ਲੁਧਿਆਣਾ: 22 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਮਧੂ ਮੱਖੀਆਂ ਦੀ ਬ੍ਰੀਡਿੰਗ, ਰਾਣੀ ਮੱਖੀਆਂ ਦਾ ਵਪਾਰਕ ਵਾਧਾ ਵਿਕਾਸ, ਪਾਲਣ ਪੋਸ਼ਣ ਢੰਗ ਅਤੇ ਮਧੂ ਮੱਖੀ ਛੱਤਿਆਂ ਦੀ ਸੰਭਾਲ ਬਾਰੇ ਪੰਜ ਰੋਜਾ ਸਿਖਲਾਈ ਕੋਰਸ ਸ਼ੁਰੂ ਹੋ ਗਿਆ ਹੈ। ਪੰਜਾਬ ਰਾਜ ਦੇ ਬਾਗਬਾਨੀ, ਖੇਤੀਬਾੜੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਕੰਮ ਕਰਦੇ ਪਸਾਰ ਮਾਹਿਰਾਂ ਲਈ ਕਰਵਾਏ ਜਾ ਰਹੇ ਇਸ ਕੋਰਸ ਵਿੱਚ 29 ਸਿਖਿਆਰਥੀ ਹਿੱਸਾ ਲੈ ਰਹੇ ਹਨ। ਕੌਮੀ ਬਾਗਬਾਨੀ ਮਿਸ਼ਨ ਵੱਲੋਂ ਪ੍ਰਾਯੋਜਿਤ ਇਸ ਕੋਰਸ ਦਾ ਉਦਘਾਟਨ ਵਿਭਾਗ ਦੇ ਮੁਖੀ ਡਾ: ਬਲਵਿੰਦਰ ਸਿੰਘ ਨੇ ਕੀਤਾ। ਡਾ: ਬਲਵਿੰਦਰ ਸਿੰਘ ਨੇ ਆਖਿਆ ਕਿ ਪਿਛਲੇ ਚਾਰ ਮਹੀਨਿਆਂ ਦੌਰਾਨ ਇਥੇ ਕਰਵਾਏ ਜਾਣ ਵਾਲੇ ਛੇ ਕੋਰਸਾਂ ਵਿੱਚੋਂ ਦੋ ਕੋਰਸ ਇਸੇ ਵਿਸ਼ੇ ਬਾਰੇ ਹੀ ਕਰਵਾਏ ਗਏ ਹਨ।
ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੇ ਉਮੀਦਵਾਰਾਂ ਨੂੰ ਕੌਮੀ ਖੇਤੀ ਵਿਕਾਸ ਯੋਜਨਾ ਅਧੀਨ ਅਜਿਹੇ ਸਿਖਲਾਈ ਕੋਰਸ ਨੇੜ ਭਵਿੱਖ ਵਿੱਚ ਕਰਵਾਏ ਜਾਣਗੇ। ਇਨ•ਾਂ ਦਾ ਮਨੋਰਥ ਖੇਤੀਬਾੜੀ ਵਿੱਚ ਵੰਨ ਸੁਵੰਨਤਾ ਲਿਆਉਣ ਦੇ ਨਾਲ ਨਾਲ ਕਿਸਾਨਾਂ ਨੂੰ ਕੁਲਵਕਤੀ ਕਮਾਊ ਧੰਦੇ ਵੱਲ ਮੋੜਨਾ ਵੀ ਹੈ। ਇਸ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ: ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਤਕਨੀਕੀ, ਸਿਧਾਂਤਕ ਅਤੇ ਵਿਹਾਰਕ ਸਿਖਲਾਈ ਦਿੱਤੀ ਜਾਵੇਗੀ।