ਪਟਿਆਲਾ: 21 ਫਰਵਰੀ : ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਇਹ ਆਦੇਸ਼ ਜਾਰੀ ਕੀਤੇ ਹਨ ਕਿ ਜਰੂਰੀ ਵਸਤਾਂ ਦੇ ਐਕਟ 1955 ਦੀ ਧਾਰਾ 3 ਹੇਠ ਜਾਰੀ (ਰੈਗੂਲੇਸ਼ਨ ਆਫ ਸਪਲਾਈ ਡਿਸਟ੍ਰੀਬਿਊਸ਼ਨ ਕੰਟਰੋਲਰ ਆਰਡ 2000) ਅਨੁਸਾਰ ਘਰੇਲੂ ਗੈਸ ਦਾ ਗੈਰ ਘਰੇਲੂ ਉਦੇਸ਼ਾਂ ਲਈ ਵਰਤੋਂ ਕਰਨ ਦੀ ਮਨਾਹੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜਰੂਰੀ ਵਸਤਾਂ ਦੇ ਐਕਟ ਦੀ ਧਾਰਾ 7 ਹੇਠ ਦੰਡਯੋਗ ਪੁਲਿਸ ਕੇਸ ਦਰਜ਼ ਕੀਤਾ ਜਾ ਸਕਦਾ ਹੈ ਤੇ ਇਸ ਅਪਰਾਧ ਲਈ ਘੱਟ ਤੋਂ ਘੱਟ ਤਿੰਨ ਮਹੀਨੇ ਅਤੇ ਵੱਧ ਤੋਂ ਵੱਧ 7 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸੇ ਐਕਟ ਦੀ ਧਾਰਾ 8 ਅਧੀਨ ਇਸ ਅਪਰਾਧ ਵਿੱਚ ਮੱਦਦ ਕਰਨ ਵਾਲੇ ਨੂੰ ਵੀ ਇਹੋ ਸਜਾ ਮਿਲ ਸਕਦੀ ਹੈ।
ਸ਼੍ਰੀ ਗਰਗ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਸਮੂਹ ਮੈਰਿਜ ਪੈਲਸਾਂ/ਰਿਜੋਰਟ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਮੈਰਿਜ ਪੈਲੇਸਾਂ/ਰਿਜੋਰਟਸ ਵਿੱਚ ਘਰੇਲੂ ਗੈਸ ਦੀ ਵਰਤੋਂ ਅਤੇ ਮੈਰਿਜ ਪੈਲਸਾਂ ਵਿੱਚ ਘਰੇਲੂ ਸਲੰਡਰ ਦਾਖਲ ਨਾ ਹੋਣ ਦੇਣ ਨੂੰ ਯਕੀਨੀ ਬਣਾਉਣ। ਉਨ੍ਹਾਂ ਸਮੂਹ ਮੈਰਿਜ ਪੈਲਸਾਂ ਅਤੇ ਰਿਜੋਰਟਾਂ ਦੇ ਮਾਲਕਾਂ ਨੂੰ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੇ ਮੈਰਿਜ ਪੈਲਸ ਅਤੇ ਰਿਜੋਰਟਸ ਵਿੱਚ ” ਮੈਰਿਜ ਪੈਲਸ/ਰਿਜੋਰਟਸ ਵਿੱਚ ਸਮਾਗਮ ਦੌਰਾਨ ਘਰੇਲੂ ਗੈਸ ਸਲੰਡਰ ਦੀ ਵਰਤੋਂ ਕਰਨ ਦੀ ਮਨਾਹੀਂ ਹੈ। ਸਮਾਗਮ ਦੌਰਾਨ ਕੇਵਲ ਵਪਾਰਕ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਸਲੰਡਰਾਂ ਦੀ ਹੀ ਆਗਿਆ ਹੈ, ਇਹਨਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ” ਵੀ ਲਿਖ ਕੇ ਲਗਾਉਣ ।