ਲੁਧਿਆਣਾ: 18 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਉਲੀਕੇ ਗੋਲਡਨ ਜੁਬਲੀ ਸਮਾਗਮਾਂ ਦੀ ਲੜੀ ਵਿੱਚ ਅੱਜ ‘ ਪੰਜਾਬ ਦੀ ਖੇਤੀ ਆਰਥਿਕਤਾ ਲਈ ਵਿਗਿਆਨੀਆਂ ਅਤੇ ਯੋਜਨਾਕਾਰਾਂ ਵੱਲੋਂ ਵਿਚਾਰ ਗੋਸ਼ਟੀ ਦਾ ਆਯੋਜਨ ਯੂਨੀਵਰਸਿਟੀ ਅਤੇ ਪੰਜਾਬ ਅਕੈਡਮੀ ਆਫ ਸਾਇੰਸ ਪਟਿਆਲਾ ਵੱਲੋਂ ਸਾਂਝੇ ਤੌਰ ਤੇ ਯੂਨੀਵਰਸਿਟੀ ਕਿਸਾਨ ਸੇਵਾ ਕੇਂਦਰ ਦੇ ਕਾਨਫਰੰਸ ਹਾਲ ਵਿੱਚ ਕੀਤਾ ਗਿਆ। ਇਸ ਦੀ ਪ੍ਰਧਾਨਗੀ ਪੀ ਏ ਯੂ ਦੇ ਸਾਬਕਾ ਕੁਲਪਤੀ ਡਾ: ਕਿਰਪਾਲ ਸਿੰਘ ਔਲਖ ਨੇ ਕੀਤੀ ਜਦ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਪ੍ਰਮੁਖ ਖੇਤੀ ਅਰਥ ਸਾਸ਼ਤਰੀਆਂ ਨੇ ਆਪਣੇ ਵਿਚਾਰ ਰੱਖੇ।
ਯੂਨੀਵਰਸਿਟੀ ਦੇ ਕੁਲਪਤੀ ਡਾ: ਬਲਦੇਵ ਸਿੰਘ ਢਿੱਲੋਂ ਨੇ ਪੰਜਾਬ ਦੀ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਲੋਕਾਂ ਵਿੱਚ ਇਹ ਧਾਰਨਾ ਹੈ ਕਿ ਹਰੀ ਕਰਾਂਤੀ ਨਾਲ ਕੁਦਰਤੀ ਸਰੋਤਾਂ ਦਾ ਘਾਣ ਅਤੇ ਵਾਤਾਵਰਨ ਵਿੱਚ ਵਿਗਾੜ ਆਇਆ ਹੈ। ਉਨ•ਾਂ ਆਖਿਆ ਕਿ ਅਸਲ ਗੱਲ ਇਹ ਹੈ ਕਿ ਪੰਜਾਬ ਦੀਆਂ ਪੁਰਾਣੀਆਂ ਕਣਕ ਅਤੇ ਝੋਨੇ ਦੀਆਂ ਕਿਸਮਾਂ ਨਾਈਟਰੋਜਨ ਤੱਤ ਅਤੇ ਹੋਰ ਖਾਦਾਂ ਪਾਉਣ ਨਾਲ ਅਨੁਪਾਤਨ ਵੱਧ ਝਾੜ ਦਿੰਦੀਆਂ ਸਨ। ਕਿਸਾਨਾਂ ਨੇ ਵੱਧ ਝਾੜ ਲੈਣ ਲਈ ਖਾਦਾਂ ਅਤੇ ਹੋਰ ਪਦਾਰਥਾਂ ਦਾ ਵਧੇਰੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਖੇਤੀ ਘਣਤਾ ਵਿੱਚ ਵੀ ਵਾਧਾ ਹੋਇਆ ਅਤੇ ਪਾਣੀ ਵੀ ਵੱਧ ਲੱਗਣ ਲੱਗਾ। ਕੁਦਰਤੀ ਸਰੋਤਾਂ ਤੇ ਪ੍ਰਭਾਵ ਪਿਆ। ਪਰ ਇਹ ਸਭ ਕੁਝ ਵਧ ਰਹੀ ਜਨ ਸੰਖਿਆਂ ਦੀ ਭੋਜਨ ਜ਼ਰੂਰਤ ਦੀ ਪੂਰਤੀ ਲਈ ਵਧੇਰੇ ਉਤਪਾਦਨ ਕਰਨ ਕਰਕੇ ਹੋਇਆ ਹੈ। ਰਾਸ਼ਟਰੀ ਪੱਧਰ ਤੇ ਵੀ ਦੇਸ਼ ਦੀ ਭੋਜਨ ਸੁਰੱਖਿਆ ਲਈ ਵੱਧ ਅਨਾਜ ਉਤਪਾਦਨ ਇੱਕ ਵੱਡੀ ਲੋੜ ਸੀ। ਉਨ•ਾਂ ਕਿਹਾ ਕਿ ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਕੀਟਨਾਸ਼ਕ ਜ਼ਹਿਰਾਂ, ਖਾਦਾਂ, ਪਾਣੀ, ਬਿਜਲੀ, ਮਸ਼ੀਨਰੀ ਅਤੇ ਹੋਰਨਾਂ ਪਦਾਰਥਾਂ ਦੀ ਵਰਤੋਂ ਲੋੜ ਤੋਂ ਵੱਧ ਹੋ ਰਹੀ ਹੈ। ਉਨ•ਾਂ ਆਖਿਆ ਕਿ ਪੀ ਏ ਯੂ ਵੱਲੋਂ ਹਮੇਸ਼ਾਂ ਹੀ ਲੋਕਾਂ ਨੂੰ ਪਾਣੀ ਦੀ ਸਮਝ ਨਾਲ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਰਹੀ ਹੈ ਅਤੇ ਇਹ ਕਿ 1990 ਵਿੱਚ ਹੀ ਇਕ ਕਿਤਾਬਚਾ ਇਸ ਵਿਸ਼ੇ ਤੇ ਪ੍ਰਕਾਸ਼ਤ ਕਰਕੇ ਲੋਕਾਂ ਦਾ ਧਿਆਨ ਇਸ ਪਾਸੇ ਖਿੱਚਿਆ ਗਿਆ ਸੀ , ਹਾਲਾਂਕਿ ਇਹ ਗੱਲ ਅਣਗੌਲੀ ਹੀ ਰਹੀ। ਇਸ ਤੋਂ ਇਲਾਵਾ ਉਪਲਬੱਧ ਤਕਨੀਕਾਂ ਦੀ ਸਹੀ ਵਰਤੋਂ ਬਾਰੇ ਕਿਰਸਾਨੀ ਨੂੰ ਜਾਗਰੂਕ ਕਰਨਾ ਯੂਨੀਵਰਸਿਟੀ ਦੀ ਅਹਿਮ ਸੂਚੀ ਵਿੱਚ ਸ਼ਾਮਿਲ ਹੈ। ਡਾ: ਢਿੱਲੋਂ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੂਜੀਆਂ ਯੂਨੀਵਰਸਿਟੀਆਂ ਨਾਲ ਵਿਲੱਖਣ ਹੈ ਕਿਉਂਕਿ ਇਥੋਂ ਦੇ ਵਿਗਿਆਨੀ ਖੋਜ, ਸਿੱਖਿਆ ਅਤੇ ਪਸਾਰ ਨਾਲ ਨੇੜੇ ਤੋਂ ਜੁੜ ਕੇ ਕਿਸਾਨਾਂ ਦੀ ਸੇਵਾ ਵਿੱਚ ਰੁਝੇ ਹੋਏ ਹਨ ਅਤੇ ਆਪਣੇ ਪ੍ਰੋਗਰਾਮ ਕਿਸਾਨਾਂ ਦੀ ਲੋੜ ਅਨੁਸਾਰ ਢਾਲਦੇ ਹਨ। ਉਨ•ਾਂ ਕਿਹਾ ਕਿ ਅਜੋਕੀ ਖੇਤੀ ਵਿੱਚ ਉਤਪਾਦਕਤਾ ਨੂੰ ਵਧਾਉਣਾ, ਖੇਤੀ ਵਿੱਚ ਵੰਨ ਸੁਵੰਨਤਾ ਲਿਆਉਣਾ ਅਤੇ ਖੇਤੀ ਪਦਾਰਥਾਂ ਦੀ ਡੱਬਾਬੰਦੀ ਕਰਨਾ ਪ੍ਰਮੁਖ ਹੈ। ਉਨ•ਾਂ ਦੱਸਿਆ ਕਿ ਸੇਂਜੂ ਇਲਾਕਿਆਂ ਵਿੱਚ ਤਕਨੀਕੀ ਸੇਧਾਂ ਰਾਹੀਂ ਕਿਸਾਨ ਆਪਣੀਆਂ ਫ਼ਸਲਾਂ ਦਾ ਵੱਧ ਤੋਂ ਵੱਧ ਝਾੜ ਲੈ ਰਹੇ ਹਨ। ਹੋਰ ਵਾਧੇ ਲਈ ਨਵੀਆਂ ਤਕਨੀਕਾਂ ਦੀ ਲੋੜ ਹੈ। ਡਾ: ਢਿੱਲੋਂ ਨੇ ਜ਼ੋਰ ਦੇ ਕੇ ਆਖਿਆ ਕਿ ਇਸ ਲਈ ਖੇਤੀ ਖੋਜ ਅਤੇ ਵਿਕਾਸ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਉਨ•ਾਂ ਸਲਾਹ ਦਿੱਤੀ ਕਿ ਕਿਸਾਨਾਂ ਨੂੰ ਸਬਬਿਡੀ ਦੇ ਤੌਰ ਤੇ ਵਿਸ਼ੇਸ਼ ਕੂਪਨ ਦਿੱਤੇ ਜਾਣੇ ਚਾਹੀਦੇ ਹਨ ਜਿਨ•ਾਂ ਨਾਲ ਉਹ ਖੇਤੀ ਸੰਬੰਧੀ ਕੋਈ ਵੀ ਉਪਕਰਨ, ਬੀਜ, ਔਜ਼ਾਰ, ਮਸ਼ੀਨ ਜਾਂ ਹੋਰ ਸਬੰਧਿਤ ਸਮੱਗਰੀ ਖਰੀਦ ਸਕਣ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਖੇਤੀ ਦੀ ਤਰੱਕੀ ਲਈ ਯੂਨੀਵਰਸਿਟੀ ਵੱਲੋਂ ਖੋਜ, ਤਕਨੀਕੀ ਪਸਾਰ ਅਤੇ ਵਿਦਿਅਕ ਪ੍ਰੋਗਰਾਮਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਉਨ•ਾਂ ਆਖਿਆ ਕਿ ਕਿਸਾਨਾਂ ਦੀਆਂ ਉੱਭਰ ਰਹੀਆਂ ਲੋੜਾਂ ਅਨੁਸਾਰ ਯੂਨੀਵਰਸਿਟੀ ਆਪਣੇ ਪ੍ਰੋਗਰਾਮ ਢਾਲਦੀ ਹੈ। ਉਨ•ਾਂ ਦੱਸਿਆ ਕਿ ਚੱਲ ਰਹੇ ਪ੍ਰੋਗਰਾਮ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਵੱਲ ਕੇਂਦਰਿਤ ਹਨ।
ਕਰਿੱਡ ਦੇ ਡਾਇਰੈਕਟਰ ਜਨਰਲ ਡਾ: ਸੁੱਚਾ ਸਿੰਘ ਗਿੱਲ ਨੇ ਪੰਜਾਬ ਦੀ ਆਰਥਿਕਤਾ ਦੀ ਮੁੜ ਬਹਾਲੀ ਲਈ ਖਰਚੇ ਅਤੇ ਸਰੋਤਾਂ ਦੀ ਵਰਤੋਂ ਵਿਸ਼ੇ ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਹੁਣ ਹਰਿਆਣਾ ਅਤੇ ਗੁਜਰਾਤ ਵਰਗੇ ਸੂਬੇ ਸਾਨੂੰ ਪਿੱਛੇ ਛੱਡ ਰਹੇ ਹਨ ਕਿਉਂਕਿ ਉਨ•ਾਂ ਦਾ ਪ੍ਰਬੰਧ ਅਤੇ ਕਾਰਜ ਕੁਸ਼ਲਤਾ ਵਧੀਆ ਹੋ ਰਹੀ ਹੈ। ਡਾ: ਗਿੱਲ ਨੇ ਕਿਹਾ ਕਿ ਪੰਜਾਬ ਸਿਰ 80 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਉਨ•ਾਂ ਕਿਹਾ ਕਿ ਬਜਟ ਦਾ ਸਿਰਫ 28 ਪ੍ਰਤੀਸ਼ਤ ਹਿੱਸਾ ਵਿਕਾਸਸ਼ੀਲ ਕਾਰਜਾਂ ਤੇ ਖਰਚ ਹੋ ਰਿਹਾ ਹੈ ਜਦ ਕਿ 1979-80 ਵਿੱਚ ਇਹ 70 ਪ੍ਰਤੀਸ਼ਤ ਸੀ। ਸੂਬੇ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਲੋੜ ਹੈ ਗਿਆਨ ਤੇ ਅਧਾਰਿਤ ਆਰਕਿਥਤਾ ਦੀ। ਵਿਕਾਸਸ਼ੀਲ ਦੇਸ਼ਾਂ ਦੁਆਰਾ ਖੋਜ ਅਤੇ ਵਿਕਾਸ ਲਈ 4 ਤੋਂ 5 ਪ੍ਰਤੀਸ਼ਤ ਖਰਚਾ ਕੀਤਾ ਜਾਂਦਾ ਹੈ ਜਦ ਕਿ ਅਸੀਂ ਸਿਰਫ 0.3 ਪ੍ਰਤੀਸ਼ਤ ਕਰਦੇ ਹਾਂ, ਇਸ ਨੂੰ ਵਧਾਉਣ ਦੀ ਲੋੜ ਹੈ। ਉਨ•ਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਤਕਨੀਕੀ ਵਿਕਾਸ ਦਾ ਪਾਵਰ ਹਾਊਸ ਕਹਿੰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਇਸ ਨੇ ਦੇਸ਼ ਦੀ ਆਰਥਿਕਤਾ ਨੂੰ ਪੱਕੇ ਪੈਰੀਂ ਤੋਰਨ ਲਈ ਯੋਗਦਾਨ ਪਾਇਆ ਹੈ। ਡਾ: ਗਿੱਲ ਨੇ ਕਿਹਾ ਕਿ ਸੂਬੇ ਦੀ ਸੁਚੱਜੀ ਆਰਥਿਕਤਾ ਲਈ ਖੇਤੀਬਾੜੀ ਵਿੱਚ ਮਜ਼ਬੂਤੀ ਆਉਣੀ ਜ਼ਰੂਰੀ ਹੈ ਜਿਸ ਲਈ ਪਲਾਨਿੰਗ ਬੋਰਡ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਵਿਗਿਆਨੀਆਂ ਵੱਲੋਂ ਕੁਦਰਤੀ ਸਰੋਤ ਦੇ ਯੋਗ ਪ੍ਰਬੰਧ ਨੂੰ ਹੋਰ ਚੁਸਤ ਕਰਨਾ ਚਾਹੀਦਾ ਹੈ।
ਪੰਜਾਬ ਰਾਜ ਫਰਮਰਜ਼ ਕਿਸਾਨ ਕਮਿਸ਼ਨ ਦੇ ਸਲਾਹਕਾਰ ਡਾ: ਕਰਮ ਸਿੰਘ ਨੇ ਕਿਹਾ ਕਿ ਨਾਸਾ ਵੱਲੋਂ ਚੇਤਾਵਨੀ ਆਈ ਹੈ ਕਿ ਪਾਣੀ ਘੱਟਣ ਨਾਲ ਕਈ ਤਰ•ਾਂ ਦੀਆਂ ਮੁਸ਼ਕਲਾਂ ਸਾਹਮਣੇ ਆਉਣਗੀਆਂ ਜਿਨ•ਾਂ ਵਿੱਚ ਪੀਣ ਵਾਲੇ ਪਾਣੀ ਵਿੱਚ ਕਮੀ, ਖੇਤੀ ਉਤਪਾਦਕਤਾ ਵਿੱਚ ਕਮੀ, ਸਮਾਜਿਕ ਕਸ਼ੀਦਗੀ ਆਦਿ ਸ਼ਾਮਿਲ ਹਨ। ਉਨ•ਾਂ ਸਲਾਹ ਦਿੱਤੀ ਕਿ ਉੱਚ ਪੱਧਰੀ ਖੇਤੀ ਵਿਕਾਸ ਕੋਆਰਡੀਨੇਸ਼ਨ ਅਥਾਰਟੀ ਬਣਨੀ ਚਾਹੀਦੀ ਹੈ ਅਤੇ ਛੋਟੇ ਕਿਸਾਨਾਂ ਨੂੰ ਵਿੱਦਿਆ ਅਤੇ ਸਿਖਲਾਈ ਨਾਲ ਜੋੜਨ ਲਈ ਪੁਰਜ਼ੋਰ ਉਪਰਾਲੇ ਕਰਨੇ ਚਾਹੀਦੇ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸਾਸ਼ਤਰੀ ਡਾ: ਰਣਜੀਤ ਸਿੰਘ ਘੁੰਮਣ ਨੇ ਵਿਸ਼ਵੀਕਰਨ ਦੇ ਸੰਦਰਭ ਵਿੱਚ ਖੇਤੀ ਤੇ ਪੈਣ ਵਾਲੇ ਪ੍ਰਭਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਆਂਢੀ ਮੁਲਕਾਂ ਨਾਲ ਖੇਤੀ ਸੰਬੰਧੀ ਵਪਾਰਕ ਆਦਾਨ ਪ੍ਰਦਾਨ ਨੂੰ ਵਧਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਪੰਜਾਬ ਲਈ ਅਨਾਜ ਫ਼ਸਲਾਂ , ਤੇਲ ਬੀਜ, ਫ਼ਲ ਅਤੇ ਸਬਜ਼ੀਆਂ ਮਹੱਤਵਪੂਰਨ ਹਨ ਜਿਨ•ਾਂ ਨੂੰ ਗੁਣਵੱਤਾ, ਡੱਬਾਬੰਦੀ ਲਈ ਢੁੱਕਵੇਂਪਣ ਅਤੇ ਉਤਪਾਦਨ ਖਰਚਿਆਂ ਨੂੰ ਵੇਖਦਿਆਂ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਡਾ: ਘੁੰਮਣ ਨੇ ਕਿਹਾ ਕਿ ਇਥੋਂ ਦੇ ਵਿਗਿਆਨੀਆਂ ਵੱਲੋਂ ਪੈਦਾ ਕੀਤੇ ਬੀਜ ਅਤੇ ਤਕਨੀਕਾਂ ਦੇ ਪੇਟੈਂਟ ਕਰਾਉਣ ਨੂੰ ਵੀ ਗਹੁ ਨਾਲ ਵੇਖਣਾ ਚਾਹੀਦਾ ਹੈ।
ਇੰਸਟੀਚਿਊਟ ਆਫ ਇਕਨਾਮਿਕਸ ਗਰੋਥ ਦੇ ਪ੍ਰੋਫੈਸਰ ਡਾ ਸੁਖਪਾਲ ਸਿੰਘ ਨੇ ਮੰਡੀਕਰਨ ਸੁਧਾਰਾਂ ਨੂੰ ਇਕ ਅਹਿਮ ਵਿਸ਼ਾ ਦਸਦਿਆਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਰਾਸ਼ਟਰੀ ਪਸਮੰਜ਼ਰ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਡਾ: ਮਹਿੰਦਰ ਸਿੰਘ ਸਿੱਧੂ, ਮੁਖੀ, ਇਕਨਾਮਿਕਸ ਅਤੇ ਸੋਸ਼ਿਆਲੋਜੀ ਵਿਭਾਗ ਪੀ ਏ ਯੂ ਨੇ ਕਿਹਾ ਕਿ ਖੇਤੀ ਸਬਸਿਡੀ ਦੀ ਵੰਡ ਕਰਦਿਆਂ ਇਹ ਯਕੀਨੀ ਬਣਾਇਆ ਜਾਵੇ ਕਿ ਯੋਗ ਅਤੇ ਲੋੜਵੰਦ ਕਿਸਾਨਾਂ ਤਕ ਪਹੁੰਚੇ।
ਪੰਜਾਬ ਅਕੈਡਮੀ ਆਫ ਸਾਇੰਸ ਪਟਿਆਲਾ ਦੇ ਪ੍ਰਧਾਨ ਡਾ: ਆਈ ਜੇ ਐਸ ਬਾਂਸਲ ਨੇ ਅਕੈਡਮੀ ਦੇ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ•ਾਂ ਵੱਲੋਂ ਹਮੇਸ਼ਾਂ ਹੀ ਵਿਗਿਆਨਕ ਸੋਚ ਵਧਾਉਣ ਵੱਲ ਪ੍ਰੋਗਰਾਮ ਉਲੀਕੇ ਜਾਂਦੇ ਹਨ।
ਨਬਾਰਡ ਦੇ ਜਨਰਲ ਮੈਨੇਜਰ ਡਾ: ਕ੍ਰਿਸ਼ਨ ਜਿੰਦਲ ਨੇ ਬੈਂਕ ਦੀਆਂ ਪਾਲਿਸੀਆਂ ਅਤੇ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ•ਾਂ ਵੱਲੋਂ ਪਾਣੀ ਦਾ ਸੁਯੋਗ ਪ੍ਰਬੰਧ, ਪੇਂਡੂ ਸੰਪਰਕ ਵਧਾਉਣ, ਪਸ਼ੂ ਧਨ ਤਕਨੀਕਾਂ ਦੇ ਪਸਾਰ ਅਤੇ ਪੇਂਡੂ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਵਾਧੇ ਲਈ ਪ੍ਰੋਗਰਾਮ ਉਲੀਕੇ ਜਾਂਦੇ ਹਨ। ਉਨ•ਾਂ ਕਿਹਾ ਕਿ ਪੀ ਏ ਯੂ ਅਤੇ ਨਬਾਰਡ ਵੱਲੋਂ ਸਾਂਝੇ ਤੌਰ ਤੇ ਕਈ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੈ।
ਪ੍ਰਧਾਨਗੀ ਕਰ ਰਹੇ ਯੂਨੀਵਰਸਿਟੀ ਸਾਬਕਾ ਕੁਲਪਤੀ ਡਾ: ਕਿਰਪਾਲ ਸਿੰਘ ਔਲਖ ਨੇ ਕਿਹਾ ਕਿ ਅਜਿਹੀਆਂ ਵਿਗਿਆਨੀਆਂ ਅਤੇ ਯੋਜਨਾਕਾਰਾਂ ਦੀਆਂ ਮੀਟਿੰਗਾਂ ਨਾਲ ਕਈ ਜ਼ਰੂਰੀ ਮੁੱਦੇ ਵਿਚਾਰ ਅਧੀਨ ਲਿਆਉਣ ਲਈ ਮਦਦ ਮਿਲਦੀ ਹੈ । ਉਨ•ਾਂ ਕਿਹਾ ਖੇਤੀ ਦੀ ਚੰਗੀ ਸਿਹਤ ਲਈ ਵਿੱਦਿਆ ਦੇ ਪਸਾਰ ਦੀ ਬਹੁਤ ਮਹੱਤਤਾ ਹੈ। ਉਨ•ਾਂ ਵਿਗਿਆਨੀਆਂ ਨੂੰ ਸਲਾਹ ਦਿੱਤੀ ਕਿ ਛੋਟੇ ਕਿਸਾਨਾਂ ਦੀਆਂ ਲੋੜਾਂ ਮੁਤਾਬਕ ਤਕਨੀਕੀ ਜਾਣਕਾਰੀ ਵਿਕਸਤ ਕੀਤੀ ਜਾਵੇ। ਉਨ•ਾਂ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਵਿੱਚ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿੱਚ ਇਸ ਵਿਚਾਰ ਗੋਸ਼ਟੀ ਨੂੰ ਸ਼ਾਮਿਲ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਸ਼ੁਰੂ ਵਿੱਚ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੁ ਨੇ ਸਭਨਾਂ ਨੂੰ ਜੀ ਆਇਆਂ ਆਖਿਆ ਕਿ ਜਦ ਕਿ ਯੂਨੀਵਰਸਿਟੀ ਅਪਰ ਨਿਰਦੇਸ਼ਕ ਖੋਜ ਡਾ: ਤਰਲੋਚਨ ਸਿੰਘ ਥਿੰਦ ਨੇ ਸਭਨਾਂ ਦਾ ਧੰਨਵਾਦ ਕੀਤਾ।