February 16, 2012 admin

3 ਰੋਜਾ ਪਲਸ ਪੋਲੀਓ ਮੁਹਿੰਮ 19 ਫਰਵਰੀ ਤੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ‘ਚ ਪਲਸ ਪੋਲੀਓ ਮੁਹਿੰਮ ਤਹਿਤ 67 ਹਜ਼ਾਰ 354 ਬੱਚਿਆਂ ਨੂੰ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ-ਡਿਪਟੀ ਕਮਿਸ਼ਨਰ

* ਪੋਲੀਓ ਦੀ ਦਵਾਈ ਪਿਲਾਉਣ ਲਈ 632 ਟੀਮਾਂ ਦਾ ਗਠਨ- 305 ਬੂਥ ਵੀ ਲੱਗਣਗੇ
ਫਤਹਿਗੜ੍ਹ ਸਾਹਿਬ: 16 ਫਰਵਰੀ : ਦੇਸ਼ ਨੂੰ ਪੋਲੀਓ ਮੁਕਤ ਕਰਨ ਲਈ ਚਲਾਈ ਜਾ ਰਹੀ ਪਲਸ ਪੋਲੀਓ ਮੁਹਿੰਮ ਤਹਿਤ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ 19 ਤੋਂ 21 ਫਰਵਰੀ ਤੱਕ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਵਰਗੀ ਘਾਤਕ ਬਿਮਾਰੀ ਤੋਂ ਬਚਾਉਣ ਲਈ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਜ਼ਿਲ੍ਹੇ ਦੇ ਲਗਭਗ 67 ਹਜ਼ਾਰ 354 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਇਨ੍ਹਾਂ ਬੱਚਿਆਂ ਵਿੱਚ 25 ਹਜ਼ਾਰ 814 ਸ਼ਹਿਰੀ ਅਤੇ 41 ਹਜ਼ਾਰ 540 ਪੇਂਡੂ ਖੇਤਰਾਂ ਦੇ ਬੱਚੇ ਸ਼ਾਮਲ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਨੇ ਅੱਜ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਰੂਮ ਵਿਖੇ ਸਿਹਤ ਵਿਭਾਗ ਦੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਸ਼੍ਰੀ ਮਹਾਜਨ ਨੇ ਦੱਸਿਆ ਕਿ ਇਸ ਕੰਮ ਨੂੰ ਨੇਪਰੇ ਚਾੜਨ ਲਈ ਜ਼ਿਲ੍ਹੇ ਵਿੱਚ 632 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਪੋਲੀਓ ਦੀ ਦਵਾਈ ਪਿਲਾਉਣ ਲਈ 305 ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ 19 ਫਰਵਰੀ ਨੂੰ ਬੂਥਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਬੱਸਾਂ ਅਤੇ ਧਾਰਮਿਕ ਸਥਾਨਾਂ ਦੇ ਬਾਹਰ ਬੂਥ ਲਗਾ ਕੇ ਬੱਚਿਆਂ ਨੂੰ ਦਵਾਈ ਪਿਲਾਈ ਜਾਵੇਗੀ ਅਤੇ 20 ਅਤੇ 21 ਫਰਵਰੀ ਨੂੰ ਇਹ ਟੀਮਾਂ ਘਰ-ਘਰ ਜਾ ਕੇ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਉਣਗੀਆਂ।  
         ਸ਼੍ਰੀ ਮਹਾਜਨ ਨੇ ਦੱਸਿਆ ਕਿ ਭੱਠਿਆਂ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਐਸ.ਡੀ.ਐਮਜ਼,  ਬੀ.ਡੀ.ਪੀ.ਓਜ਼,  ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ/ਪ੍ਰਾਇਮਰੀ), ਰੋਟਰੀ ਕਲੱਬਾਂ ਅਤੇ ਸਵੈ ਸੇਵੀ ਸੰਸਥਾਵਾਂ ਨੂੰ ਕਿਹਾ ਕਿ ਉਹ ਇਸ ਦੇਸ਼ ਵਿਆਪੀ ਮੁਹਿੰਮ ਨੂੰ ਸਫਲ ਕਰਨ ਲਈ ਆਪਣਾ ਯੋਗਦਾਨ ਪਾਉਣ। ਸ਼੍ਰੀ ਮਹਾਜਨ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਅਪਾਹਜ ਹੋਣ ਤੋਂ ਬਚਾਉਣ ਲਈ ਉਹ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦਵਾਈ ਦੀਆਂ ਬੂੰਦਾਂ ਜਰੂਰ ਪਿਲਾਉਣ ਤਾਂ ਜੋ ਉਹ ਇਸ ਖਤਰਨਾਕ ਬਿਮਾਰੀ ਤੋਂ ਬਚ ਕੇ ਇੱਕ ਤੰਦਰੂਸਤ ਨਾਗਰਿਕ ਦਾ ਜੀਵਨ ਬਸਰ ਕਰਕੇ ਦੇਸ਼ ਦੀ ਸੇਵਾ ਕਰ ਸਕਣ। ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਨੂੰ ਪੂਰੀ ਮਿਹਨਤ ‘ਤੇ ਲਗਨ ਨਾਲ ਨੇਪਰੇ ਚਾੜਿਆ ਜਾਵੇ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਪੋਲੀਓ ਦੀ ਦਵਾਈ ਦੀਆਂ ਬੂੰਦਾਂ ਪਿਲਾਉਣ ਨੂੰ ਯਕੀਨੀ ਬਣਾਇਆ ਜਾਵੇ। ਸ਼੍ਰੀ ਮਹਾਜਨ ਨੇ ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਸਾਰੇ ਬਲੈਕ ਬੋਰਡਾਂ ‘ਤੇ ਇਹ ਨਾਅਰਾ ਲਿਖਾਇਆ ਜਾਵੇ ਕਿ ’19,  20 ਅਤੇ 21 ਫਰਵਰੀ ਨੂੰ 0-5 ਸਾਲ ਦੇ ਬੱਚਿਆਂ ਲਈ ਦੋ ਬੂੰਦਾਂ ਜ਼ਿੰਦਗੀ ਦੀਆਂ’ ਅਤੇ ਸਕੂਲਾਂ ਦੀ ਸਵੇਰ ਦੀ ਪ੍ਰਾਥਨਾਂ ਦੌਰਾਨ ਵੀ ਬੱਚਿਆਂ ਨੂੰ ਇਹ ਦੱਸਿਆ ਜਾਵੇ ਕਿ ਉਹ ਆਪਣੇ ਪਰਿਵਾਰਾਂ ਦੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਦਵਾਈ ਦੀਆਂ ਬੂੰਦਾਂ ਜ਼ਰੂਰ ਪਿਲਾਉਣ।
         ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਸਰਕਾਰੀ ਸੰਸਥਾਵਾਂ ਵਿੱਚ ਜਣੇਪਾ ਕਰਵਾਉਣ ਵਾਲੀਆਂ ਗਰਭਵਤੀ ਮਾਵਾਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮਾਤਾ ਕੌਸ਼ਲਿਆ ਕਲਿਆਣ ਯੋਜਨਾ’ ਤਹਿਤ 31 ਜਨਵਰੀ 2012 ਤੱਕ 1673 ਗਰਭਵਤੀ ਔਰਤਾਂ ਨੂੰ 16 ਲੱਖ 73 ਹਜ਼ਾਰ ਰੁਪਏ ਦਿੱਤੇ ਗਏ ਹਨ ਅਤੇ 1 ਅਪ੍ਰੈਲ 2011 ਤੋਂ 31 ਜਨਵਰੀ 2012 ਤੱਕ ਜ਼ਿਲ੍ਹੇ ਵਿੱਚ 15 ਤੋਂ 49 ਸਾਲ ਤੱਕ ਦੀਆਂ ਔਰਤਾਂ ਦੀ ਮੌਤ ਦੇ 66 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 3 ਔਰਤਾਂ ਦੀ ਮੌਤ ਜਣੇਪੇ ਦੌਰਾਨ ਹੋਈ ਹੈ। ਉਨ੍ਹਾਂ ਦੱਸਿਆ ਕਿ ਮਦਰ ਅਤੇ ‘ਚਾਈਲਡ ਟਰੈਕਿੰਗ ਸਿਸਟਮ’ ਤਹਿਤ ਜ਼ਿਲ੍ਹੇ ਵਿੱਚ ਜੱਚਾ ਅਤੇ ਬੱਚੇ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ ਅਤੇ ਮਾਂ ਨੂੰ ਰਜਿਸਟ੍ਰੇਸ਼ਨ ਤੋਂ ਬਾਅਦ ਇੱਕ ਵਿਲਖੱਣ ਪਹਿਚਾਣ ਨੰਬਰ ਦਿੱਤਾ ਜਾਂਦਾ ਹੈ ਜਿਸ ਵਿੱਚ ਜੱਚਾ ਅਤੇ ਬੱਚਾ ਨੂੰ ਲੱਗਣ ਵਾਲੇ ਟੀਕਿਆਂ ਅਤੇ ਗਰਭਵਤੀ ਔਰਤਾਂ ਦੇ ਜਣੇਪੇ ਸਬੰਧੀ ਸਾਰਾ ਰਿਕਾਰਡ ਇਕੱਤਰ ਕਰਕੇ ਸਮੇਂ-ਸਮੇਂ ‘ਤੇ ਪਰਿਵਾਰਾਂ ਨੂੰ ਐਸ.ਐਮ.ਐਸ ਰਾਹੀਂ ਸੂਚਨਾ ਭੇਜੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਨਵਰੀ-2012 ਤੱਕ ਜ਼ਿਲ੍ਹੇ ਵਿੱਚ 2526 ਗਰਭਵਤੀ ਮਾਵਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਆਈਰਨ ਫੌਲੀਕਐਸਿਡ ਦੀਆਂ ਗੋਲੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜਨਵਰੀ 2012 ਤੱਕ ਜ਼ਿਲ੍ਹੇ ਦੇ 7791 ਬੱਚਿਆਂ ਨੂੰ ਵਿਟਾਮਿਨ ਏ ਦੀ ਖੁਰਾਕ ਦਿੱਤੀ ਗਈ ਹੈ, 7959 ਬੱਚਿਆਂ ਨੂੰ ਬੀ.ਸੀ.ਜੀ. ਦੀ ਖੁਰਾਕ, 8116 ਬੱਚਿਆਂ ਨੂੰ ਡੀ.ਪੀ.ਟੀ. ਅਤੇ ਓ.ਪੀ.ਵੀ. ਦੀ ਖੁਰਾਕ ਅਤੇ 8043 ਬੱਚਿਆਂ ਨੂੰ ਖਸਰੇ ਦੀ ਦਵਾਈ ਦਿੱਤੀ ਜਾ ਚੁੱਕੀ ਹੈ। ਸ਼੍ਰੀ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ/ ਸਿਹਤ ਕੇਂਦਰਾਂ ਵਿੱਚ 89.5 ਫੀਸਦੀ ਜਣੇਪੇ ਹੋਏ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਡਾਕਟਰਾਂ, ਸਵੈ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕਿਸੇ ਟੀ.ਬੀ. ਦੇ ਮਰੀਜ਼ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਇਸ ਸਬੰਧੀ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕੀਤਾ ਜਾ ਸਕੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਲੇਰੀਏ ਨੂੰ ਫੈਲਣ ਤੋਂ ਰੋਕਣ ਲਈ ਮੱਛਰਾਂ ਨੂੰ ਮਾਰਨ ਵਾਸਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੱਛਰ ਮਾਰ ਦਵਾਈ ਤੁਰੰਤ ਛਿੜਕਾਈ ਜਾਵੇ ਅਤੇ ਛੱਪੜਾਂ ਵਿੱਚ ਕਾਲਾ ਤੇਲ ਪਵਾਇਆ ਜਾਵੇ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 1053 ਸਕੂਲਾਂ ਵਿੱਚ ਬੱਚਿਆਂ ਦੀ ਸਿਹਤ ਦਾ ਮੁਆਇਨਾ ਕੀਤਾ ਗਿਆ ਹੈ ਜਿਸ ਦੌਰਾਨ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ 86 ਹਜ਼ਾਰ 296 ਬੱਚਿਆਂ ਵਿੱਚੋਂ 79 ਹਜ਼ਾਰ 612 ਦਾ ਜਨਵਰੀ 2012 ਤੱਕ ਮੁਫਤ ਮੈਡੀਕਲ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਬੱਚਿਆਂ ਵਿੱਚੋਂ ਕੈਂਸਰ ਤੋਂ ਪੀੜਤ ਮਿਲੇ 3 ਅਤੇ ਥੈਲੀਸੀਮਿਆ ਤੋਂ ਪੀੜਤ 1 ਬੱਚੇ ਨੂੰ ਇਲਾਜ਼ ਲਈ ਪੀ.ਜੀ.ਆਈ. ਅਤੇ ਹੋਰਨਾਂ ਵੱਡੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 2400 ਬੱਚਿਆਂ ਨੂੰ ਮੁਫਤ ਐਨਕਾਂ ਲਵਾਈਆਂ ਗਈਆਂ ਹਨ ਅਤੇ ਸਕੂਲਾਂ ਦੇ ਪਾਣੀ ਦੇ ਸੈਂਪਲ ਵੀ ਭਰੇ ਗਏ ਹਨ। ਸਿਹਤ ਵਿਭਾਗ ਦੇ ਕੁਝ ਐਸ.ਐਮ.ਓਜ਼ ਵੱਲੋਂ ਸਿਹਤ ਸਹੂਲਤਾਂ ਦੇਣ ਲਈ ਵੱਖ-ਵੱਖ ਸਕੀਮਾਂ ਅਧੀਨ ਜਾਰੀ ਕੀਤੇ ਗਏ ਫੰਡਾਂ ਦੀ ਘੱਟ ਵਰਤੋਂ ਕਰਨ ਦਾ ਸਖਤ ਨੋਟਿਸ ਲੈਂਦਿਆਂ ਹਦਾਇਤਾਂ ਕੀਤੀਆਂ ਕਿ ਭਵਿੱਖ ਵਿੱਚ ਜੇਕਰ ਕਿਸੇ ਐਸ.ਐਮ.ਓ. ਵੱਲੋਂ ਅਜਿਹਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
         ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ: ਨਿਰਵੈਰ ਸਿੰਘ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਵਿੱਚ ਚਾਨਣਾਂ ਪਾਇਆ। ਅੱਜ ਦੀ ਮੀਟਿੰਗ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸ਼੍ਰੀਮਤੀ ਰਜਿੰਦਰ ਕੌਰ ਸਲਾਣਾ, ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਅਰਵਿੰਦਰਪਾਲ ਸਿੰਘ ਸੰਧੂ, ਡੀ.ਡੀ.ਪੀ.ਓ. ਫਤਹਿਗੜ੍ਹ ਸਾਹਿਬ ਸ਼੍ਰੀ ਦਲਜੀਤ ਸਿੰਘ ਵਿਰਕ, ਆਈ.ਐਮ.ਏ. ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਡਾ. ਐਮ.ਕੇ. ਸਿੰਗਲ, ਡਾ. ਮਨਮੋਹਨ ਸ਼ਰਮਾਂ, ਨਹਿਰੂ ਯੁਵਾ ਕੇਂਦਰ ਦੇ ਸ਼੍ਰੀ ਪਰਮਜੀਤ ਸਿੰਘ ਸਮੇਤ ਜ਼ਿਲ੍ਹੇ ਦੇ ਸਮੂਹ ਸਿਹਤ ਅਫਸਰ, ਐਸ.ਐਮ.ਓ. ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Translate »