ਅੰਮ੍ਰਿਤਸਰ, 21 ਫਰਵਰੀ : ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੂੰ ਪਈਆਂ ਵੋਟਾਂ ਦੀ 6 ਮਾਰਚ ਨੂੰ ਹੋਣ ਵਾਲੀ ਗਿਣਤੀ ਸਬੰਧੀ ਜ਼ਿਲਾ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ ਨੇ ਜ਼ਿਲਾ ਅੰਮ੍ਰਿਤਸਰ ਦੇ ਗਿਆਰਾਂ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਦੇ ਪ੍ਰਬੰਧਾਂ ਦਾ ਜਾਇਜਾ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲਾ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਮੇਂ ਸਟਰਾਂਗ ਰੂਮ ਵਿਖੇ ਕੀਤੀ ਗਈ ਸੁਰੱਖਿਆ ਦਾ ਜਾਇਜਾ ਲੈਂਦੇ ਰਹਿਣ। ਉਹਨਾਂ ਕਿਹਾ ਕਿ ਸਟਰਾਂਗ ਰੂਮਾਂ ਵਿੱਚ ਹਰ ਸਮੇਂ ਵੀਡੀਓ ਕੈਮਰੇ ਰਿਕਾਰਡਿੰਗ ਕਰ ਰਹੇ ਹਨ ਅਤੇ ਨਾਲ ਹੀ ਇਥੇ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਹਨਾਂ ਇਹ ਵੀ ਹਦਾਇਤ ਕੀਤੀ ਕਿ 6 ਮਾਰਚ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਗਿਣਤੀ ਕੇਂਦਰਾਂ ਵਿਖੇ ਪਾਰਕਿੰਗ ਆਦਿ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 11-ਅਜਨਾਲਾ ਦੀ ਗਿਣਤੀ ਸਰਕਾਰੀ ਕਾਲਜ ਅਜਨਾਲਾ ਵਿਖੇ, 12-ਰਾਜਾ ਸਾਂਸੀ, 14-ਜੰਡਿਆਲਾ ਅਤੇ 15-ਅੰਮ੍ਰਿਤਸਰ ਉੱਤਰੀ ਦੀ ਗਿਣਤੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ, 13-ਮਜੀਠਾ, 17-ਅੰਮ੍ਰਿਤਸਰ ਕੇਂਦਰੀ ਅਤੇ 18-ਅੰਮ੍ਰਿਤਸਰ ਪੂਰਬੀ ਦੀ ਗਿਣਤੀ ਮਾਈ ਭਾਗੋ ਸਰਕਾਰੀ ਪਾਲੀਟੈਕਨੀਕਲ ਫਾਰ ਵਿਮੈਨ ਮੀਜਠਾ ਰੋਡ ਅੰਮ੍ਰਿਤਸਰ ਵਿਖੇ ਅਤੇ 16-ਅੰਮ੍ਰਿਤਸਰ ਪੱਛਮੀ, 19-ਅੰਮ੍ਰਿਤਸਰ ਦੱਖਣੀ ਅਤੇ 20-ਅਟਾਰੀ ਦੀ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਵੇਗੀ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ 25-ਬਾਬਾ ਬਕਾਲਾ ਦੀਆਂ ਵੋਟਾਂ ਦੀ ਗਿਣਤੀ ਮਾਤਾ ਗੰਗਾ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਬਾਬਾ ਬਕਾਲਾ ਵਿਖੇ ਹੋਵੇਗੀ।
ਇਸ ਮੌਕੇ ਵਧੀਕ ਜ਼ਿਲਾ ਚੋਣ ਅਧਿਕਾਰੀ ਸ੍ਰ. ਸੁੱਚਾ ਸਿੰਘ ਨਾਗਰਾ ਤੋਂ ਇਲਾਵਾ, ਸ੍ਰ. ਸੁਪ੍ਰੀਤ ਸਿੰਘ ਗੁਲਾਟੀ, ਸ੍ਰ. ਰਜਿੰਦਰਪਾਲ ਸਿੰਘ, ਸ੍ਰੀ ਰਾਜੇਸ਼ ਸ਼ਰਮਾਂ, ਸ੍ਰ. ਮਨਜੀਤ ਸਿੰਘ ਨਾਰੰਗ, ਸ੍ਰੀ ਵਿਮਲ ਸੇਤੀਆ, ਸ੍ਰ. ਪ੍ਰਸ਼ੋਤਮ ਸਿੰਘ ਰੰਧਾਵਾ, ਸ੍ਰੀ ਧਰਮਪਾਲ ਗੁਪਤਾ, ਸ੍ਰ. ਗੁਰਪ੍ਰਤਾਪ ਸਿੰਘ ਨਾਗਰਾ, ਸ੍ਰੀ ਪ੍ਰਦੀਪ ਸੱਭਰਵਾਲ ਅਤੇ ਸ੍ਰ. ਮਨਮੋਹਨ ਸਿੰਘ ਕੰਗ ਵੀ ਮੀਟਿੰਗ ਵਿੱਚ ਹਾਜ਼ਰ ਸਨ।