February 22, 2012 admin

ਆਪਣੇ ਵਿਦਿਅਕ ਜੀਵਨ ਵਿੱਚ ਖੇਡਾਂ, ਸਾਹਿਤਕ ਅਤੇ ਐਨ.ਐਸ.ਐਸ. ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਹੀ ਵਧੀਆ ਇਨਸਾਨ ਬਣਦੇ ਹਨ-ਰਵਿੰਦਰ ਸਿੰਘ

*ਸਰਕਾਰੀ ਕਾਲਜ਼ ਆਫ ਐਜੂਕੇਸ਼ਨ ਪਟਿਆਲਾ ਦੀ 53ਵੀਂ ਅਥਲੈਟਿਕ ਮੀਟ
* ਲੜਕਿਆਂ ਵਿੱਚੋਂ ਗੁਰਪ੍ਰੀਤ ਸਿੰਘ ਅਤੇ ਲੜਕੀਆਂ ਵਿੱਚੋਂ ਸਨਦੀਪ ਕੌਰ ਬੈਸਟ ਐਥਲੀਟ ਬਣੇ

ਪਟਿਆਲਾ: 22 ਫਰਵਰੀ : ਸਰਕਾਰੀ ਕਾਲਜ਼ ਆਫ ਐਜੂਕੇਸ਼ਨ ਪਟਿਆਲਾ ਦੀ 53ਵੀਂ ਅਥਲੈਟਿਕ ਮੀਟ ਵਿੱਚ ਗੁਰਪ੍ਰੀਤ ਸਿੰਘ ਲੜਕਿਆਂ ਵਿੱਚੋਂ ਅਤੇ ਸਨਦੀਪ ਕੌਰ ਨੂੰ ਲੜਕੀਆਂ ਵਿੱਚੋਂ ਬੈਸਟ ਐਥਲੀਟ ਐਲਾਨਿਆਂ ਗਿਆ।
         ਇਸ ਅਥਲੈਟਿਕ ਮੀਟ ਵਿੱਚ ਲੜਕੀਆਂ ਤੇ ਲੜਕਿਆਂ ਦੇ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜ ਦੇ, ਸ਼ਾਟਪੁੱਟ, ਜਿਵੈਲੀਅਨ ਅਤੇ ਡਿਸਕਸ ਥਰੋ, ਲੰਬੀ ਛਾਲ ਅਤੇ ਥਰੀ ਲੈਗ ਦੌੜ ਦੇ ਮੁਕਾਬਲੇ ਕਰਵਾਏ ਗਏ। ਜੇਤੂਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰ: ਰਵਿੰਦਰ ਸਿੰਘ ਨੇ ਕੀਤੀ। ਉੁਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਜੋਕੇ ਸਮੇਂ ਦੀ ਮੁੱਖ ਮੰਗ ਹੈ ਕਿਉਂਕਿ ਸਾਡੇ ਨੌਜਵਾਨਾਂ ਵਿੱਚ ਜੋ ਲਗਾਤਾਰ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ ਉਸ ਨੂੰ ਖੇਡਾਂ ਰਾਹੀਂ ਹੀ ਠੱਲ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਕ ਵਧੀਆ ਇਨਸਾਨ ਉਹੀ ਬਣਦਾ ਹੈ ਜੋ ਵਿਦਿਆਰਥੀ ਆਪਣੇ ਵਿਦਿਅਕ ਜੀਵਨ ਵਿੱਚ ਖੇਡਾਂ, ਸਾਹਿਤਕ ਅਤੇ ਐਨ.ਐਸ.ਐਸ. ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਾਲਜ਼ ਜਾਂ ਸਕੂਲ ਅਜਿਹੇ ਕਾਰਜ ਕਰਦੇ ਹਨ ਉਹ ਸ਼ਲਾਘਾ ਦੇ ਪਾਤਰ ਹਨ। ਸ਼੍ਰੀ ਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਖਿਡਾਰੀਆਂ ਨੂੰ ਅੱਜ ਹਾਰ ਦਾ ਮੁੰਹ ਵੇਖਣਾ ਪਿਆ ਹੈ ਉਹ ਨਿਰਾਸ਼ ਨਾ ਹੋਣ ਸਗੋਂ ਅਗਾਂਹ ਤੋਂ ਹੋਰ ਵਧੇਰੇ ਮਿਹਨਤ ਤੇ ਲਗਨ ਨਾਲ ਆਪਣੀ ਖੇਡ ਖੇਡਣ ਤਾਂ ਜੋ ਆਪਣਾ ਤੇ ਆਪਣੇ ਕਾਲਜ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਖੇਡ ਭਾਵਨਾਂ ਨਾਲ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡਣ । ਇਸ ਮੌਕੇ ਕਾਲਜ ਦੇ ਸਟਾਫ ਵੱਲੋਂ ਕਾਲਜ਼ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਲਮਜੀਤ ਕੌਰ ਨੇ ਸ੍ਰ: ਰਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।
         ਮੁਕਾਬਲਿਆਂ ਦੇ ਨਤੀਜ਼ੇ ਇਸ ਪ੍ਰਕਾਰ ਰਹੇ ਲੜਕੀਆਂ ਦੀ 200 ਮੀਟਰ ਦੌੜ ਵਿੱਚੋਂ ਸਨਦੀਪ ਕੌਰ ਪਹਿਲੇ, ਸਪਨਾ ਦੂਸਰੇ ਅਤੇ ਕੁਲਵਿੰਦਰ ਕੌਰ ਤੀਸਰੇ ਸਥਾਨ ‘ਤੇ ਰਹੀ। ਜਦੋਂ ਕਿ ਲੜਕੀਆਂ ਦੇ ਉਚੀ ਛਾਲ ਦੇ ਮੁਕਾਬਲਿਆਂ ਵਿੱਚੋਂ ਸਨਦੀਪ ਕੌਰ ਪਹਿਲੇ, ਰਮਨਦੀਪ ਕੌਰ ਦੂਸਰੇ ਅਤੇ ਕੁਲਵਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਗੋਲਾ ਸੁਟਣ ਦੇ ਮੁਕਾਬਲਿਆਂ ਵਿੱਚ ਪ੍ਰਭਜੋਤ ਕੌਰ ਪਹਿਲੇ, ਕੁਲਦੀਪ ਕੌਰ ਦੂਸਰੇ ਅਤੇ ਨਜ਼ਮ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਡਿਸਕਸ ਥਰੋ ਦੇ ਮੁਕਾਬਲਿਆਂ ਵਿੱਚੋਂ ਰਾਜਪ੍ਰੀਤ ਕੌਰ ਪਹਿਲੇ, ਕੁਲਦੀਪ ਕੌਰ ਦੂਸਰੇ ਅਤੇ ਸਨਦੀਪ ਕੌਰ ਤੀਸਰੇ ਸਥਾਨ ‘ਤੇ ਰਹੀ। ਲੜਕਿਆਂ ਦੇ 100 ਮੀਟਰ ਦੌੜ ਦੇ ਮੁਕਾਬਲਿਆਂ ਵਿੱਚ ਗੁਰਪ੍ਰੀਤ ਸਿੰਘ ਪਹਿਲੇ, ਨਵਦੀਪ ਸਿੰਘ ਦੂਸਰੇ ਅਤੇ ਲਖਵੀਰ ਸਿੰਘ ਤੀਸਰੇ ਸਥਾਨ ‘ਤੇ ਰਿਹਾ। ਲੜਕਿਆਂ ਦੇ 200 ਮੀਟਰ ਦੌੜ ਦੇ ਮੁਕਾਬਲਿਆਂ ਵਿੱਚੋਂ ਗੁਰਪ੍ਰੀਤ ਸਿੰਘ ਪਹਿਲੇ, ਲਖਵੀਰ ਸਿੰਘ ਦੂਸਰੇ ਅਤੇ ਅਜੇਪਾਲ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕਿਆਂ ਦੇ 400 ਮੀਟਰ ਦੌੜ ਦੇ ਮੁਕਾਬਲਿਆਂ ਵਿੱਚੋਂ ਗੁਰਪ੍ਰੀਤ ਸਿੰਘ ਪਹਿਲੇ, ਅਜੇਪਾਲ ਸਿੰਘ ਦੂਸਰੇ ਅਤੇ ਲਖਵੀਰ ਸਿੰਘ ਤੀਸਰੇ ਸਥਾਨ ‘ਤੇ ਰਿਹਾ। ਲੜਕਿਆਂ ਦੇ 800 ਮੀਟਰ ਦੌੜ ਦੇ ਮੁਕਾਬਲਿਆਂ ਵਿੱਚ ਗੁਰਪ੍ਰੀਤ ਸਿੰਘ ਪਹਿਲੇ, ਬੂਟਾ ਸਿੰਘ ਦੂਸਰੇ ਤੇ ਅਨੁਰੰਜਨ ਸਿੰਘ ਤੀਸਰੇ ਸਥਾਨ ‘ਤੇ ਰਿਹਾ। ਲੜਕਿਆਂ ਦੀ ਲੰਮੀ ਛਾਲ ਦੇ ਮੁਕਾਬਲਿਆਂ ਵਿੱਚੋਂ ਗੁਰਪ੍ਰੀਤ ਸਿੰਘ ਨੇ ਪਹਿਲਾ, ਰਵਿੰਦਰ ਸਿੰਘ ਨੇ ਦੂਸਰਾ ਅਤੇ ਨਵਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ । ਲੜਕਿਆਂ ਦੇ ਡਿਸਕਸ ਥਰੋ ਦੇ ਮੁਕਾਬਲਿਆਂ ਵਿੱਚ ਨਵਦੀਪ ਸਿੰਘ ਪਹਿਲੇ, ਬਲਜੀਤ ਸਿੰਘ ਦੁਸਰੇ ਅਤੇ ਰਾਜ ਕੁਮਾਰ ਤੀਸਰੇ ਸਥਾਨ ‘ਤੇ ਰਿਹਾ।
         ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਸਿਮਰਜੀਤ ਕੌਰ, ਪ੍ਰੋ: ਨੀਲਮ, ਕਾਲਜ਼ ਦੇ ਵਾਈਸ ਪ੍ਰਿੰਸੀਪਲ ਪ੍ਰੋ: ਰਾਜਨ ਨਰੂਲਾ, ਸਾਬਕਾ ਵਿਦਿਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਗੁਰਨਾਮ ਸਿੰਘ ਪ੍ਰਭਾਤ, ਕਾਲਜ਼ ਦੇ ਸਾਬਕਾ ਪ੍ਰੋ: ਸ੍ਰ: ਐਸ.ਐਸ. ਗਿੱਲ ਤੋਂ ਇਲਾਵਾ ਕਾਲਜ਼ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

Translate »