February 17, 2012 admin

ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀ ਵੋਟਾਂ ਦੀ ਗਿਣਤੀ 6 ਮਾਰਚ ਨੂੰ ਮਾਤਾ ਗੁਜ਼ਰੀ ਕਾਲਜ ਵਿਖੇ ਹੋਵੇਗੀ: ਜ਼ਿਲ੍ਹਾ ਚੋਣ ਅਫਸਰ

* ਗਿਣਤੀ ਸਟਾਫ ਦੀ ਰਿਹਰਸਲ ਕਰਵਾਈ
ਫਤਹਿਗੜ੍ਹ ਸਾਹਿਬ: 17 ਫਰਵਰੀ : ਵਿਧਾਨ ਸਭਾ ਚੋਣਾਂ ਦੀ 6 ਮਾਰਚ ਨੂੰ ਹੋਣ ਵਾਲੀ ਗਿਣਤੀ ਲਈ ਲਗਾਏ ਜਾਣ ਵਾਲੇ ਗਿਣਤੀ ਸਟਾਫ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਸਬੰਧੀ ਬਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਦੀ ਪ੍ਰਧਾਨਗੀ ਹੇਠ ਅਗੇਤੀ ਰਿਹਰਸਲ ਕਰਵਾਈ ਗਈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦੇ ਤਿੰਨੋ ਵਿਧਾਨ ਸਭਾ ਹਲਕੇ 54-ਬਸੀ ਪਠਾਣਾ, 55-ਫਤਹਿਗੜ੍ਹ ਸਾਹਿਬ ਤੇ 56-ਅਮਲੋਹ ਵਿੱਚ ਪਈਆਂ ਵੋਟਾਂ ਦੀ ਗਿਣਤੀ 6 ਮਾਰਚ ਨੂੰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਹੋਵੇਗੀ ਜਿਸ ਲਈ ਬਸੀ ਪਠਾਣਾ ਅਤੇ ਫਤਹਿਗੜ੍ਹ ਸਾਹਿਬ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ 14-14 ਟੇਬਲ ਅਤੇ ਅਮਲੋਹ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ 10 ਟੇਬਲ ਲਗਾਏ ਜਾਣਗੇ ਜਿਸ ‘ਚ 150 ਦੇ ਕਰੀਬ ਗਿਣਤੀ ਸਟਾਫ ਹੋਵੇਗਾ। ਸ਼੍ਰੀ ਮਹਾਜਨ ਨੇ ਦੱਸਿਆ ਕਿ ਹਰੇਕ ਟੇਬਲ ‘ਤੇ ਚਾਰ ਮੈਂਬਰੀ ਸਟਾਫ ਹੋਵੇਗਾ ਜਿਸ ਵਿੱਚ ਇੱਕ ਗਿਣਤੀ ਸੁਪਰਵਾਈਜਰ, ਇੱਕ ਸਹਾਇਕ ਸੁਪਰਵਾਈਜਰ, ਇੱਕ ਮਾਈਕਰੋ ਅਬਜ਼ਰਵਰ ਤੋਂ ਇਲਾਵਾ ਇੱਕ ਵੀਡੀਓਗ੍ਰਾਫਰ ਹੋਵੇਗਾ। ਉਨ੍ਹਾਂ ਦੱਸਿਆ ਕਿ ਗਿਣਤੀ ਦੌਰਾਨ ਚੋਣ ਲੜਨ ਵਾਲਾ ਉਮੀਦਵਾਰ ਹਰੇਕ ਕਾਊਂਟਰ ‘ਤੇ ਆਪਣਾ ਇੱਕ ਕਾਊਂਟਿੰਗ ਏਜੰਟ ਬਿਠਾ ਸਕਦਾ ਹੈ।
         ਜ਼ਿਲ੍ਹਾ ਚੋਣ ਅਫਸਰ ਸ਼੍ਰੀ ਮਹਾਜਨ ਨੇ ਦੱਸਿਆ ਕਿ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ 6 ਮਾਰਚ ਨੂੰ ਹੋਣ ਵਾਲੀ ਗਿਣਤੀ ਲਈ ਹਰੇਕ ਹਲਕੇ ਦੇ ਵੱਖ-ਵੱਖ ਗਿਣਤੀ ਕੇਂਦਰ ਬਣਾਏ ਜਾਣਗੇ ਜਿਨ੍ਹਾਂ ਵਿੱਚ ਹਲਕਾ 54-ਬਸੀ ਪਠਾਣਾਂ ਦੀ ਵੋਟਾਂ ਦੀ ਗਿਣਤੀ ਕਮਰਸ ਬਲਾਕ ਦੀ ਪਹਿਲੀ ਮੰਜ਼ਿਲ ‘ਤੇ, ਹਲਕਾ 55-ਫਤਹਿਗੜ੍ਹ ਸਾਹਿਬ ਦੀ ਵੋਟਾਂ ਦੀ ਗਿਣਤੀ ਮੈਨੇਜਮੈਂਟ ਬਲਾਕ ਦੀ ਦੂਜੀ ਮੰਜ਼ਿਲ ‘ਤੇ ਅਤੇ ਹਲਕਾ 56-ਅਮਲੋਹ ਦੀ ਵੋਟਾਂ ਦੀ ਗਿਣਤੀ ਲਾਈਫ ਸੈਂਸਿਫ ਬਲਾਕ ਦੀ ਪਹਿਲੀ ਮੰਜ਼ਿਲ ‘ਤੇ ਹੋਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8:00 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸਮੂਹ ਗਿਣਤੀ ਸਟਾਫ ਸਵੇਰੇ 6:00 ਵਜੇ ਆਪਣੀ-ਆਪਣੀ ਡਿਊਟੀ ‘ਤੇ ਹਾਜ਼ਰ ਹੋਵੇਗਾ। ਸ਼੍ਰੀ ਮਹਾਜਨ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕਾਊਂਟਿੰਗ ‘ਚ ਲੱਗੇ ਅਮਲੇ ਦੀਆਂ ਡਿਊਟੀਆਂ ਸਬੰਧੀ ਉਨ੍ਹਾਂ ਨੂੰ ਮੌਕੇ ‘ਤੇ ਹੀ ਦੱਸਿਆ ਜਾਵੇਗਾ ਕਿ ਉਨ੍ਹਾਂ ਦੀ ਡਿਊਟੀ ਕਿਹੜੇ ਹਲਕੇ ਦੇ ਗਿਣਤੀ ਕੇਂਦਰ ਵਿੱਚ ਹੈ। ਉਨ੍ਹਾਂ ਸਮੂਹ ਕਾਊਂਟਿੰਗ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਗਿਣਤੀ ਦੌਰਾਨ ਸਬੰਧਤ ਰਿਟਰਨਿੰਗ ਅਫਸਰ ਤੋਂ ਇਲਾਵਾ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਮੋਬਾਇਲ ਫੋਨ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਤਿੰਨਾਂ ਗਿਣਤੀ ਕੇਂਦਰਾਂ ਵਿੱਚ ਮੀਡੀਆ ਸੈਂਟਰ ਵੀ ਸਥਾਪਤ ਕੀਤੇ ਜਾਣਗੇ ਜਿੱਥੇ ਰਿਟਰਨਿੰਗ ਅਫਸਰ ਹਰੇਕ ਰਾਊਂਡ ਉਪਰੰਤ ਪੱਤਰਕਾਰਾਂ ਨੂੰ ਵੋਟਾਂ ਦੀ ਗਿਣਤੀ ਸਬੰਧੀ ਸੂਚਨਾ ਮੁਹੱਈਆ ਕਰਵਾਉਣਗੇ।
         ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਗਿਣਤੀ ਵਾਲੇ ਦਿਨ ਮੌਕੇ ‘ਤੇ ਹਾਜ਼ਰ ਵੀਡੀਓ ਟੀਮਾਂ ਵੱਲੋਂ ਗਿਣਤੀ ਦੌਰਾਨ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਕਾਊਂਟਿੰਗ ਸਟਾਫ ਦੀ 24/2/2012 ਨੂੰ ਮੁੜ ਬਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਰਿਹਰਸਲ ਕਰਵਾਈ ਜਾਵੇਗੀ ਤਾਂ ਜੋ ਗਿਣਤੀ ਵਾਲੇ ਦਿਨ ਸਾਰੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਹਲਕਾ 54-ਬਸੀ ਪਠਾਣਾਂ ਦੀ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਸ਼੍ਰੀਮਤੀ ਨਵਜੋਤ ਕੌਰ, ਹਲਕਾ 55 ਫਤਹਿਗੜ੍ਹ ਸਾਹਿਬ ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਸ. ਅਰਵਿੰਦਰਪਾਲ ਸਿੰਘ ਸੰਧੂ, ਹਲਕਾ 56-ਅਮਲੋਹ ਦੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ. ਸ. ਤੇਜਿੰਦਰ ਸਿੰਘ ਧਾਲੀਵਾਲ, ਤਹਿਸੀਲਦਾਰ (ਚੋਣਾਂ) ਸ. ਲਾਭ ਸਿੰਘ, ਜ਼ਿਲ੍ਹਾ ਸੂਚਨਾ ਅਫਸਰ ਸ਼੍ਰੀ ਐਸ.ਕੇ. ਬਾਂਗਾ ਤੋਂ ਇਲਾਵਾ ਕਾਊਂਟਿੰਗ ਸਟਾਫ ਵੀ ਹਾਜ਼ਰ ਸੀ।

Translate »