February 21, 2012 admin

ਯੂਨੀਵਰਸਿਟੀ ਕਾਲਜ ਚੂੰਨੀ ਕਲਾਂ ਵਿਖੇ ਵਿਸ਼ਵ ਮਾਂ ਬੋਲੀ ਦਿਵਸ ਮਨਾਇਆ

ਫਤਹਿਗੜ੍ਹ ਸਾਹਿਬ, 21 ਫਰਵਰੀ : ਯੂਨੀਵਰਸਿਟੀ ਕਾਲਜ ਚੂੰਨੀ ਕਲਾਂ ਵਿਖੇ ਵਿਸ਼ਵ ਮਾਂ ਬੋਲੀ ਦਿਵਸ ਮਨਾਇਆ ਗਿਆ। ਕਾਲਜ ਦੇ ਪਿੰ੍ਰਸੀਪਲ ਡਾ: ਵੀ.ਕੇ. ਤਿਵਾੜੀ ਦੀ ਅਗਵਾਈ ਵਿੱਚ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ: ਸਰਬਜੀਤ ਕੌਰ ਸੋਹਲ ਦੀ ਦੇਖ ਰੇਖ ਹੇਠ ਮਨਾਏ ਇਸ ਵਿਸ਼ਵ ਮਾਂ ਬੋਲੀ ਦਿਵਸ ਦੌਰਾਨ ਵਿਦਿਆਰਥੀਆਂ ਨੇ ਮਾਂ ਬੋਲੀ ਨੂੰ ਸਮਰਪਿਤ ਕਵਿਤਾਵਾਂ ਅਤੇ ਭਾਸ਼ਣ ਪੜ੍ਹੇ।
               ਇਸ ਮੌਕੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ: ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੀ ਹੈ। ਜਿਸ ਨਾਲ ਸਾਡੀ ਮਾਂ ਬੋਲੀ ਨੂੰ ਖਤਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਤੁਰੰਤ ਆਪਣੇ ਵਿਰਸੇ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਆਉਣ ਵਾਲੀ ਪੀੜ੍ਹੀ ਆਪਣੀ ਮਾਂ ਬੋਲੀ ਅਤੇ ਵਿਰਸੇ ਨੂੰ ਭੁਲਾ ਦੇਵੇਗੀ। ਡਾ: ਸੋਹਲ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਭਾਸ਼ਾ ਉਸ ਕੌਮ ਦਾ ਵਿਰਸਾ ਹੁੰਦੀ ਹੈ ਅਤੇ ਆਪਣੀ ਮਾਂ ਬੋਲੀ ਨੂੰ ਭੁਲਾਉਣ ਵਾਲੀ ਕੌਮ ਕਦੇ ਵੀ ਤਰੱਕੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਆਪਣੇ ਨੌਜਵਾਨਾਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਸਕੂਲਾਂ, ਕਾਲਜਾਂ ਵਿੱਚ ਅਜਿਹੇ ਸੈਮੀਨਾਰ ਕਰਵਾਉਣੇ ਚਾਹੀਦੇ ਹਨ ਜਿਸ ਨਾਲ ਉਹ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਬਾਰੇ ਜਾਣੂ ਹੋ ਸਕਣ। ਡਾ: ਸਰਬਜੀਤ ਕੌਰ ਸੋਹਲ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਇਸ ਦੀ ਹੋਂਦ ਅਤੇ ਪ੍ਰਫੁੱਲਤਾ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਉੱਪ ਕੁੱਲਪਤੀ ਡਾ: ਜਸਪਾਲ ਸਿੰਘ ਦੀ ਅਗਵਾਈ ‘ਚ ਕੀਤੇ ਜਾ ਰਹੇ ਯਤਨਾਂ ਬਾਰੇ ਚਾਨਣਾ ਪਾਇਆ।
                ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਵਿਦਿਆਰਥੀ ਅੰਮ੍ਰਿਤਪਾਲ ਨੇ ਕਿਹਾ ਕਿ ਭਾਸ਼ਾ ਰੁੱਖ ਦੀਆਂ ਜੜ੍ਹਾਂ ਵਾਂਗ ਹੁੰਦੀ ਹੈ ਜੇ ਜੜ੍ਹ ਮਰਨੀ ਸ਼ੁਰੂ ਹੋ ਜਾਵੇ ਤਾਂ ਰੁੱਖ ‘ਤੇ ਵੀ ਮੌਤ ਦਾ ਸਾਇਆ ਲਹਿਰਾਉਣ ਲੱਗ ਜਾਂਦਾ ਹੈ। ਇੱਕ ਹੋਰ ਵਿਦਿਆਰਥੀ ਹਰਮਨਪ੍ਰੀਤ  ਨੇ ਕਿਹਾ ਕਿ ਸਾਡੀ ਬੋਲੀ ਹੀ ਸਾਡੀ ਪਹਿਚਾਣ ਹੈ। ਇਸ ਮੌਕੇ ਰਜਨੀਵ ਕੌਰ ਨੇ ਵੀ ਬੜ੍ਹੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਸ਼ਾਵਾਂ ਕੌਮਾਂ ਦਾ ਵਿਰਸਾ ਹੁੰਦੀਆਂ ਹਨ।          
               ਇਸ ਮੌਕੇ ਗੁਰਪ੍ਰੀਤ ਕੌਰ, ਆਰਤੀ, ਹਰਪ੍ਰੀਤ ਕੌਰ, ਰਜਨੀ, ਮੋਨੂੰ ਸ਼ਰਮਾ, ਮਹਿਕ ਸਚਦੇਵਾ, ਤਰਨਜੀਤ ਕੌਰ ਅਤੇ ਪੁਸ਼ਦੀਪ ਸਿੰਘ ਨੇ ਵੀ ਪੰਜਾਬੀ ਬੋਲੀ ਦੀ ਹੋਂਦ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰੋਫੈਸਰ ਜਸਵਿੰਦਰ ਕੌਰ, ਪ੍ਰੋਫੈਸਰ ਵਿਭਾ,ਪ੍ਰੋਫੈਸਰ ਰੂਪਮ ਜਸਮੀਤ, ਪ੍ਰੋਫੈਸਰ ਰਣਦੀਪ ਕੌਰ, ਪ੍ਰੋ: ਮੁਹੰਮਦ ਤਨਵੀਰ, ਪ੍ਰੋਫੈਸਰ ਵਰਿੰਦਰ ਕੌਰ, ਪ੍ਰੋਫੈਸਰ ਕੁਸ਼ਲ ਕਪੂਰ, ਪ੍ਰੋਫੈਸਰ ਮਾਲਵਿਕਾ ਵੀ ਹਾਜ਼ਰ ਸਨ।

Translate »