ਅੰਮ੍ਰਿਤਸਰ 17 ਫਰਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਲਈ ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸਾਹਿਤ ਅਕਾਦਮੀ ਦਿੱਲੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ, ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਦੁਆਰਾ ਅਨੁਵਾਦਤ ਭਾਰਤੀ ਨਿੱਕੀ ਕਹਾਣੀ ਪੁਸਤਕ ਨੂੰ ਅਨੁਵਾਦ-ਪੁਰਸਕਾਰ ਦੇਣਾ ਘੋਸ਼ਿਤ ਕੀਤਾ ਹੈ। ਵਿਭਾਗ ਦੇ ਸਮੂਹ ਮੈਂਬਰ ਸਾਹਿਬਾਨ ਉਹਨਾਂ ਨੂੰ ਇਹ ਰਾਸ਼ਟਰੀ ਪੁਰਸਕਾਰ ਮਿਲਣ ‘ਤੇ ਖ਼ੁਦ ਨੂੰ ਸਨਮਾਨਿਤ ਹੋਇਆ ਮਹਿਸੂਸ ਕਰ ਰਹੇ ਹਨ। ਨਿਰਸੰਦੇਹ, ਇਹ ਡਾ. ਫ਼ਰੈਂਕ ਦੀ ਯੋਗਤਾ ਦਾ ਸਨਮਾਨ ਹੈ ਅਤੇ ਇਸ ਨਾਲ ਇਸ ਪੁਰਸਕਾਰ ਦੀ ਅਹਿਮੀਅਤ ਵਿਚ ਵੀ ਵਾਧਾ ਹੋਇਆ ਹੈ।
ਡਾ. ਫ਼ਰੈਂਕ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਨਾਲ ਲਗਭਗ ਡੇਢ ਦਹਾਕਾ ਜੁੜੇ ਰਹੇ। ਇਸ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਵਜੋ— ਉਹਨਾਂ ਨੇ ਹਮੇਸ਼ਾਂ ਯੋਗ ਅਗਵਾਈ ਦਿੱਤੀ ਹੈ। ਕੰਮ-ਸਭਿਆਚਾਰ ਪ੍ਰਤਿ ਉਹਨਾਂ ਦੀ ਗਹਿਰੀ ਦਿਲਚਸਪੀ ਅਤੇ ਪ੍ਰਤਿਬੱਧਤਾ ਦੇ ਇਸ ਵਿਭਾਗੀ-ਪਰਿਵਾਰ ਦੇ ਸਾਰੇ ਜੀਅ ਕਾਇਲ ਹਨ। ਡਾ. ਫ਼ਰੈਂਕ ਦੁਆਰਾ ਕੀਤੇ ਗਏ ਲਿਓ ਤਾਲਸਤਾਏ, ਆਨੋਤਨ ਚੇਖ਼ਵ, ਮੈਕਸਿਮ ਗੋਰਕੀ, ਬੋਰਿਸ ਪੋਲੇਵੋਈ, ਚੰਗੇਜ਼ ਆਇਤਮਾਤੋਵ, ਰਸੂਲ ਹਮਜ਼ਾਤੋਵ, ਵੇਰਾ ਪਨੋਵਾ, ਯੂਰੀ ਲੇਰਮਨਤੋਵ, ਏ—ਗਲਜ਼ ਅਤੇ ਬਰੋਦੋਵ ਆਦਿ ਦੀਆਂ ਸ਼ਾਹਕਾਰ ਰਚਨਾਵਾਂ ਦੇ ਅਨੁਵਾਦਾਂ ਨੇ ਪੰਜਾਬੀ ਅਦੀਬਾਂ, ਦਾਨਿਸ਼ਵਰਾਂ ਅਤੇ ਆਮ ਪਾਠਕਾਂ ਨੂੰ ਮਾਨਵੀ ਕਦਰਾਂ-ਕੀਮਤਾਂ ਅਤੇ ਮਾਨਵੀ ਸਰੋਕਾਰਾਂ ਨਾਲ ਜੋੜਿਆ ਹੈ।
ਇਸ ਤੋ— ਇਲਾਵਾ ਉਹਨਾਂ ਦੁਆਰਾ ਰਾਸ਼ਟਰੀ ਦਾਨਿਸ਼ਵਰਾਂ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਆਬਿਦ ਹੁਸੈਨ ਦੀਆਂ ਰਚਨਾਵਾਂ ਦੇ ਕੀਤੇ ਅਨੁਵਾਦ ਵੀ ਖ਼ਾਸੇ ਮੁੱਲਵਾਨ ਹਨ। ਉਹਨਾਂ ਦੀ ਬਹੁਭਾਸ਼ਾ ਯੋਗਤਾ ਸਾਨੂੰ ਮਾਂ-ਬੋਲੀ ਤੋ— ਇਲਾਵਾ ਦੂਸਰੀਆਂ ਭਾਸ਼ਾਵਾਂ ਦੀ ਜਾਣਕਾਰੀ ਹਾਸਲ ਕਰਨ ਲਈ ਹਮੇਸ਼ਾ ਪ੍ਰੇਰਦੀ ਰਹਿੰਦੀ ਹੈ।
ਡਾ. ਫ਼ਰੈਂਕ ਨੇ ਸਭਿਆਚਾਰ, ਪੰਜਾਬੀ ਸਭਿਆਚਾਰ, ਪੰਜਾਬੀ ਕਹਾਣੀ ਅਤੇ ਮਾਰਕਸਵਾਦੀ ਸਾਹਿਤ ਅਧਿਐਨ ਦੇ ਸਿੱਧਾਂਤਕ ਮੁੱਦਿਆਂ ਸੰਬੰਧੀ ਵੀ ਨਿੱਠ ਕੇ ਖੋਜ ਕਾਰਜ ਕੀਤਾ ਹੈ। ਉਹਨਾਂ ਦੁਆਰਾ ਰਚੀਆਂ ਪੁਸਤਕਾਂ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਸੰਬਾਦ-1/1984, ਕਹਾਣੀ ਅਤੇ ਪੰਜਾਬੀ ਕਹਾਣੀ ਅਤੇ ਵਿਰੋਧ-ਵਿਕਾਸ ਅਤੇ ਸਾਹਿਤ ਨਾ ਸਿਰਫ਼ ਸਾਡੇ ਖੋਜਾਰਥੀਆਂ ਬਲਕਿ ਇਸ ਖੇਤਰ ਨਾਲ ਜੁੜੇ ਤਮਾਮ ਖੋਜੀਆਂ ਅਤੇ ਅਧਿਆਪਕਾਂ ਦਾ ਮਾਰਗ-ਦਰਸ਼ਨ ਕਰ ਰਹੀਆਂ ਹਨ।