ਅੰਮ੍ਰਿਤਸਰ, 17 ਫਰਵਰੀ, 2012 : ਅੱਜ ਇਕ-ਦਿਨਾ ’18ਵੀਂ ਪਾਪੂਲਰ ਬਾਇਓ-ਟੈਕਨਾਲੋਜੀ ਲੈਕਚਰ ਸੀਰੀਜ਼’ ਦੀ ਵਿਚਾਰਗੋਸ਼ਟੀ ਦੌਰਾਨ ਮਾਹਿਰਾਂ ਨੇ ਅੱਜ ਦੁਨੀਆ ਵਿੱਚ ਵੱਧ ਰਹੀ ਖੁਰਾਕ ਦੀ ਮੰਗ ਦੀ ਪੂਰਤੀ ਲਈ ਬਾਇਓ-ਟੈਕਨਾਲੋਜੀ ਦੇ ਖੇਤਰ ਵਿੱਚ ਵੱਧ ਤੋਂ ਵੱਧ ਖੋਜਾਂ ਅਤੇ ਨਵੀਆਂ ਤਕਨੀਕਾਂ ਲੱਭਣ ‘ਤੇ ਜ਼ੋਰ ਦਿੱਤਾ। ਇਹ ਲੈਕਚਰ ਸੀਰੀਜ਼ ਦਾ ਆਯੋਜਨ ਖਾਲਸਾ ਕਾਲਜ ਦੇ ਬਾਇਓ-ਟੈਕਨਾਲੋਜੀ ਵਿਭਾਗ ਦੁਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੀ ਮਦਦ ਨਾਲ ਕਰਵਾਇਆ ਗਿਆ, ਜਿਸ ਵਿੱਚ ਆਏ ਹੋਏ ਮਾਹਿਰਾਂ ਨੇ ਬਾਇਓ-ਟੈਕਨਾਲੋਜੀ ਵਿੱਚ ਆਧੁਨਿਕ ਖੋਜ ਅਤੇ ਅਧਿਐਨ ਬਾਰੇ ਚਾਨਣਾ ਪਾਇਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਆਏ ਉੱਘੇ ਮਾਈਕ੍ਰੋ-ਬਾਇਲੌਜਿਸਟ, ਡਾ. ਜੀਐਸ ਕੋਚਰ ਨੇ ਵਾਤਾਵਰਨ-ਹਿਤੈਸ਼ੀ ਪਹੁੰਚ ਅਤੇ ਸੁਧਰ ਰਹੀਆਂ ਤਕਨੀਕਾਂ, ਜਿਸ ਨਾਲ ਖੁਰਾਕ ਨੂੰ ਜਿਆਦਾ ਸਮੇਂ ਤਕ ਸੰਭਾਲਿਆ ਜਾ ਸਕਦਾ ਹੈ, ਦੇ ਵਿਸ਼ੇ ‘ਤੇ ਜ਼ੋਰ ਦਿੱਤਾ। ਇਸੇ ਤਰ•ਾਂ ਇਸੇ ਯੂਨੀਵਰਸਿਟੀ ਤੋਂ ਆਏ ਸੀਨੀਅਰ ਵਿਗਿਆਨੀ, ਡਾ. ਐਸਕੇ ਸ਼ਰਮਾ ਨੇ ਖੁਰਾਕ ਦੀ ਸੰਭਾਲ ਦੀ ਤਕਨੀਕ ‘ਤੇ ਚਾਨਣਾ ਪਾਇਆ। ਪੀਐਸਸੀਐਸਟੀ ਦੇ ਸੀਨੀਅਰ ਵਿਗਿਆਨੀ, ਡਾ. ਅਲਕੇਸ਼ ਨੇ ਇਸ ਖੇਤਰ ਵਿੱਚ ਹੋ ਰਹੀਆਂ ਖੋਜਾਂ ਉਪਰ ਜਾਣਕਾਰੀ ਦਿੱਤੀ।
ਲੈਕਚਰ ਸੀਰੀਜ਼ ਤੋਂ ਬਾਅਦ ਇਕ ਦਿਲਚਸਪ ਪ੍ਰਸ਼ਨ-ਉੱਤਰਕਾਲ ਵੀ ਹੋਇਆ। ਲੈਕਚਰ ਸੀਰੀਜ਼ ਦੇ ਮੁੱਖ ਮਹਿਮਾਨ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਬਾਇਓ-ਟੈਕਨਾਲੋਜੀ ਦੇ ਖੇਤਰ ਵਿਚ ਜਿਆਦਾ ਤੋਂ ਜਿਆਦਾ ਖੋਜਾਂ ਹੋਣ ਤਾਂ ਕਿ ਵਿਸ਼ਵ ਵਿਚ ਖੁਰਾਕ ਦੀ ਵੱਧਦੀ ਹੋਈ ਮੰਗ ਨੂੰ ਨਾ ਸਿਰਫ ਪੂਰਾ ਕੀਤਾ ਜਾ ਸਕੇ, ਸਗੋਂ ਦੁਨੀਆ ਨੂੰ ਅਸੀਂ ਭੁੱਖਮਰੀ ਤੋਂ ਵੀ ਬਚਾ ਸਕੀਏ। ਉਨ•ਾਂ ਕਿਹਾ ਕਿ ਇਸ ਵਿਸ਼ੇ ਵਿੱਚ ਖੋਜ ਅਸੰਤੁਲਿਤ ਭੋਜਨ ਦੀ ਚੁਣੌਤੀ ਨੂੰ ਵੀ ਦੂਰ ਕਰਨ ਵਿਚ ਸਹਾਈ ਹੋਵੇਗੀ।
ਇਸ ਤੋਂ ਪਹਿਲਾ ਕਾਲਜ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਮਾਹਿਰਾਂ ਨੂੰ ਮੀਮੈਂਟੋ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਸ ਲੈਕਚਰ ਸੀਰੀਜ਼ ਦਾ ਮੁੱਖ ਮੰਤਵ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਵਿਸ਼ੇ ‘ਚ ਹੋ ਰਹੀਆਂ ਖੋਜਾਂ ਅਤੇ ਅਧਿਐਨ ਬਾਰੇ ਜਾਣਕਾਰੀ ਦੇਣਾ ਸੀ। ਪੀਐਸਸੀਐਸਟੀ ਦੀ ਪ੍ਰਿੰਸੀਪਲ ਸਾਂਇਟਿਫਿਕ ਅਫਸਰ, ਦਪਿੰਦਰ ਕੌਰ ਬਖਸ਼ੀ ਨੇ ਕਿਹਾ ਕਿ ਇਸ ਲੈਕਚਰ ਸੀਰੀਜ਼ ਦਾ ਮੁੱਖ ਮੰਤਵ ਆਮ ਲੋਕਾਂ, ਵਿਗਿਆਨੀਆਂ, ਖੋਜਕਾਰਾਂ ਅਤੇ ਵਿਦਿਆਰਥੀਆਂ ਨੂੰ ਵਿਸ਼ੇ ਬਾਰੇ ਭਰਪੂਰ ਜਾਣਕਾਰੀ ਦੇਣਾ ਹੈ।