ਅੰਮ੍ਰਿਤਸਰ: 17 ਫਰਵਰੀ- ਦੁਆਬਾ ਖੇਤਰ ‘ਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਥੰਮ ਵਜੋ ਜਾਣੇ ਜਾਂਦੇ ਸੰਤ ਪਰਮਜੀਤ ਸਿੰਘ ਮਾਹਲਪੁਰੀ ਦੇ ਅਚਾਨਕ ਅਕਾਲ ਚਲਾਣੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਡੂੰਘੇ ਅਫਸੋਸ ਦਾ ਇਜ਼ਹਾਰ ਕੀਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਰਲੀਜ਼ ਰਾਹੀਂ ਜਾਣਕਾਰੀ ਦੇਂਦਿੰਆਂ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਸੰਤ ਪਰਮਜੀਤ ਸਿੰਘ ਮਾਹਲਪੁਰੀ ਦਾ ਅਚਾਨਕ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਨਾਲ ਸਿੱਖ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਤਕਰੀਬਨ 69 ਸਾਲਾਂ ਦੇ ਸਵਰਗਵਾਸੀ ਸੰਤ ਪਰਮਜੀਤ ਸਿੰਘ ਮਾਹਲਪੁਰੀ ਪੂਰਨ ਗੁਰਸਿੱਖ ਪਰਿਵਾਰ ‘ਚ ਸਵ:ਜਥੇਦਾਰ ਬਲਦੇਵ ਸਿੰਘ ਮਾਹਲਪੁਰੀ ਦੇ ਘਰ ਜਨਮੇ ਸਨ, ਉਹ ਸਵ: ਜਥੇਦਾਰ ਬਲਦੇਵ ਸਿੰਘ ਮਾਹਲਪੁਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਰੀਬਨ 20 ਸਾਲ ਮੈਂਬਰ ਰਹੇ ਸਨ ਤੇ ਆਪਣੇ ਸਮੇਂ ‘ਚ ਉਹਨਾਂ ਵੱਲੋਂ ਵੀ ਸਿੱਖੀ ਦੇ ਪ੍ਰਚਾਰ ‘ਚ ਵੱਡਾ ਯੋਗਦਾਨ ਪਾਇਆ ਸੀ। ਪਿਤਾ ਦੇ ਨਕਸੇ ਕਦਮ ਤੇ ਚੱਲਦਿਆਂ ਸੰਤ ਪਰਮਜੀਤ ਸਿੰਘ ਮਾਹਲਪੁਰੀ ਬਚਪਨ ਤੋਂ ਸਕੂਲੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੇ ਸਨ ਤੇ ਦਮਦਮੀ ਟਕਸਾਲ ਜਥਾ ਭਿੰਡਰਾਂ ਦੇ ਵਿਦਿਆਰਥੀ ਸਨ।
ਸੰਤ ਪਰਮਜੀਤ ਸਿੰਘ ਮਾਹਲਪੁਰੀ ਸੰਤ ਬਾਬਾ ਗੁਰਬਚਨ ਸਿੰਘ ਜੀ ਮੁਖੀ ਦਮਦਮੀ ਟਕਸਾਲ ਦੇ ਸਮੇਂ ਤੋਂ ਟਕਸਾਲ ‘ਚ ਆਏ ਤੇ ਸੰਤ ਕਰਤਾਰ ਸਿੰਘ ਜੀ, ਸੰਤ ਜਰਨੈਲ ਸਿੰਘ ਖਾਲਸਾ ਤੇ ਫਿਰ ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ‘ਚ ਟਕਸਾਲ ਨਾਲ ਜੁੜੇ ਰਹੇ। ਉਹ ਸੰਤ ਸਮਾਜ ਦੇ ਜਨਰਲ ਸਕੱਤਰ ਵੀ ਸਨ, ਸਾਂਤ ਸੁਭਾਅ ਦੇ ਮਾਲਕ ਸਵ: ਸੰਤ ਪਰਮਜੀਤ ਸਿੰਘ ਹਮੇਸ਼ਾ ਹੀ ਧਾਰਮਿਕ ਪ੍ਰੋਗਰਾਮ ਕਰਵਾਉਣ ਵਿਚ ਰੁਚੀ ਰੱਖਦੇ ਸਨ। ਮਾਹਲਪੁਰੀ ਪਰਿਵਾਰ ਵੱਲੋਂ ਸਿੱਖੀ ਪ੍ਰਚਾਰ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਸਦਕਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵ: ਸੰਤ ਪਰਮਜੀਤ ਸਿੰਘ ਦੇ ਛੋਟੇ ਭਰਾ ਪ੍ਰੋਫੈਸਰ ਅਪਿੰਦਰ ਸਿੰਘ ਦੀ ਧਰਮ ਸੁਪਤਨੀ ਬੀਬੀ ਰਣਜੀਤ ਕੌਰ ਜੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਹਨ। ਇਸ ਤਰਾਂ ਦਰਜਾ-ਬਾ ਦਰਜਾ ਸਿੱਖ ਪੰਥ ਦੀ ਚੜ•ਦੀ ਕਲਾ ਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਦੀ ਇੱਛਾ ਰੱਖਣ ਵਾਲੇ ਮਾਹਲਪੁਰੀ ਪਰਿਵਾਰ ਵਿੱਚੋਂ ਸਵ: ਸੰਤ ਪਰਮਜੀਤ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਮਾਹਲਪੁਰੀ ਪਰਿਵਾਰ ਤੇ ਸਿੱਖ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ•ਾਂ ਦੇ ਅੰਤਮ ਸੰਸਕਾਰ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਪ੍ਰਧਾਨ ਜਥੇਦਾਰ ਅਵਤਾਰ ਸਿੰਘ) ਵੱਲੋਂ ਲੋਈ ਤੇ ਸਿਰੋਪਾਉ ਐਡੀ:ਸਕੱਤਰ ਸ.ਤਰਲੋਚਨ ਸਿੰਘ ਲੈ ਕੇ ਗਏ। ਇਸ ਲਈ ਮੈਂ ਪੂਰੇ ਮਾਹਲਪੁਰੀ ਪਰਿਵਾਰ ਤੇ ਸੰਤ ਸਮਾਜ ਨਾਲ ਡੂੰਘੇ ਅਫਸੋਸ ਦਾ ਇਜਹਾਰ ਕਰਦਾ ਹੋਇਆ ਸਤਿਗੁਰੂ ਦੇ ਚਰਨਾਂ ‘ਚ ਅਰਦਾਸ ਹਾਂ ਕਿ ਸਤਿਗੁਰੂ ਸੰਤ ਪਰਮਜੀਤ ਸਿੰਘ ਨੂੰ ਆਪਣੇ ਚਰਨਾਂ ‘ਚ ਨਿਵਾਸ ਤੇ ਪਿਛੇ ਪਰਿਵਾਰ, ਪੰਥ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।