February 16, 2012 admin

ਸਿੱਖਰਾਜ ਦੀ ਪਹਿਲੀ ਰਾਜਧਾਨੀ ਲੋਹਗੜ ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆਉਣ ਲਈ ਪ੍ਰਧਾਨ ਮੰਤਰੀ ਨੂੰ ਮਿਲਾਂਗੇ – ਜੱਸੋਵਾਲ, ਬਾਵਾ

ਲੁਧਿਆਣਾ : ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਮੁੱਖ ਸ੍ਰਪ੍ਰਸਤ ਜਗਦੇਵ ਸਿੰਘ ਜੱਸੋਵਾਲ ਅਤੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਹੈ ਕਿ ਉਹ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ• ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆਉਣ ਲਈ ਪ੍ਰਧਾਨ ਮੰਤਰੀ ਨੂੰ ਮਿਲਣਗੇ ਤਾਂ ਜੋ ਉਹਨਾਂ ਨੂੰ ਇਹ ਅਪੀਲ ਕੀਤੀ ਜਾ ਸਕੇ ਕਿ ਉਹ ਪੁਰਾਤਤਵ ਵਿਭਾਗ ਰਾਹੀ ਇਸ ਪਵਿੱਤਰ ਤੇ ਇਤਿਹਾਸਕ ਅਸਥਾਨ ਲੋਹਗੜ• ਦੀ ਸੰਭਾਲ ਕਰਵਾ ਸਕਣ। ਜੱਸੋਵਾਲ ਅਤੇ ਬਾਵਾ ਨੇ ਫਾਊਡੇਸ਼ਨ ਦੇ ਵਫਦ ਸਮੇਤ ਲੋਹਗੜ• ਵਿਖੇ ਨਤਮਸਤਕ ਹੋਣ ਉਪਰੰਤ ਇੱਥੇ ਗੱਲਬਾਤ ਕਰਦਿਆ ਕਿਹਾ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮੰਗ ਪੱਤਰ ਸੋਪ ਕੇ ਇਹ ਪੁਰਜੋਰ ਮੰਗ ਕਰਨਗੇ ਕਿ ਲੋਹਗੜ• ਜਾਣ ਵਾਲੇ ਰਸਤੇ ਦੌਰਾਨ ਨਦੀ ਉਪਰ ਪੁਲ ਉਸਾਰਿਆ ਜਾਵੇ ਅਤੇ ਗੋਪਾਲ ਮੋਚਨ ਤੋ ਲੋਹਗੜ• ਤੱਕ ਦੇ ਇਤਹਾਸਿਕ ਰਸਤੇ ਦੀ ਸੜਕ ਬਣਾਈ ਜਾਵੇ। ਉਹਨਾਂ ਦੱਸਿਆ ਕਿ ਲੋਹਗੜ• ਵਿਖੇ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਪੁੱਜਣ ਤੇ ਗਿਆਨੀ ਜਸਵੰਤ ਸਿੰਘ ਕਥਾਵਾਚਕ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨ ਅਤੇ ਸਮਾਜ ਨੂੰ ਦੇਣ ਸਬੰਧੀ ਕਥਾ ਕਰਕੇ ਅਤੇ ਸ੍ਰੋਮਣੀ ਢਾਡੀ ਸੰਦੀਪ ਰੁਪਾਲੋ ਨੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਜੈਮਲ ਸਿੰਘ ਨੇ ਆਈਆਂ ਸੰਗਤਾਂ ਨੂੰ ਇਸ ਅਸਥਾਨ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ। ਜਦਕਿ ਜੱਥੇ ਦਾ ਸਵਾਗਤ ਅਤੇ ਸਾਰੇ ਪ੍ਰਬੰਧ ਬਾਵਾ ਦਵਿੰਦਰ ਸਿੰਘ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਹਰਿਆਣਾ ਨੇ ਕੀਤੇ। ਫਾਊਡੇਸ਼ਨ ਵਲੋ ਗਿਆਨੀ ਜਸਵੰਤ ਸਿੰਘ ਨੂੰ ਬਾਬਾ ਜੀ ਦਾ ਚਿੱਤਰ ਅਤੇ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਜੱਸੋਵਾਲ ਅਤੇ ਬਾਵਾ ਨੇ ਕਿਹਾ ਕਿ ਮਹਾਨ ਤਪੱਸਵੀ, ਤੇਜਸਵੀ ਯੋਧੇ ਜਰਨੈਲ, ਭਗਤੀ ਅਤੇ ਸ਼ਕਤੀ ਦਾ ਸੁਮੇਲ ਸ੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਅਤੇ ਸਮੁੱਚੀ ਮਾਨਵਤਾ ਨੂੰ ਦੇਣ ਸਾਨੂੰ ਜਿੰਦਗੀ ਜਿਉਣ ਦਾ ਰਾਸਤਾ ਦਿਖਾਉਦੀ ਹੈ। ਉਹਨਾਂ ਕਿਹਾ ਕਿ ਸਾਡਾ ਦੇਸ਼ ਮਹਾਨ ਗੁਰੂਆਂ, ਪੀਰਾਂ, ਫਕੀਰਾਂ ਅਤੇ ਸ਼ਹੀਦਾ ਦੀ ਧਰਤੀ ਹੈ ਜਿਹਨਾਂ ਨੇ ਸਮੇ ਸਮੇ ਸਿਰ ਮਨੁੱਖਤਾਂ ਨੂੰ ਸੇਧ ਦਿੱਤੀ , ਉਹਨਾਂ ਇਹ ਵੀ ਐਲਾਨ ਕੀਤਾ ਕਿ ਲੋਹਗੜ ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟੀ ਫਾਊਡੇਸ਼ਨ ਦੇਸ਼ ਵਿਦੇਸ਼ ਤੋ ਸੰਗਤਾਂ ਦਾ ਸਹਿਯੋਗ ਲੈ ਕੇ ਹੰਭਲਾਂ ਮਾਰੇਗੀ ਕਿਉਕਿ ਇਸ ਸਮੇ ਜੋ ਇਸ ਇਤਿਹਾਸਕ ਅਸਥਾਨ ਦੀ ਹਾਲਤ ਹੈ, ਉਹ ਸ਼ਬਦਾਂ ਰਾਹੀ ਬਿਆਨ ਨਹੀ ਕੀਤੀ ਜਾ ਸਕਦੀ। ਇਸ ਜੱਥੇ ਵਿਚ ਸਾਬਕਾ ਡੀ.ਆਈ.ਜੀ ਹਰਿੰਦਰ ਸਿੰਘ ਚਾਹਲ, ਹਰਦਿਆਲ ਸਿੰਘ ਅਮਨ ਜਨ. ਸਕੱਤਰ, ਐਨ.ਆਰ.ਆਈ ਸੁਰਜੀਤ ਸਿੰਘ ਮਾਣਕੀ ਮੁੱਖ ਪ੍ਰਚਾਰਕ, ਜਸਮੇਲ ਸਿੰਘ ਧਾਲੀਵਾਲ ਪ੍ਰਧਾਨ ਫਾਉਡੇਸ਼ਨ ਪੰਜਾਬ, ਜਨਮੇਜਾ ਸਿੰਘ ਜੋਹਲ, ਮਾਸਟਰ ਸਾਧੂ ਸਿੰਘ, ਪ੍ਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਲਲਤੋ, ਨਵਦੀਪ ਬਾਵਾ ਅਤੇ ਤਰਸੇਮ ਵਿਸੇਸ਼ ਤੌਰ ਤੇ ਹਾਜਰ ਸਨ।

Translate »