* ਕੁੱਲ 379 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ ਮੈਡੀਕਲ ਸਟਾਫ ਵੀ ਭੇਜਿਆ
ਪਟਿਆਲਾ: 22 ਫਰਵਰੀ : ਗੋਆ ਰਾਜ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਲਈ ਅੱਜ ਕਮਾਂਡੋ ਫੋਰਸ ਦੀਆਂ 4 ਕੰਪਨੀਆਂ ਚੰਡੀਗੜ੍ਹ ਕੋਚੀਵਲੀ ਸੰਪਰਕ ਕੇਰਲਾ ਕ੍ਰਾਂਤੀ ਐਕਸਪ੍ਰੈਸ-1218 ਰਾਹੀਂ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੋਂ ਸਵੇਰੇ 9:00 ਵਜੇ ਆਈ.ਜੀ. ਕਮਾਂਡੋ , ਪੰਜਾਬ ਬਹਾਦਰਗੜ੍ਹ ਸ੍ਰ: ਟਹਿਲ ਸਿੰਘ ਧਾਲੀਵਾਲ ਨੇ ਰਵਾਨਾਂ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਕੰਪਨੀਆਂ ਵਿੱਚ ਕਮਾਂਡੋ ਦੇ ਕੁੱਲ 379 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ ਜਿਹਨਾਂ ਵਿੱਚ 1 ਡੀ.ਐਸ.ਪੀ., 4 ਇੰਸਪੈਕਟਰ, 12 ਐਨ.ਜੀ.ਓ., 40 ਮੁੱਖ ਸਿਪਾਹੀ, 280 ਸਿਪਾਹੀ, 18 ਦਰਜਾ ਚਾਰ ਕਰਮਚਾਰੀ ਅਤੇ 24 ਵਾਇਰਲੈਸ ਸਟਾਫ ਤੋਂ ਇਲਾਵਾ ਮੈਡੀਕਲ ਸਟਾਫ ਨੂੰ ਵੀ ਗੋਆ ਵਿਖੇ ਚੋਣ ਡਿਊਟੀ ਲਈ ਭੇਜਿਆ ਗਿਆ ਹੈ।
ਇਸ ਤੋਂ ਪਹਿਲਾਂ ਜਵਾਨਾਂ ਨੂੰ ਸੰਬੋਧਨ ਕਰਦਿਆਂ ਆਈ.ਜੀ. ਕਮਾਂਡੋ ਸ੍ਰ: ਟਹਿਲ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਵੱਖ-ਵੱਖ ਰਾਜਾਂ ਵਿੱਚ ਬਿਹਤਰ ਡਿਊਟੀਆਂ ਦਿੱਤੀਆਂ ਹਨ ਉਸੇ ਤਰ੍ਹਾਂ ਆਪਣੀ ਇਸ ਡਿਊਟੀ ਨੂੰ ਵੀ ਪੂਰੀ ਇਮਾਨਦਾਰੀ ਤੇ ਲਗਨ ਨਾਲ ਕਰਨ । ਉਨ੍ਹਾਂ ਜਵਾਨਾਂ ਨੂੰ ਇਹ ਵੀ ਕਿਹਾ ਕਿ ਉਹ ਇੱਕ ਜਨਰਲ ਟਰੇਨ ਰਾਹੀਂ ਆਮ ਲੋਕਾਂ ਦੇ ਨਾਲ ਹੀ ਸਫਰ ਕਰ ਰਹੇ ਹਨ ਜਿਸ ਵਿੱਚ ਹਰ ਤਰ੍ਹਾਂ ਦੇ ਅਨਸਰ ਹੋ ਸਕਦੇ ਹਨ ਇਸ ਲਈ ਸਫਰ ਦੌਰਾਨ ਪੂਰੀ ਤਰ੍ਹਾਂ ਚੌਕਸੀ ਵਰਤੀ ਜਾਵੇ । ਇਸ ਮੌਕੇ ਕਮਾਂਡੈਂਟ ਦੂਜੀ ਕਮਾਂਡੋ ਬਟਾਲੀਅਨ ਸ੍ਰ: ਸੁਖਵੰਤ ਸਿੰਘ ਗਿੱਲ ਵੱਲੋਂ ਜਵਾਨਾਂ ਨੂੰ ਡਿਊਟੀ ਸਬੰਧੀ ਜਰੂਰੀ ਹਦਾਇਤਾਂ ਕੀਤੀਆਂ ਗਈਆਂ । ਉਨ੍ਹਾਂ ਜਵਾਨਾਂ ਨੂੰ ਕਿਹਾ ਕਿ ਗੋਆ ਵਿਧਾਨ ਸਭਾ ਚੋਣਾ ਦੀ ਡਿਊਟੀ ਬਿਹਤਰ ਢੰਗ ਨਾਲ ਨਿਭਾ ਕੇ ਪੰਜਾਬ ਪੁਲਿਸ ਕਮਾਂਡੋ ਦਾ ਨਾਮ ਹੋਰ ਰੌਸ਼ਨ ਕਰਨ ।