February 17, 2012 admin

ਬੱਚਿਆਂ ਨੂੰ ਅਪੰਗਤਾ ਤੋਂ ਬਚਾਉਣ ਲਈ ਪਲਸ ਪੋਲੀਓ ਦਿਵਸ ਮੌਕੇ ਦੋ ਬੂੰਦਾਂ ਜ਼ਿੰਦਗੀ ਦੀਆਂ ਜਰੂਰ ਪਿਲਾਈਆਂ ਜਾਣ

ਅੰਮ੍ਰਿਤਸਰ, 17 ਫਰਵਰੀ : ਬੱਚਿਆਂ ਨੂੰ ਅਪੰਗਤਾ ਤੋਂ ਬਚਾਉਣ ਲਈ 19 ਫਰਵਰੀ ਦਿਨ ਐਤਵਾਰ ਨੂੰ ਪਲਸ ਪੋਲੀਓ ਦਿਵਸ ਮੌਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਦੋ ਬੂੰਦਾਂ ਜ਼ਿੰਦਗੀ ਦੀਆਂ (ਪੋਲੀਓ ਬੂੰਦਾਂ) ਜਰੂਰ ਪਿਲਾਈਆਂ ਜਾਣ ਚਾਹੇ ਉਸ ਬੱਚੇ ਨੇ ਪਹਿਲਾਂ ਵੀ ਕਿਉਂ ਨਾ ਪੋਲੀਓ ਬੂੰਦਾਂ ਪੀਤੀਆਂ ਹੋਣ। ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣੀਆਂ ਹਰ ਮਾਂ-ਬਾਪ ਦਾ ਫਰਜ਼ ਹੈ ਕਿਉਂਕਿ ਜੇਕਰ ਕੋਈ ਮਾਂ-ਬਾਪ ਉਸ ਦਿਨ ਆਪਣੇ ਬੱਚੇ ਨੂੰ ਇਹ ਬੂੰਦਾਂ ਨਹੀਂ ਪਿਲਾਉਂਦਾ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਦਾ ਬੱਚਾ ਪੋਲੀਓ ਦੀ ਮਾਰ ਹੇਠ ਆ ਕੇ ਹਮੇਸ਼ਾਂ ਲਈ ਅਪੰਗ ਹੋ ਜਾਵੇ। ਇਸ ਲਈ ਹਰ ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਉਹਨਾਂ ਦੀ ਤੰਦਰੁਸਤੀ ਲਈ ਇਹ ਪੋਲੀਓ ਬੂੰਦਾਂ ਜਰੂਰ ਪਿਲਾਉਣੀਆਂ ਚਾਹੀਦੀਆਂ ਹਨ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣਾ ਚਾਹੀਦਾ ਹੈ ਤਾਂ ਜੋ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਸਾਡੇ ਦੇਸ਼ ਵਿੱਚੋਂ ਹਮੇਸ਼ਾਂ ਲਈ ਖਤਮ ਹੋ ਜਾਵੇ।
ਡਾ. ਰਸ਼ਮੀ ਵਿੱਜ ਨੇ ਪੋਲੀਓ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ 0 ਤੋਂ ਲੈ ਕੇ 5 ਸਾਲ ਤੱਕ ਬੱਚਿਆਂ ਨੂੰ ਪੋਲੀਓ ਬੂੰਦਾਂ ਨਹੀਂ ਪਿਲਾਈਆਂ ਜਾਂਦੀਆਂ ਤਾਂ ਅਜਿਹੇ ਬੱਚਿਆਂ ਨੂੰ ਪੋਲੀਓ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਪੋਲੀਓ ਹੋਣ ਨਾਲ ਜਿਥੇ ਬੱਚਾ ਜ਼ਿੰਦਗੀ ਭਰ ਲਈ ਅਪੰਗ ਹੋ ਜਾਂਦਾ ਹੈ ਉਥੇ ਕਈ ਵਾਰ ਇਹ ਛੋਟੇ ਬੱਚਿਆਂ ਲਈ ਜਾਨਲੇਵਾ ਵੀ ਸਾਬਤ ਹੋ ਜਾਂਦਾ ਹੈ। ਡਾ ਰਸ਼ਮੀ ਵਿੱਜ ਨੇ ਵੀ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੁੰ 19 ਫਰਵਰੀ ਵਾਲੇ ਕੋਈ ਅਣਗਿਹਲੀ ਨਹੀਂ ਕਰਨੀ ਚਾਹੀਦੀ ਅਤੇ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਪੋਲੀਓ ਬੂਥ ‘ਤੇ ਲੈ ਕੇ ਜਰੂਰ ਆਉਣਾ ਚਾਹੀਦਾ ਹੈ।
ਡਾ. ਰਸ਼ਮੀ ਨੇ ਦੱਸਿਆ ਕਿ ਸਾਰੀ ਦੁਨੀਆਂ ਵਿੱਚ ਪੋਲੀਓ ਨੂੰ ਖਤਮ ਕਰਨ ਲਈ ਵਿਸ਼ਵ ਵਿਆਪੀ ਮੁਹਿੰਮ ਆਰੰਭੀ ਗਈ ਹੈ ਅਤੇ ਕਈ ਦੇਸ਼ਾਂ ਨੇ ਇਸ ‘ਤੇ ਕਾਬੂ ਵੀ ਪਾ ਲਿਆ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਵੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਮੁਹਿੰਮ ਚੱਲ ਰਹੀ ਹੈ ਜਿਸਦੇ ਸਿੱਟੇ ਬਹੁਤ ਵਧੀਆ ਰਹੇ ਹਨ ਅਤੇ ਹੁਣ ਇੱਕ ਸਾਲ ਤੋਂ ਸਾਰੇ ਦੇਸ਼ ਵਿੱਚ ਇੱਕ ਵੀ ਪੋਲੀਓ ਦਾ ਕੇਸ ਸਾਹਮਣੇ ਨਹੀਂ ਆਇਆ ਹੈ ਜੋ ਕਿ ਸਾਡੇ ਲਈ ਸ਼ੁਭ ਸੰਕੇਤ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਵਿੱਚੋਂ ਪੋਲੀਓ ਦੇ ਖਾਤਮੇ ਲਈ ਇਸ ਮੁਹਿੰਮ ਨੂੰ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਜਿਥੇ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣੀਆਂ ਚਾਹੀਦੀਆਂ ਹਨ ਉਥੇ ਆਪਣੇ ਆਂਢ-ਗੁਆਂਢ ਦੇ ਬੱਚਿਆਂ ਨੂੰ ਵੀ ਪੋਲੀਓ ਬੂੰਦਾਂ ਪਿਲਾਉਣ ਲਈ ਉਹਨਾਂ ਦੇ ਮਾਪਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

Translate »