February 21, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ ਦੇ ਪਹਿਲੇ ਇਨਾਮ ਵੰਡ ਸਮਾਰੋਹ ਦੌਰਾਨ 175 ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ

ਅੰਮ੍ਰਿਤਸਰ, 21 ਫਰਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ (ਜ਼ਿਲਾ ਤਰਨ ਤਾਰਨ) ਵਿਖੇ ਕਾਲਜ ਦਾ ਪਹਿਲਾ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ ਜਿਸ ਵਿਚ ਕਾਲਜ ਦੇ ਪਹਿਲੇ ਸੈਸ਼ਨ ਦੌਰਾਨ ਪ੍ਰਿੰਸੀਪਲ ਮੋਹਨਜੀਤ ਨਾਗਪਾਲ ਸੇਠੀ ਦੀ ਅਗਵਾਈ ਹੇਠ 175 ਵਿਦਿਆਰਥੀਆਂ ਨੂੰ ਉਹਨਾਂ ਵਲੋਂ ਵਿਦਿਅਕ ਅਤੇ ਸਹਿ-ਵਿਦਿਅਕ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ, ਕਾਲਜ ਵਿਕਾਸ ਕੌਂਸਲ, ਡਾ.ਐੱਮ.ਐੱਸ.ਹੁੰਦਲ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸਮਾਰੋਹ ਵਿੱਚ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਡਾ.ਹੁੰਦਲ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਦਿਆਂ ਕਿਹਾ ਕਿ ਇਸ ਸਰਹੱਦੀ ਇਲਾਕੇ ਵਿਚ ਖੁੱਲਿਆ ਅਜਿਹੀ ਤਕਨਾਲੋਜੀ ਭਰਪੂਰ ਬਿਲਡਿੰਗ ਵਾਲਾ ਅਤੇ ਉਚ-ਸਿਖਿਆ ਪ੍ਰਾਪਤ ਸਟਾਫ ਦੀਆਂ ਸੁਵਿਧਾਵਾਂ ਵਾਲਾ ਕਾਲਜ, ਇਸ ਇਲਾਕੇ ਲਈ ਇਕ ਵਰਦਾਨ ਹੈ ਅਤੇ ਆਪ ਸਾਰੇ ਹੀ ਇਸ ਦਾ ਭਰਪੂਰ ਲਾਭ ਉਠਾਉਗੇ, ਜਿਸ ਨਾਲ ਅਕਾਦਮਿਕ ਤੌਰ ‘ਤੇ ਪੱਛੜੇ ਇਸ ਇਲਾਕੇ ਦੇ ਨੌਜਵਾਨ ਪੜ•-ਲਿਖ ਕੇ ਇਸ ਸਰਹੱਦੀ ਇਲਾਕੇ ਦਾ ਨਾਮ ਰੌਸ਼ਨ ਕਰ ਸਕਣਗੇ।  
       ਸਮਾਗਮ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਬਦ-ਗਾਇਣ ਉਪਰੰਤ ਪ੍ਰਿੰਸੀਪਲ ਡਾ.ਮੋਹਨਜੀਤ ਨਾਗਪਾਲ ਸੇਠੀ ਦੁਆਰਾ ਕਾਲਜ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੇਸ਼ ਕਰਨ ਨਾਲ ਹੋਈ।ਉਹਨਾਂ 2011-12 ਦੌਰਾਨ ਕਾਲਜ ਦੀਆਂ ਵੱਖ-ਵੱਖ ਪ੍ਰਸ਼ਾਸਨਿਕ ਕਮੇਟੀਆਂ ਦੀ ਕਾਰਗੁਜ਼ਾਰੀ ਅਤੇ ਵਿਦਿਆਰਥੀਆਂ ਵੱਲੋਂ ਕੀਤੀਆਂ ਅਕਾਦਮਿਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਦਾ ਵੇਰਵਾ ਪੇਸ਼ ਕਰਦਿਆਂ ਸਮੂਹ ਸਟਾਫ ਵਲੋਂ ਪ੍ਰਾਪਤ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਹੋਰ ਉਚੇਰੀਆਂ ਬੁਲੰਦੀਆਂ ਛੁਹਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਉਹਨਾਂ ਦੱਸਿਆ ਕਿ ਸਰਹੱਦੀ ਇਲਾਕੇ ਵਿਚ ਬਣੇ ਇਸ ਕਾਲਜ ਦਾ ਉਦੇਸ਼ ਇਲਾਕੇ ਵਿਚ ਸਸਤੀ ਅਤੇ ਮਿਆਰੀ ਵਿਦਿਆ ਦਾ ਪਾਸਾਰ ਕਰ ਕੇ ਇਲਾਕੇ ਨੂੰ ਇਕ ਸੁਨਹਿਰੀ ਭਵਿੱਖ ਦੇਣਾ ਹੈ।
      ਕਾਲਜ ਦੇ ਰਜਿਸਟਰਾਰ, ਅਸਿਸਟੈਂਟ ਪ੍ਰੋਫੈਸਰ, ਡਾ. ਗੁਰਚਰਨਜੀਤ ਸਿੰਘ ਨੇ ਅਕਾਦਮਿਕ ਅਤੇ ਡਾ. ਸਰਘੀ ਨੇ ਸਹਿ ਅਕਾਦਮਿਕ ਗਤੀਵਿਧੀਆਂ ਲਈ ਇਨਾਮਾਂ ਦਾ ਐਲਾਨ ਕੀਤਾ।ਇੰਝ ਮੁੱਖ ਮਹਿਮਾਨ ਡਾ. ਹੁੰਦਲ ਹੱਥੋਂ ਵਿਦਿਆਰਥੀਆਂ ਨੂੰ 119 ਅਕਾਦਮਿਕ ਅਤੇ 56 ਸਹਿ ਅਕਾਦਮਿਕ ਇਨਾਮ ਲੈਣ ਦਾ ਸੁਭਾਗ ਪ੍ਰਾਪਤ ਹੋਇਆ।
      ਸਮਾਰੋਹ ਦੌਰਾਨ ਕਾਲਜ ਦੇ ਐੱਨ.ਐੱਸ.ਐੱਸ.ਯੂਨਿਟ ਅਤੇ ਏਡਜ਼ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਹਿਤ ਬਣੀ ਰੈੱਡ-ਰਿਬਨ ਕਲੱਬ ਦੇ ਸਾਂਝੇ ਉਪਰਾਲੇ ਨਾਲ ਤਿਆਰ ਕੀਤੇ ਇਕ ਇਸ਼ਤਿਹਾਰ ਦਾ ਲੋਕ-ਅਰਪਨ ਵੀ ਕੀਤਾ ਗਿਆ। ਲੋਕ ਅਰਪਨ ਦੀ ਰਸਮ ਮੁੱਖ ਮਹਿਮਾਨ ਡਾ.ਹੁੰਦਲ, ਡਾ.ਪਰਮਜੀਤ ਸਿੰਘ ਜੱਜ, ਮੁਖੀ, ਸਮਾਜ ਵਿਗਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਮਹਿਲ ਸਿੰਘ, ਪ੍ਰਿੰਸੀਪਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ,ਵੇਰਕਾ ਨੇ ਨਿਭਾਈ।
      ਇਸ ਅਵਸਰ ‘ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਵਿੱਚ ਗੀਤ, ਗਜ਼ਲਾਂ ਅਤੇ ਕਵਿਤਾਵਾਂ ਰਾਹੀਂ ਵਿਦਿਆਰਥੀਆਂ ਨੇ ਖੂਬ ਰੰਗ ਬੰਨਿਆ ਅਤੇ ਪੰਜਾਬ ਦੇ ਲੋਕ ਨਾਚ ਭੰਗੜੇ ਅਤੇ ਗਿੱਧੇ ਨੇ ਨੌਜਵਾਨ ਦਰਸ਼ਕਾਂ ਦੇ  ਜੋਸ਼ ਨੂੰ ਹੋਰ ਵਧਾਇਆ। ਅਸਿਸਟੈਂਟ ਪ੍ਰੋਫੈਸਰ, ਡਾ. ਸਿਧਾਰਥ ਕੁਮਾਰ ਦੇ ਦਿਲਖਿਚਵੇਂ ਮੰਚ ਸੰਚਾਲਨ ਨੇ ਫਿਜ਼ਾ ਨੂੰ ਸੰਗੀਤਮਈ ਬਣਾਇਆ।
       ਸਮਾਗਮ ਦੇ ਅੰਤ ਵਿਚ ਡਾ. ਗੁਰਿੰਦਰਜੀਤ ਕੌਰ, ਅਸਿਸਟੈਂਟ ਪ੍ਰੋਫੈਸਰ, ਇਕਨਾਮਿਕਸ ਨੇ ਮੁੱਖ ਮਹਿਮਾਨ, ਡਾ.ਹੁੰਦਲ, ਡਾ.ਪਰਮਜੀਤ ਸਿੰਘ ਜੱਜ, ਡਾ. ਮਹਿਲ ਸਿੰਘ, ਪ੍ਰੈਸ ਅਤੇ ਹੋਰ ਆਏ ਹੋਏ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ।ਇਸ ਤੋਂ ਬਾਅਦ ਕਾਲਜ ਦੇ ਸਟਾਫ ਵੱਲੋਂ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ।    

Translate »