February 20, 2012 admin

ਪੋਲੀਓ ਵਰਗੀ ਨਾ ਮੁਰਾਦ ਬਿਮਾਰੀ ਦਾ ਖਾਤਮਾ ਸਭਨਾਂ ਦੇ ਸਹਿਯੋਗ ਨਾਲ ਸੰਭਵ-ਡਿਪਟੀ ਕਮਿਸ਼ਨਰ

* ਡੀ.ਸੀ. ਨੇ ਬਸ ਸਟੈਂਡ ਪਟਿਆਲਾ ‘ਤੇ ਅਤੇ ਬੱਸਾਂ ਵਿੱਚ ਚੜ੍ਹ ਕੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ
*ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦਾ ਆਗਾਜ਼

ਪਟਿਆਲਾ: 19 ਫਰਵਰੀ : ” ਪੋਲੀਓ ਇੱਕ ਅਜਿਹੀ ਨਾ ਮੁਰਾਦ ਬਿਮਾਰੀ ਹੈ ਜਿਸ ਨਾਲ ਸਾਡੇ ਬੱਚੇ ਹਮੇਸ਼ਾਂ ਲਈ ਅਪਾਹਜ ਹੋ ਸਕਦੇ ਹਨ। ਪ੍ਰੰਤੂ ਪਿਛਲੇ ਸਾਲ ਦੇ ਰਿਕਾਰਡ ਮੁਤਾਬਕ ਪੰਜਾਬ ਵਿੱਚ ਪੋਲੀਓ ਦਾ ਇੱਕ ਵੀ ਮਰੀਜ ਸਾਹਮਣੇ ਨਹੀਂ ਆਇਆ ਅਤੇ ਇਸੇ ਮੁਹਿੰਮ ਨੂੰ ਜਾਰੀ ਰੱਖਣ ਲਈ ਹਰ ਸਾਲ 0-5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ ਜਾਂਦੀਆਂ ਹਨ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦਾ ਬਸ ਸਟੈਂਡ ਪਟਿਆਲਾ ਤੋਂ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਗਰਗ ਨੇ ਕਿਹਾ ਕਿ ਪੋਲੀਓ ਵਰਗੀ ਨਾ ਮੁਰਾਦ ਬਿਮਾਰੀ ਦਾ ਖਾਤਮਾ ਸਭਨਾ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਇਸ ਤਿੰਨ ਰੋਜਾ ਪਲਸ ਪੋਲੀਓ ਮੁਹਿੰਮ ਤਹਿਤ ਅੱਜ ਜਗ੍ਹਾ-ਜਗ੍ਹਾ ‘ਤੇ ਕੈਂਪ ਲਗਾ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ ਜਦੋਂ ਕਿ 20 ਅਤੇ 21 ਫਰਵਰੀ ਨੂੰ ਘਰ-ਘਰ ਜਾ ਕੇ ਜਿਹੜੇ ਬੱਚੇ ਅੱਜ ਪੋਲੀਓ ਦੀਆਂ ਬੂੰਦਾਂ ਪੀਣ ਤੋਂ ਰਹਿ ਜਾਣਗੇ ਉਹਨਾਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਸ਼੍ਰੀ ਗਰਗ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲਗਭਗ 2 ਲੱਖ 34 ਹਜ਼ਾਰ 895 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੰਮ ਲਈ 1869 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਪੋਲੀਓ ਬੂੰਦਾਂ ਪਿਲਾਉਣ ਲਈ 888 ਬੂਥ ਬਣਾਏ ਗਏ ਹਨ ਇਸ ਤੋਂ ਇਲਾਵਾ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਉਣ ਲਈ 1776 ਟੀਮਾਂ ਬਣਾਈਆਂ ਗਈਆਂ ਹਨ ਅਤੇ 27 ਮੋਬਾਈਲ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ । ਸ਼੍ਰੀ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 33 ਬਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਵਿਸ਼ੇਸ਼ ਬੂਥ ਬਣਾਏ ਗਏ ਹਨ ਜਿਹਨਾਂ ‘ਤੇ 66 ਟੀਮਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਭੱਠਿਆਂ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ ਜ਼ਿਲ੍ਹੇ ਵਿੱਚ 152 ਭੱਠਿਆਂ ‘ਤੇ ਇੱਕ-ਇੱਕ ਟੀਮ ਲਗਾਈ ਜਾਵੇਗੀ। ਸ਼੍ਰੀ ਗਰਗ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੇ 3738 ਅਧਿਕਾਰੀਆਂ / ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਇਹਨਾਂ ਦੀ ਸੁਪਰਵੀਜ਼ਨ ਕਰਨ ਲਈ 190 ਅਧਿਕਾਰੀ ਲਗਾਏ ਗਏ ਹਨ।
         ਸ਼੍ਰੀ ਗਰਗ ਨੇ ਜ਼ਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਜਰੂਰ ਪਿਲਾਉਣ ਤਾਂ ਜੋ ਉਹਨਾਂ ਦਾ ਬੱਚਾ ਹਮੇਸ਼ਾਂ ਪੋਲੀਓ ਵਰਗੀ ਨਾ ਮੁਰਾਦ ਬਿਮਾਰੀ ਤੋਂ ਬਚਿਆ ਰਹਿ ਸਕੇ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਇਸ ਬਿਮਾਰੀ ਦੇ ਮੁਕੰਮਲ ਖਾਤਮੇ ਲਈ ਮਿਲ ਜੁਲ ਕੇ ਹੰਭਲਾ ਮਾਰਿਆ ਜਾਵੇ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਸ ਸਟੈਂਡ ‘ਤੇ ਲਗਾਏ ਬੂਥ ਅਤੇ ਬੱਸਾਂ ਵਿੱਚ ਚੜ੍ਹ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ।
         ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ: ਵੀ.ਐਸ. ਮੋਹੀ, ਸਹਾਇਕ ਸਿਵਲ ਸਰਜਨ ਡਾ: ਪੀ.ਡੀ. ਗੋਇਲ, ਡਾ: ਵਿਕਾਸ ਗੋਇਲ, ਸਮਾਜ ਸੇਵੀ ਡਾ: ਜਗਬੀਰ ਸਿੰਘ, ਸ਼੍ਰੀ ਵਿਜੇ ਗੋਇਲ, ਸ਼੍ਰੀ ਰਮੇਸ਼ ਵਰਮਾ, ਸਿਵਲ ਡਿਫੈਂਸ ਪਟਿਆਲਾ ਦੇ ਚੀਫ ਵਾਰਡਨ ਸ਼੍ਰੀ ਕੇ.ਐਸ. ਸੇਖੋਂ, ਸ਼੍ਰੀ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਅਤੇ ਪੀ.ਆਰ.ਟੀ.ਸੀ. ਦੇ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Translate »