February 21, 2012 admin

ਅਤਿ ਆਧੁਨਿਕ ਸਿੱਖਿਆ ਦੇ ਵਧੇਰੇ ਪ੍ਰਸਾਰ ਅਤੇ ਪ੍ਰਚਾਰ ਲਈ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਖੁਲਣੀਆਂ ਚਾਹੀਦੀਆਂ ਹਨ:-ਪਾਟਿਲ

* ਸਮਾਜ ਦੇ ਕਮਜ਼ੋਰ ਵਰਗ ਅਤੇ ਗਰੀਬ ਵਿਦਿਆਰਥੀਆਂ ਲਈ 30 ਤੋਂ 40 ਫੀਸਦੀ ਸੀਟਾਂ ਰਾਖਵੀਂਆਂ ਰੱਖਣੀਆਂ ਚਾਹੀਦੀਆਂ ਹਨ
*ਰਾਜਪਾਲ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੀ 6ਵੀਂ ਸਲਾਨਾਂ ਕਾਨਵੋਕੇਸ਼ਨ ਦੌਰਾਨ 500 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ

ਰਾਜਪੁਰਾ (ਪਟਿਆਲਾ) : 21 ਫਰਵਰੀ :  ” ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵਰਾਜ ਵੀ. ਪਾਟਿਲ ਨੇ ਕਿਹਾ ਕਿ ਅਤਿ ਆਧੁਨਿਕ ਸਿੱਖਿਆ ਦੇ ਵਧੇਰੇ ਪ੍ਰਸਾਰ ਅਤੇ ਪ੍ਰਚਾਰ ਲਈ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਖੁਲਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਯੂਨੀਵਰਸਿਟੀਆਂ ਦੀਆਂ ਪ੍ਰਬੰਧਕੀ ਕਮੇਟੀਆਂ ਵੱਲੋਂ ਸਮਾਜ ਦੇ ਕਮਜ਼ੋਰ ਵਰਗ ਅਤੇ ਗਰੀਬ ਵਿਦਿਆਰਥੀਆਂ ਲਈ 30 ਤੋਂ 40 ਫੀਸਦੀ ਸੀਟਾਂ ਰਾਖਵੀਂਆਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਵਿਦਿਆਰਥੀ ਵੀ ਉਚੇਰੀ ਸਿੱਖਿਆ ਹਾਸਲ ਕਰ ਕੇ ਦੇਸ਼ ਦੇ ਨਵ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕਣ।
         ਸ਼੍ਰੀ ਪਾਟਿਲ ਅੱਜ ਚਿਤਕਾਰਾ ਯੂਨੀਵਰਸਿਟੀ ਦੀ 6ਵੀਂ ਸਲਾਨਾਂ ਕਾਨਵੋਕੇਸ਼ਨ ਦਾ ਸ਼ਮਾਂ ਰੌਸ਼ਨ ਕਰਕੇ ਉਦਘਾਟਨ ਕਰਨ ਉਪਰੰਤ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ੍ਰੀ ਪਾਟਿਲ ਨੇ ਇਸ ਯੂਨੀਵਰਸਿਟੀ ਵਿੱਚੋਂ ਇੰਜਨੀਅਰਿੰਗ, ਮੈਨੇਜਮੈਂਟ, ਆਰਕੀਟੇਕਚਰ,ਫਾਰਮੇਸੀ ਤੇ ਕੰਪਿਊਟਰ ਐਪਲੀਕੇਸ਼ਨ ਦੀ ਪੜ੍ਹਾਈ ਪੂਰੀ ਕਰਨ ਵਾਲੇ ਲਗਭਗ 500 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ । ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਵੀ ਪ੍ਰਦਾਨ ਕੀਤੇ।
         ਸ਼੍ਰੀ ਪਾਟਿਲ ਨੇ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਸ਼ਹਿਰ ਤੋਂ ਲਗਭਗ 50-100 ਕਿਲੋਮੀਟਰ ਦੀ ਦੂਰੀ ‘ਤੇ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਹ ਯੂਨੀਵਰਸਿਟੀਆਂ ਘੱਟ ਉਪਜਾਓ ਜਾਂ ਬੰਜਰ ਜ਼ਮੀਨ ‘ਤੇ ਖੋਲਣੀਆਂ ਚਾਹੀਦੀਆਂ ਹਨ । ਉਨ੍ਹਾਂ ਕਿਹਾ ਕਿ ਇਹਨਾਂ ਪ੍ਰਾਈਵੇਟ ਯੂਨੀਵਰਸਿਟੀਆਂ ਲਈ ਜ਼ਮੀਨ ਵੀ ਇਹਨਾਂ ਦੀਆਂ ਪ੍ਰਬੰਧਕੀ ਕਮੇਟੀਆਂ ਵੱਲੋਂ ਹੀ ਖਰੀਦਣੀ ਚਾਹੀਦੀ ਹੈ। ਉਨ੍ਹਾਂ ਰਾਜਸਥਾਨ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਰਾਜਸਥਾਨ ਵਿੱਚ 19 ਸਰਕਾਰੀ ਯੂਨੀਵਰਸਿਟੀਆਂ ਹਨ ਜਦਕਿ 21 ਪ੍ਰਾਈਵੇਟ ਯੂਨੀਵਰਸਿਟੀਆਂ ਹਨ । ਉਨ੍ਹਾਂ ਕਿਹਾ ਕਿ ਇਕੱਲੀਆਂ ਸਰਕਾਰਾਂ ਹੀ ਦੇਸ਼ ਦੇ ਸਾਰੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਨਹੀਂ ਕਰ ਸਕਦੀਆਂ ਇਸ ਲਈ ਪ੍ਰਾਈਵੇਟ ਯੂਨੀਵਰਸਿਟੀਆਂ ਸਥਾਪਤ ਕਰਨ ਨੂੰ ਖੁਲ੍ਹ ਦਿੱਤੀ ਜਾਣੀ ਚਾਹੀਦੀ ਹੈ । ਉਨ੍ਹਾਂ ਚਿਤਕਾਰਾ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਵੀ ਸਾਰੇ ਅਤਿ ਆਧੁਨਿਕ ਵਿਸ਼ਿਆਂ ਦੀ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ ।
         ਸ਼੍ਰੀ ਪਾਟਿਲ ਨੇ ਡਿਗਰੀ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇੱਕ ਨਰੋਏ ਸਮਾਜ ਦੀ ਸਿਰਜਣਾ ਅਤੇ ਖੁਸ਼ਹਾਲ ਜੀਵਨ ਲਈ ਉਸਾਰੂ ਸੋਚ ਲੈ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਉਸਾਰੂ ਸੋਚ ਲੈ ਕੇ ਚੱਲੋਗੇ ਤਾਂ ਤੁਸੀਂ ਹਮੇਸ਼ਾਂ ਜਿੰਦਗੀ ਵਿੱਚ ਸਫਲ ਹੋਵੋਗੇ ਅਤੇ ਜੇਕਰ ਨਾ ਪੱਖੀ ਸੋਚ ਲੈ ਕੇ ਚੱਲੋਗੇ ਤਾਂ ਤੁਹਾਨੂੰ ਜਿੰਦਗੀ ਵਿੱਚ ਨਿਰਾਸ਼ਾ ਹੀ ਹੱਥ ਲੱਗੇਗੀ। ਉਨ੍ਹਾਂ ਕਿਹਾ ਕਿ ਤਰੱਕੀ ਅਤੇ ਗਲਤੀਆਂ ਸੁਧਾਰਨ ਲਈ ਉਸਾਰੂ ਸਾਰਥਕ ਅਲੋਚਨਾ ਜਰੂਰੀ ਹੈ । ਉਨ੍ਹਾਂ ਕਿਹਾ ਕਿ ਸਾਰਥਕ ਅਲੋਚਨਾਂ ਨਾਲ ਇਨਸਾਨ ਨੂੰ ਆਪਣੀਆਂ ਗਲਤੀਆਂ ਬਾਰੇ ਪਤਾ ਚੱਲਦਾ ਹੈ ਅਤੇ ਉਹ ਇਹਨਾਂ ਵਿੱਚ ਸੁਧਾਰ ਲਿਆ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਤਿ ਆਧੁਨਿਕ ਵਿਦਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਮਾਨਵਤਾ ਦੀ ਸੇਵਾ ਵਾਲੀ ਸਿੱਖਿਆ ਦੇਣੀ ਵੀ ਅਤਿ ਜਰੂਰੀ ਹੈ । ਉਹਨਾਂ ਯੂਨੀਵਰਸਿਟੀਆਂ ਅਤੇ ਵੱਖ-ਵੱਖ ਕਾਲਜ਼ਾਂ ਨੂੰ ਕਿਹਾ ਕਿ ਉਹਨਾਂ ਨੂੰ ਅੱਜ ਦੇ ਮਾਡਰਨ ਯੁੱਗ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਦੇ ਕੰਮ ਵਿੱਚ ਇਲੈਕਟ੍ਰੋਨਿਕ ਢੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਇੱਕ ਹਾਲ ਵਿੱਚ 50 ਵਿਦਿਆਰਥੀਆਂ ਦੀ ਬਜਾਏ 500 ਵਿਦਿਆਰਥੀਆਂ ਨੂੰ ਵੀ ਵੀਡੀਓ ਸਕਰੀਨਿੰਗ ਰਾਹੀਂ ਸਿੱਖਿਆ ਮੁਹੱਈਆ ਕੀਤੀ ਜਾ ਸਕਦੀ ਹੈ।
         ਸ਼੍ਰੀ ਪਾਟਿਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹਨਾਂ ਨੂੰ ਆਪਣੇ-ਆਪਣੇ ਵਿਸ਼ਿਆਂ ਵਿੱਚ ਭਾਰੀ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿੱਚ ਪੈਦਾ ਹੋਏ ਦੇਸ਼ ਵਿਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਉਹਨਾਂ ਨੂੰ ਮਿਲ ਸਕਣ । ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹਨਾਂ ਨੂੰ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਵਿਗਿਆਨਕ ਤਰੱਕੀ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਨਾਲ ਜਿਥੇ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋਣਗੇ ਉਥੇ ਹੀ ਦੇਸ਼ ਦੀ ਆਰਥਿਕਤਾ ਨੂੰ ਵੀ ਮਜਬੂਤ ਕਰਨਗੇ। ਡਿਗਰੀਆਂ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨੂੰ ਸ਼੍ਰੀ ਪਾਟਿਲ ਨੇ ਕਿਹਾ ਕਿ ਉਹਨਾਂ ਵਿੱਚ ਆਤਮ ਵਿਸ਼ਵਾਸ਼ ਦਾ ਹੋਣਾ ਬਹੁਤ ਜਰੂਰੀ ਹੈ । ਉਨ੍ਹਾਂ ਕਿਹਾ ਕਿ ਇਥੋਂ ਇਮਤਿਹਾਨ ਪਾਸ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੀ ਆਉਣ ਵਾਲੀ ਜਿੰਦਗੀ ਵਿੱਚ ਹੋਰ ਇਮਤਿਹਾਨ ਵੀ ਪਾਸ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਤੁਸੀ ਦੇਸ਼ ਦਾ ਭਵਿੱਖ ਹੋ ਅਤੇ ਦੇਸ਼ ਅਤੇ ਸਮਾਜ ਨੂੰ ਤੁਹਾਡੇ ‘ਤੇ ਬਹੁਤ ਸਾਰੀਆਂ ਉਮੀਦਾਂ ਹਨ । ਉਨ੍ਹਾਂ ਕਿਹਾ ਕਿ ਜਿਹਨਾਂ ਵਿਦਿਆਰਥੀਆਂ ਨੇ ਅੱਜ ਡਿਗਰੀਆਂ ਹਾਸਲ ਕੀਤੀਆਂ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ ਡਿਗਰੀਆਂ ਤੱਕ ਹੀ ਸੀਮਤ ਨਾ ਰਹਿਣ ਸਗੋਂ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਵੀ ਯੋਗਦਾਨ ਪਾਉਣ।
         ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ: ਅਸ਼ੋਕ ਚਿਤਕਾਰਾ, ਵਾਈਸ ਚਾਂਸਲਰ ਡਾ: ਮਧੂ ਚਿਤਕਾਰਾ, ਪ੍ਰੋ ਵਾਈਸ ਚਾਂਸਲਰ ਡਾ: ਅਰਚਨਾ ਮੰਤਰੀ, ਪ੍ਰੋ: ਭਾਰਤ ਕੇ ਭਾਰਗਵਾ ਯੂ.ਐਸ.ਏ. ਯੂਨੀਵਰਸਿਟੀ ਤੋਂ ਇਲਾਵਾ ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

Translate »