੇ ਧਮਾਕਾ ਕਰਨ ਤੋਂ ਅਗਲੇ ਦਿਨ ਅਖ਼ਬਾਰਾਂ ਵਿੱਚ ਬੰਬ ਧਮਾਕੇ ਦੀ ਜਿੰਮੇਵਾਰੀ ਵੀ ਲੈਂਦਾ ਸੀ।
              ਐਸ.ਐਸ.ਪੀ. ਨੇ ਦੱਸਿਆ ਕਿ ਇਹਨਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 26 ਮਿਤੀ 15-2-2012 ਨੂੰ ਧਾਰਾ 399, 402 ਅਤੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਥਾਣਾ ਸ਼ੰਭੂ ਵਿਖੇ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਮੁਢਲੀ ਪੁੱਛਗਿਛ ਦੌਰਾਨ ਮੰਨਿਆਂ ਹੈ ਕਿ ਉਹਨਾਂ ਨੇ ਸਾਲ 2009 ਵਿੱਚ ਹਰਿਆਣਾ ਰਾਜ ਦੇ ਪਿੰਡ ਸਟਕਪੁਰੀ ਜ਼ਿਲ੍ਹਾ ਮਵਾਤ ਦੇ ਬੁੱਚੜਖਾਨੇ ਵਿੱਚ 2, ਪਿੰਡ ਮਾਲਵ ਜ਼ਿਲ੍ਹਾ ਮਵਾਤ ਦੀ ਮਸਜ਼ਿਦ ਦੇ ਬਾਥਰੂਮ ਵਿੱਚ ਇੱਕ, ਸਿਟੀ ਜੀਂਦ ਅੰਦਰ ਪੈਂਦੀ ਮਸਜਿਦ ਦੇ ਬਾਥਰੂਮ ਵਿੱਚ ਇੱਕ ਅਤੇ ਸ਼ਹਿਰ ਸਫੀਦੋ ਦੇ ਵਿੱਚ ਇੱਕ ਬੰਬ ਧਮਾਕਾ ਕੀਤਾ ਸੀ । ਇਸ ਤਰ੍ਹਾਂ ਇਹਨਾਂ ਕਥਿਤ ਦੋਸ਼ੀਆਂ ਨੇ ਪੰਜ ਬੰਬ ਧਮਾਕੇ ਕਰਨੇ ਮੰਨੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਸਟਕਪੁਰੀ ਦੇ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਅਤੇ ਕਾਫੀ ਲੋਕ ਜ਼ਖਮੀ ਹੋਏ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਦੋਸ਼ੀਆਂ ਵਿਰੁੱਧ ਹਰਿਆਣਾ ਰਾਜ ਦੇ ਵੱਖ-ਵੱਖ ਥਾਣਿਆਂ ਵਿੱਚ ਕ੍ਰਮਵਾਰ ਮੁਕੱਦਮਾ ਨੰ: 38 ਮਿਤੀ 31-1-2009 ਨੂੰ ਵਿਸਫੋਟਕ ਐਕਟ ਦੀ ਧਾਰਾ ਤਹਿਤ ਥਾਣਾ ਪਲਾਨਾ ਜ਼ਿਲ੍ਹਾ ਮੁਵਾਤ, ਮੁਕੱਦਮਾ ਨੰਬਰ 52 ਮਿਤੀ 14-2-2009 ਨੂੰ ਧਾਰਾ 302 ਅਤੇ ਵਿਸਫੋਟਕ ਐਕਟ ਦੀ ਧਾਰਾ 3/4 ਅਧੀਨ ਥਾਣਾ ਪਲਾਨਾਂ ਜ਼ਿਲ੍ਹਾ ਮਵਾਤ, ਮੁਕੱਦਮਾ ਨੰਬਰ 102 ਮਿਤੀ 3-3-2009 ਨੂੰ ਵਿਸਫੋਟਕ ਐਕਟ ਦੀ ਧਾਰਾ 3 ਅਧੀਨ ਥਾਣਾ ਨੌਨ ਜ਼ਿਲ੍ਹਾ ਮਵਾਤ, ਮੁਕੱਦਮਾ ਨੰਬਰ 718 ਮਿਤੀ 2-11-09 ਵਿਸਫੋਟਕ ਐਕਟ ਦੀ ਧਾਰਾ 3 ਅਧੀਨ ਜ਼ਿਲ੍ਹਾ ਮਵਾਤ ਅਤੇ ਮੁਕੱਦਮਾ ਨੰਬਰ 330 ਮਿਤੀ 29-10-10 ਨੂੰ ਵਿਸਫੋਟਕ ਐਕਟ ਦੀ ਧਾਰਾ 3 ਅਧੀਨ ਥਾਣਾ ਸਿਟੀ ਜੀਂਦ ਵਿਖੇ ਦਰਜ਼ ਹੋਏ ਹਨ।
              ਐਸ.ਐਸ.ਪੀ. ਨੇ ਦੱਸਿਆ ਕਿ ਇਸ ਗੈਂਗ ਦਾ ਇੱਕ ਮੈਂਬਰ ਰਾਜੇਸ਼ ਕੁਮਾਰ ਪੁੱਤਰ ਸੰਮਤ ਸਿੰਘ ਪਹਾੜਾਂ ਵਿੱਚ ਪੱਥਰ ਤੋੜਨ ਦਾ ਕੰਮ ਕਰਦਾ ਸੀ ਅਤੇ ਇਹ ਗੈਂਗ ਉਸ ਪਾਸੋਂ ਪੱਥਰ ਤੋੜਨ ਲਈ ਜੋ ਵਿਸਫੋਟਕ ਸਮੱਗਰੀ ਵਰਤੀ ਜਾਂਦੀ ਸੀ ਲੈ ਕੇ ਧਮਾਕੇ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਪੰਜੇ ਦੋਸ਼ੀ ਹਰਿਆਣਾ ਰਾਜ ਨਾਲ ਸਬੰਧ ਰੱਖਦੇ ਹਨ ਇਸ ਲਈ ਇਹਨਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਹਰਿਆਣਾ ਪੁਲਿਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਸ ਦੌਰਾਨ ਇਹਨਾਂ ਪਾਸੋਂ ਹੋਰ ਵੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪ੍ਰੈਸ ਕਾਨਫਰੰਸ ਵਿੱਚ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ ਅਤੇ ਡੀ.ਐਸ.ਪੀ. (ਡੀ) ਸ੍ਰ: ਜਗਜੀਤ ਸਿੰਘ ਜੱਲਾ, ਡੀ.ਐਸ.ਪੀ. (ਐਚ) ਸ਼੍ਰੀ ਗੁਰਿੰਦਰਜੀਤ ਸਿੰਘ, ਇੰਸਪੈਕਟਰ ਸੁਖਮਿੰਦਰ ਸਿੰਘ ਚੌਹਾਨ ਏ.ਐਸ.ਆਈ. ਬਲਜਿੰਦਰ ਸਿੰਘ ਚੱਠਾ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।

Translate »