February 22, 2012 admin

ਕੁਦਰਤੀ ਆਫ਼ਤਾਂ ਦੌਰਾਨ ਬਚਾਅ ਦੇ ਤਰੀਕਿਆਂ ਸਬੰਧੀ ਮੌਕ ਡਰਿੱਲ

ਬਠਿੰਡਾ,  ੨੨ ਫਰਵਰੀ-ਭੁਚਾਲ ਅਤੇ ਹੋਰ ਕੁਦਰਤੀ ਆਫ਼ਤਾਂ ਮੌਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਦੇ ਢੰਗ-ਤਰੀਕਿਆਂ ਦੀ ਸਿਖਲਾਈ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐਨ. ਡੀ. ਆਰ. ਐਫ.) ਦੀ ਸੱਤਵੀਂ ਬਟਾਲੀਅਨ, ਬਠਿੰਡਾ ਦੇ ਜਵਾਨਾਂ ਅਤੇ ਸਿਵਲ ਡਿਫੈਂਸ ਵਾਰਡਨ ਸਰਵਿਸ ਬਠਿੰਡਾ ਦੇ ਵਾਰਡਨਾਂ ਵੱਲੋਂ ਮੌਕ ਡਰਿੱਲ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲਿਸ ਮੁਖੀ ਡਾ ਸੁਖਚੈਨ ਸਿੰਘ ਗਿੱਲ, ਏ. ਡੀ. ਸੀ. ਸ੍ਰੀ ਭੁਪਿੰਦਰ ਸਿੰਘ ਰਾਏ, ਐਸ. ਡੀ. ਐਮ. ਸ੍ਰੀ ਹਰਜੀਤ ਸਿੰਘ ਕੰਦੋਲਾ, ਚੀਫ ਵਾਰਡਨ ਸਿਵਲ ਡਿਫੈਂਸ ਸ੍ਰੀ ਸੁਰਿੰਦਰ ਮੋਹਨ, ਕਮਾਂਡੈਂਟ ਐਨ. ਡੀ. ਆਰ. ਐਫ. ਸ੍ਰੀ ਆਰ. ਕੇ. ਵਰਮਾ ਤੇ ਹੋਰ ਅਫ਼ਸਰ ਹਾਜ਼ਰ ਸਨ। ਇਸ ਡਰਿਲ ਵਿਚ ਐਨ. ਡੀ. ਆਰ. ਐਫ. ਦੇ 130 ਜਵਾਨਾਂ ਅਤੇ ਸਿਵਲ ਡਿਫੈਂਸ ਦੇ 100 ਵਾਰਡਨਾਂ ਨੇ ਹਿੱਸਾ ਲਿਆ।
         ਸਵੇਰੇ 11 ਵਜੇ ਦੇ ਕਰੀਬ ਸਾਇਰਨ ਵੱਜਣ ਨਾਲ ਇਸ ਡਰਿੱਲ ਦੀ ਸ਼ੁਰੂਆਤ ਹੋਈ ਅਤੇ ਡੇਢ ਘੰਟੇ ਦੇ ਕਰੀਬ ਇਹ ਡਰਿਲ ਚੱਲੀ, ਜਿਸ ਦੌਰਾਨ ਸਾਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ। ਇਸ ਦੌਰਾਨ ਜਵਾਨਾਂ ਵੱਲੋਂ ਭੁਚਾਲ ਜਾਂ ਕੁਦਰਤੀ ਆਫ਼ਤ ਦੌਰਾਨ ਇਮਾਰਤਾਂ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਵੱਖ-ਵੱਖ ਤਰੀਕਿਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਤਰੀਕਿਆਂ ‘ਚ ਜਿਥੇ ਜਵਾਨਾਂ ਵੱਲੋਂ ਰੱਸਿਆਂ ਤੇ ਪੌੜੀ ਦੇ ਜ਼ਰੀਏ ਇਮਾਰਤ ‘ਚ ਦਾਖ਼ਲ ਹੋਣ ਅਤੇ ਪੀੜਤਾਂ ਨੂੰ ਬਾਹਰ ਕੱਢਣ ਦੇ ਜ਼ੋਖਮ ਭਰਪੂਰ ਢੰਗਾਂ ਦਾ ਪ੍ਰਦਰਸ਼ਨ ਕੀਤਾ ਉਥੇ ਨਾਲ ਹੀ ਬੇਹੋਸ਼ ਜਾਂ ਜ਼ਖਮੀ ਹੋ ਚੁੱਕੇ ਵਿਅਕਤੀਆਂ ਦੀ ਸੰਭਾਲ ਦੀਆਂ ਵਿਧੀਆਂ ਦੱਸੀਆਂ। ਇਸ ਮੌਕੇ ਜਵਾਨਾਂ ਨੇ ਰੱਸਿਆਂ ਦੀ ਸਹਾਇਤਾ ਨਾਲ ਉਚੀ ਇਮਾਰਤ ਤੋਂ ਹੇਠਾਂ ਆਉਣ ਦੇ ਵੱਖ-ਵੱਖ ਸਾਹਸੀ ਢੰਗਾਂ ਦਾ ਪ੍ਰਦਰਸ਼ਨ ਵੀ ਕੀਤਾ ਜੋ ਮੁਲਾਜ਼ਮਾਂ ਦੀ ਹੈਰਾਨੀ ਦਾ ਸਬੱਬ ਬਣਿਆ। ਇਸ ਮੌਕੇ ਸੜਕੀ ਹਾਦਸੇ ਦੀ ਸੂਰਤ ਵਿਚ ਜ਼ਖ਼ਮੀ ਨੂੰ ਦਿੱਤੀ ਜਾਣ ਵਾਲੀ ਮੁਢਲੀ ਸਹਾਇਤਾ ਅਤੇ ਸੰਭਾਲ ਬਾਰੇ ਵੀ ਦੱਸਿਆ ਗਿਆ।
         ਇਸ ਦੌਰਾਨ ਭੁਚਾਲ, ਹੜ੍ਹ, ਰੇਲ ਦੁਰਘਟਨਾ, ਸੱਪ ਦੇ ਕੱਟਣ ਅਤੇ ਅੱਗ ਲੱਗਣ ਆਦਿ ਮੌਕੇ ਕੀਤੇ ਜਾਣ ਵਾਲੇ ਬਚਾਅ ਢੰਗਾਂ ਦੌਰਾਨ ਵਰਤੇ ਜਾਣ ਵਾਲੇ ਆਧੁਨਿਕ ਯੰਤਰਾਂ ਦੀ ਨੁਮਾਇਸ਼ ਵੀ ਲਗਾਈ ਗਈ ਜਿਸ ਦੌਰਾਨ ਇਨ੍ਹਾਂ ਦੀ ਵਰਤੋਂ ਬਾਰੇ ਹਾਜ਼ਰ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਟ੍ਰੈਫਿਕ ਨਿਯਮਾਂ ਸਬੰਧੀ 18 ਕਾਰਡ ਵੀ ਜਾਰੀ ਕੀਤੇ ਗਏ।
         ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਇਸ ਡਰਿੱਲ ਦਾ ਉਦੇਸ਼ ਪ੍ਰਬੰਧਕੀ ਕੰਪਲੈਕਸ ਦੇ ਮੁਲਾਜ਼ਮਾਂ ਨੂੰ ਕੁਦਰਤੀ ਆਫ਼ਤਾਂ ਦੌਰਾਨ ਆਪਣਾ ਬਚਾਅ ਕਰਨ ਤੇ ਦੂਸਰਿਆਂ ਦੀ ਸਹਾਇਤਾ ਕਰਨ ਦੇ ਤਰੀਕਿਆਂ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਅਜਿਹੇ ਹਾਲਾਤ ਨੂੰ ਬਹਾਦਰੀ ਅਤੇ ਸੂਝ-ਬੂਝ ਨਾਲ ਨਜਿੱਠਿਆ ਜਾ ਸਕੇ। 

Translate »