February 18, 2012 admin

ਪੋਲੀਓ ਪ੍ਰਤੀ ਜਾਗਰੂਕਤਾ ਲਈ ਵਿਸ਼ਾਲ ਰੈਲੀ

*ਪੋਲੀਓ ਮੁਕਤ ਸਮਾਜ ਦੀ ਸਿਰਜਣਾ ਲਈ ਹੰਭਲਾ ਮਾਰਨ ਬਠਿੰਡਾ ਵਾਸੀ-ਡਾ. ਇਕਬਾਲ ਸਿੰਘ
ਬਠਿੰਡਾ, 18 ਫਰਵਰੀ -ਸਿਹਤ ਵਿਭਾਗ ਬਠਿੰਡਾ ਵੱਲੋਂ 19 ਫਰਵਰੀ ਨੂੰ ਹੋਣ ਵਾਲੇ ਪਲਸ ਪੋਲੀਓ ਪਹਿਲੇ ਗੇੜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਇਕ ਵਿਸ਼ਾਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਸਿਵਲ ਸਰਜਨ ਬਠਿੰਡਾ ਡਾ ਇਕਬਾਲ ਸਿੰਘ ਹੋਠੀ ਨੇ ਸਰਕਾਰੀ ਰਾਜਿੰਦਰਾ ਕਾਲਜ ਦੇ ਮੁੱਖ ਗੇਟ ਤੋਂ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਵਿਚ ਮਲਟੀਪਰਪਜ਼ ਟ੍ਰੇਨਿੰਗ ਸੈਂਟਰ ਦੀਆਂ ਵਿਦਿਆਰਥਣਾਂ ਅਤੇ ਪੰਜਾਬ ਪਬਲਿਕ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ, ਸ੍ਰੀ ਰਾਕੇਸ਼ ਨਰੂਲਾ, ਡਾ ਸਤਪਾਲ ਸਹਾਇਕ ਸਿਵਲ ਸਰਜਨ, ਡਾ ਕੁੰਦਨ ਕੇ ਪਾਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਵਿਨੋਦ ਗਰਗ ਡੀ ਐਮ ਸੀ, ਡਾ ਅਸ਼ੋਕ ਮੋਂਗਾ ਜ਼ਿਲ੍ਹਾ ਟੀ ਬੀ ਅਫ਼ਸਰ, ਊਸ਼ਾ ਸਿੰਗਲਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ  ਐਂਟੀ ਲਾਰਵਾ ਸਟਾਫ਼ ਹਾਜ਼ਰ ਸਨ। ਇਹ ਰੈਲੀ ਸਰਕਾਰੀ ਰਾਜਿੰਦਰਾ ਕਾਲਜ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ, ਪਾਵਰ ਹਾਊਸ ਰੋਡ, ਕਚਹਿਰੀਆਂ, ਡਾਕਖਾਨਾ ਰੋਡ, ਮਿੰਨੀ ਸਕੱਤਰੇਤ ਤੋਂ ਹੁੰਦੀ ਹੋਈ ਵਾਪਸ ਰਾਜਿੰਦਰਾ ਕਾਲਜ ਜਾ ਕੇ ਖਤਮ ਹੋਈ। ਰੈਲੀ ਦੌਰਾਨ ਵਿਦਿਆਰਥੀਆਂ ਦੇ ਹੱਥਾ ਵਿਚ ਬੈਨਰ ਅਤੇ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ‘ਤੇ ਪੋਲੀਓ ਮੁਕਤੀ ਦੇ ਸੰਦੇਸ਼ ਲਿਖੇ ਹੋਏ ਸਨ। ਇਸ ਤੋਂ ਬਾਅਦ ਗੱਡੀਆਂ ਤੇ ਬੱਸਾਂ ਰਾਹੀਂ ਇਹ ਰੈਲੀ ਬੇਅੰਤ ਨਗਰ, ਮਾਡਲ ਟਾਊਨ ਫੇਜ਼ 3, ਅਜੀਤ ਰੋਡ, 100 ਫੁੱਟੀ ਚੌਕ, ਬੀਬੀ ਵਾਲਾ ਚੌਕ, ਮਾਲ ਰੋਡ, ਫਾਇਰਬ੍ਰਿਗੇਡ, ਧੋਬੀ ਬਾਜ਼ਾਰ, ਰੇਲਵੇ ਸਟੇਸ਼ਨ, ਪਰਸਰਾਮ ਨਗਰ, ਪ੍ਰਤਾਪ ਨਗਰ, ਮੁਲਤਾਨੀਆ ਰੋਡ, ਸਬਜ਼ੀ ਮੰਡੀ ਤੋਂ ਹੁੰਦੀ ਹੋਈ ਸਿਵਲ ਹਸਪਤਾਲ ਜਾ ਕੇ ਖਤਮ ਕੀਤੀ ਗਈ। ਸਾਰੀਆਂ ਗੱਡੀਆਂ ਅਤੇ ਬੱਸਾਂ ਉਤੇ ਪੋਲੀਓ ਪ੍ਰਤੀ ਜਾਗਰੂਕ ਕਰਨ ਲਈ ਸਪੀਕਰ ਲੱਗੇ ਹੋਏ ਸਨ ਅਤੇ ਇਨ੍ਹਾਂ ਨੂੰ ਬੈਨਰਾਂ ਨਾਲ ਸ਼ਿੰਗਾਰਿਆ ਗਿਆ ਸੀ। ਸਿਵਲ ਸਰਜਨ ਡਾ ਇਕਬਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1,75,212 ਬੱਚਿਆਂ ਨੂੰ 19, 20 ਅਤੇ 21 ਫਰਵਰੀ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਹੈ। ਇਸ ਵਾਸਤੇ ਜ਼ਿਲ੍ਹੇ ਵਿਚ 698 ਬੂਥ, 53 ਟਰਾਂਜਿਸਟ ਪੋਲੀਓ ਬੂਥ, 34 ਮੋਬਾਈਲ ਟੀਮਾਂ, 1346 ਹਾਊਸ ਟੂ ਹਾਊਸ ਟੀਮਾਂ, 2392 ਵਰਕਰ, 148 ਸੁਪਰਵਾਈਜ਼ਰ ਅਤੇ 20 ਜ਼ਿਲਾ ਸੁਪਰਵਾਈਜ਼ਰ ਲਾਏ ਗਏ ਹਨ। ਉਨ੍ਹਾਂ ਨੇ ਬਠਿੰਡਾ ਨਿਵਾਸੀਆਂ ਨੂੰ ਅਪੀਲ ਕੀਤੀ ਮਾਪੇ ਆਪਣੇ ਬੱਚਿਆਂ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ 19 ਫਰਵਰੀ ਨੂੰ ਆਪਣੇ ਨਜ਼ਦੀਕੀ ਪਲਸ ਪੋਲੀਓ ਬੂਥਾਂ ‘ਤੇ ਜਾ ਕੇ ਆਪਣੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਤਾਂ ਕਿ ਪੋਲੀਓ ਮੁਕਤ ਸਮਾਜ ਦੀ ਸਿਰਜਣਾ ਹੋ ਸਕੇ।

Translate »