ਅੰਮ੍ਰਿਤਸਰ, 21 ਫਰਵਰੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬਾਲਾ ਸਾਹਿਬ ਦੀ ਜਮੀਨ ਤੇ ਇੱਕ ਮਾਹਿਰ ਕੰਪਨੀ ਨਾਲ ਸਮਝੋਤੇ ਦੌਰਾਨ ਉਸਾਰੇ ਜਾ ਰਹੇ ਬਹੁ ਮੰਤਵੀ ਹਸਪਤਾਲ ਬਾਰੇ ਬਾਦਲ ਦਲ ਵੱਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਦਿੱਲੀ ਦੀਆਂ ਸੰਗਤਾਂ ਨੂੰ ਵਧੀਆ ਸਿਹਤ ਸਹੂਲਤਾਂ ਤੋਂ ਸੱਖਣਾ ਕਰਨ ਦੀ ਕੋਝੀ ਸਾਜਿਸ਼ ਹੈ, ਜਿਸਦਾ ਜਵਾਬ ਸਿੱਖ ਸੰਗਤ ਅਤੇ ਦਿੱਲੀ ਕਮੇਟੀ ਬਾਖੂਬੀ ਦੇਵੇਗੀ। ਇੰਨ•ਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਮਨੀਪਾਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਚਲਾਇਆ ਜਾਣ ਵਾਲਾ ਬਹੁ ਮੰਤਵੀ ਹਸਪਤਾਲ ਇਕੱਲਾ ਸ੍ਰ: ਪਰਮਜੀਤ ਸਿੰਘ ਸਰਨਾ ਵੱਲੋਂ ਲਿਆ ਗਿਆ ਫੈਸਲਾ ਨਹੀਂ ਹੈ, ਬਲਕਿ ਇਸ ਫੈਸਲੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਅਤੇ ਅੰਤਰਿੰਗ ਕਮੇਟੀ ਦੀ ਪ੍ਰਵਾਨਗੀ ਹਾਸਲ ਹੈ। ਸ੍ਰ: ਕਲਕੱਤਾ ਨੇ ਦੱਸਿਆ ਕਿ ਦਿੱਲੀ ਦੀਆਂ ਸੰਗਤਾਂ ਦੀ ਸਿਹਤ ਸਹੂਲਤਾਂ ਲਈ ਉਸਾਰੇ ਜਾਣ ਵਾਲੇ 400 ਬਿਸਤਰਿਆਂ ਦੇ ਹਸਪਤਾਲ ਲਈ ਜਿਸ ਕੰਪਨੀ ਨਾਲ ਸਮਝੋਤਾ ਕੀਤਾ ਗਿਆ ਹੈ, ਉਸ ਨੇ 30 ਸਾਲਾਂ ਵਿੱਚ 375 ਕਰੋੜ ਰੁਪਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣੇ ਹਨ ਅਤੇ ਇਹ ਹਸਪਤਾਲ 700 ਬਿਸਤਰਿਆਂ ਦੇ ਹਸਪਤਾਲ ਤੱਕ ਪਹੁੰਚ ਜਾਣਾ ਹੈ। ਉਨ•ਾਂ ਦੱਸਿਆ ਕਿ ਇਸ ਹਸਪਤਾਲ ਬਾਰੇ ਕੀਤੇ ਗਏ ਸਮਝੋਤੇ ਲਈ ਡੀ.ਡੀ.ਏ. ਦੀ ਪ੍ਰਵਾਨਗੀ ਲਈ ਗਈ ਹੋਈ ਹੈ ਅਤੇ ਇਸ ਹਸਪਤਾਲ ਦੀ ਉਸਾਰੀ, ਪ੍ਰਬੰਧਨ ਲਈ ਸਬੰਧਿਤ ਕੰਪਨੀ ਨਾਲ ਗੱਲਬਾਤ ਕਰਨ ਲਈ ਬਣਾਈ ਕਮੇਟੀ ਵਿੱਚ ਸਿੰਘਾਪੁਰ ਦੇ ਮਸ਼ਹੂਰ ਸਿੱਖ ਵਪਾਰੀ ਸ੍ਰ: ਕਰਨ ਸਿੰਘ ਠੁਕਰਾਲ, ਸੀਨੀਅਰ ਵਕੀਲ ਸ੍ਰ: ਕੇ.ਟੀ.ਐਸ. ਤੁਲਸੀ, ਸ੍ਰ: ਹਰਵਿੰਦਰ ਸਿੰਘ ਫੂਲਕਾ, ਸ੍ਰ: ਅਮਰਜੀਤ ਸਿੰਘ ਲੰਡਨ ਅਤੇ ਸ੍ਰ: ਰਜਿੰਦਰ ਸਿੰਘ ਚੱਢਾ ਵੀ ਸ਼ਾਮਿਲ ਹਨ ਅਤੇ ਇਸ ਹਸਪਤਾਲ ਚਲਾਉਣ ਵਾਲੀ ਸੰਸਥਾ ਵੱਲੋਂ ਦਿੱਤੀ ਜਾਣ ਵਾਲੀ ਰਕਮ ਸ੍ਰ: ਪਰਮਜੀਤ ਸਿੰਘ ਸਰਨਾ ਦੇ ਨਿੱਜੀ ਖਾਤੇ ਵਿੱਚ ਨਾ ਜਾ ਕੇ ਦਿੱਲੀ ਕਮੇਟੀ ਦੇ ਖਾਤਿਆਂ ਵਿੱਚ ਜਾਣੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ: ਅਵਤਾਰ ਸਿੰਘ ਮੱਕੜ ਵੱਲੋਂ ਹਸਪਤਾਲ ਮਾਮਲੇ ਵਿੱਚ ਸ੍ਰ: ਸਰਨਾ ਖਿਲਾਫ ਕੀਤੀਆਂ ਟਿੱਪਣੀਆਂ ਨੂੰ ‘ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ’ ਦੱਸਦਿਆਂ ਸ੍ਰ: ਕਲਕੱਤਾ ਨੇ ਕਿਹਾ ਕਿ ਸ੍ਰ: ਮੱਕੜ ਸ੍ਰੀ ਗੁਰੂ ਰਾਮ ਦਾਸ ਹਸਪਤਾਲ ਨੂੰ ਚਲਾਉਣ ਲਈ ਬੈਂਕ ਤੋਂ ਕਰਜਾ ਲੈਂਦੇ ਹਨ ਅਤੇ ਮੀਰੀ ਪੀਰੀ ਮੈਡੀਕਲ ਕਾਲਜ ਚਲਾਉਣ ਲਈ ਗੁਰਦੁਆਰੇ ਦੀ ਜਮੀਨ ਵੀ ਗਹਿਣੇ ਰੱਖਣ ਤੱਕ ਜਾਂਦੇ ਹਨ, ਲੇਕਿਨ ਦਿੱਲੀ ਦੇ ਸਿੱਖਾਂ ਦਾ ਹਿੱਤ ਪਾਲਣ ਦਾ ਦਾਅਵਾ ਕਰਦਿਆਂ ਉਨ•ਾਂ ਨੂੰ ਸਿਹਤ ਸਹੂਲਤਾਂ ਤੋਂ ਵੀ ਸੱਖਣਾ ਕਰਨਾ ਚਾਹੁੰਦੇ ਹਨ। ਸ੍ਰ: ਕਲਕੱਤਾ ਨੇ ਕਿਹਾ ਕਿ ਜੇਕਰ ਸ੍ਰ: ਮੱਕੜ ਨੂੰ ਦਿੱਲੀ ਕਮੇਟੀ ਦੇ ਭ੍ਰਿਸ਼ਟਾਚਾਰ ਬਾਰੇ ਕੋਈ ਗਲਤ ਫਹਿਮੀ ਹੈ ਤਾਂ ਉਹ ਸ੍ਰ: ਪਰਮੀਜਤ ਸਿੰਘ ਸਰਨਾ ਅਤੇ ਆਪਣੀ (ਸ੍ਰ: ਅਵਤਾਰ ਸਿੰਘ ਮੱਕੜ) ਦੀ ਪ੍ਰਧਾਨਗੀ ਕਾਲ ਤੋਂ ਪਹਿਲਾਂ ਅਤੇ ਬਾਅਦ ਦੀ ਸਾਰੀ ਜਾਇਦਾਦ ਦੀ ਸੀ.ਬੀ.ਆਈ. ਜਾਂਚ ਕਰਵਾ ਲੈਣ। ਸ੍ਰ: ਕਲਕੱਤਾ ਨੇ ਕਿਹਾ ਕਿ ਸ੍ਰ: ਮੱਕੜ ਆਪਣੇ ਮਾਲਕਾਂ ਦੇ ਹਰ ਰਾਜਸੀ ਵਿਰੋਧੀ ਨੂੰ ਕਾਂਗਰਸ ਦਾ ਏਜੰਟ ਤਾਂ ਦੱਸਦੇ ਹਨ, ਲੇਕਿਨ ਖੁੱਦ ਸ਼੍ਰੋਮਣੀ ਕਮੇਟੀ ਪ੍ਰਧਾਨ ਹੁੰਦਿਆਂ ਜਨਸੰਘ ਦੇ ਗੁਲਾਮ ਕਿਉਂ ਹਨ? ਇਹ ਵੀ ਸੰਗਤਾਂ ਨੂੰ ਸਪੱਸ਼ਟ ਕਰ ਦੇਣ। ਸ੍ਰ: ਕਲਕੱਤਾ ਨੇ ਕਿਹਾ ਕਿ ਮੱਕੜ ਦੇ ਕਾਰਜਕਾਲ ਦੌਰਾਨ ਮਨਾਈਆਂ ਸਾਰੀਆਂ ਹੀ ਸਿੱਖ ਸ਼ਤਾਬਦੀਆਂ ਦੀਆਂ ਸਟੇਜਾਂ ਤੇ ਭਾਜਪਾ ਅਤੇ ਆਰ.ਐਸ.ਐਸ. ਦੇ ਆਗੂ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਰਹੇ ਹਨ ਅਤੇ ਸ੍ਰ: ਮੱਕੜ ਨੇ ਹੁਣ ਤੱਕ ਇਸ ਮਾਮਲੇ ਵਿੱਚ ਜਬਾਨ ਕਿਉਂ ਨਹੀਂ ਖੋਲੀ।