February 22, 2012 admin

ਕਣਕ ਤੇ ਚੇਪੇ (ਤੇਲੇ) ਦਾ ਹਮਲਾ ਰੋਕੋ

ਲੁਧਿਆਣਾ: 22 ਫਰਵਰੀ : ਜਿਥੇ ਕਣਕ ਦੀ ਫ਼ਸਲ ਨੇ ਨਿਸਰਣਾ ਸ਼ੁਰੂ ਕਰ ਦਿੱਤਾ ਹੈ ਉਥੇ ਚੇਪੇ/ਤੇਲੇ ਦੇ ਹਮਲੇ ਦਾ ਖਦਸਾ ਬਣਿਆ ਹੋਇਆ ਹੈ ਕਿਉਂਕਿ ਬੱਦਲਵਾਈ ਵਾਲਾ ਮੌਸਮ ਇਸ ਦੇ ਵਧਣ ਫੁੱਲਣ ਲਈ ਬਹੁਤ ਅਨੁਕੂਲ ਹੈ। ਇਸ ਦੀ ਰੋਕਥਾਮ ਸੰਬੰਧੀ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਹਫ਼ਤੇ ਵਿੱਚ ਦੋ ਵਾਰੀ ਫ਼ਸਲ ਦਾ ਸਰਵੇ ਜ਼ਰੂਰ ਕਰਨ। ਇਕ ਏਕੜ ਦੇ  ਖੇਤ ਨੂੰ ਬਰਾਬਰ 4 ਹਿੱਸਿਆਂ ਵਿੱਚ ਵੰਡ ਕੇ ਹਰੇਕ ਹਿੱਸੇ ਵਿਚੋਂ 10 ਸਿੱਟਿਆਂ ਤੇ ਤੇਲੇ ਦੀ ਗਿਣਤੀ ਕਰਨ। ਜੇਕਰ ਤੇਲੇ /ਚੇਪੇ ਦੀ ਗਿਣਤੀ 5 ਚੇਪੇ ਪ੍ਰਤੀ ਸਿੱਟਾ ਪਹੁੰਚ ਜਾਂਦੀ ਹੈ ਤਾਂ 40 ਮਿਲੀਲਿਟਰ ਇਮਿਡਾਕਲੋਪਰਿਡ 17.8 ਐਸ ਐਲ ਜਾਂ 20 ਗਰਾਮ ਥਾਇਆਮੈਥੋਕਸਮ 25 ਡਬਲਯੂ ਜੀ ਜਾਂ 12 ਗਰਾਮ ਡੇਨਆਪ 50 ਡਬਲਯੂ ਜੀ ਜਾਂ 150 ਮਿਲੀਲਿਟਰ ਰੋਗਰ 30 ਈ ਸੀ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨ। ਚੇਪੇ ਦਾ ਹਮਲਾ ਆਮ ਤੌਰ ਤੇ ਪਹਿਲਾਂ ਖੇਤ ਦੇ ਬਾਹਰਲੇ ਹਿੱਸਿਆਂ ਤੇ ਹੁੰਦਾ ਹੇ। ਇਸ ਲਈ ਛਿੜਕਾਅ ਸਿਰਫ ਹਮਲੇ ਵਾਲੇ ਹਿੱਸੇ ਤੇ ਹੀ ਕਰੋ ਤਾਂ ਕਿ ਚੇਪੇ ਦਾ ਹਮਲਾ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

Translate »