ਕਪੂਰਥਲਾ, 22 ਫਰਵਰੀ: ਜਣੇਪੇ ਦੌਰਾਨ ਮਾਵਾਂ ਦੀਆਂ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਵਾਸਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਸਥਾਨਕ ਯੋਜਨਾ ਭਵਨ ਵਿੱਚ ਵਿਸ਼ੇਸ ਮੀਟਿੰਗ ਦੌਰਾਨ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਜ਼ਿਲ੍ਹੇ ਵਿੱਚ ਸਾਰੀਆਂ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਕਰਕੇ, ਉਨ੍ਹਾਂ ਦਾ ਜਣੇਪਾ ਹਸਪਤਾਲਾਂ ਵਿੱਚ ਹੋਣਾਂ ਯਕੀਨੀ ਬਣਾਇਆ ਜਾਵੇ।
ਇਸ ਮੀਟਿੰਗ ਵਿੱਚ ਸਿਵਲ ਸਰਜਨ ਕਪੂਰਥਲਾ ਸ੍ਰ. ਬਲਬੀਰ ਸਿੰਘ ਤੋਂ ਇਲਾਵਾ ਡਾ. ਗੁਰਇਕਬਾਲ ਸਿੰਘ ਐੱਸ. ਐੱਮ. ਓ. ਕਪੂਰਥਲਾ, ਡਾ. ਪੀ. ਐੱਨ. ਦੱਤਾ ਐੱਸ. ਐੱਮ. ਓ. ਸੁਲਤਾਨਪੁਰ ਲੋਧੀ, ਡਾ. ਸੁਦੇਸ਼ ਦਾਦਰਾ ਐੱਸ. ਐੱਮ. ਓ. ਕਾਲਾ ਸੰਘਿਆ, ਡਾ. ਨਰਿੰਦਰ ਸਿੰਘ ਤੇਜ਼ੀ ਐੱਸ. ਐੱਮ. ਓ. ਟਿੱਬਾ, ਡਾ. ਕਲਾਸ਼ ਕਪੂਰ ਐੱਸ. ਐੱਮ. ਓ. ਪਾਸ਼ਟਾ, ਡਾ. ਜੈ ਕਿਸ਼ਨ ਐੱਸ. ਐੱਮ. ਓ. ਢਿਲਵਾਂ, ਡਾ. ਸਿੰਮੀ ਧਵਨ ਗਾਈਨੀਕੋਲੋਜਿਸਟ ਅਤੇ ਕਸ਼ਮੀਰ ਸਿੰਘ ਡੀ. ਪੀ. ਐੱਮ ਨੇ ਭਾਗ ਲਿਆ।
ਮੀਟਿੰਗ ਦੌਰਾਨ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਪਿਛਲੇ ਕੁੱਝ ਮਹੀਨਿਆਂ ਵਿੱਚ 2 ਮਾਵਾਂ ਦੀ ਜਣੇਪੇ ਦੌਰਾਨ ਹੋਈ ਮੌਤ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਸ ਦੇ ਕਾਰਨਾਂ ਉੱਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੰਭੀਰ ਵਿਚਾਰ ਵਟਾਦਰਾਂ ਕੀਤਾ ਜਾ ਰਿਹਾ ਹੈ ਅਤੇ ਸਬੰਧਿਤ ਅਫ਼ਸਰਾਂ ਨਾਲ ਮੌਤ ਦੇ ਕਾਰਨਾਂ ਅਤੇ ਬਚਾਅ ਲਈ ਕੀਤੇ ਗਏ ਡਾਕਟਰੀ ਉਪਰਾਲਿਆ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਮੀਟੰਗ ਦੌਰਾਨ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਏ. ਐੱਨ. ਐੱਮਜ਼, ਮਲਟੀ-ਪਰਪਜ਼ ਹੈੱਲਥ ਵਰਕਰਜ਼ ਅਤੇ ਆਸ਼ਾ ਵਰਕਰਜ਼ ਕੋਲੋ ਸਾਰੀਆਂ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ, ਜਣੇਪੇ ਦੀ ਅੰਤਿਮ ਮਿਤੀ ਅਤੇ ਇਸ ਦੌਰਾਨ ਦਿੱਤੀਆਂ ਗਈਆਂ ਡਾਕਟਰੀ ਸੇਵਾਵਾਂ ਦਾ ਸਮੇਂ ਸਿਰ ਜਾਇਜ਼ਾ ਲੈਂਦੇ ਰਹਿਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕੋਈ ਵੀ ਗਰਭਵਤੀ ਔਰਤ ਇਨ੍ਹਾਂ ਸਹੂਲਤਾਂ ਤੋਂ ਵਾਂਝੀ ਨਾ ਰਹੇ।ਉਨ੍ਹਾਂ ਕਿਹਾ ਜ਼ਿਲ੍ਹੇ ਵਿੱਚ ਗਰਭਵਤੀ ਔਰਤਾਂ ਅਤੇ ਮਾਂ ਤੇ ਬੱਚੇ ਦੀ ਅਗੇਤੀ ਪਛਾਣ ਕਰਕੇ ਉਸ ਨੂੰ ਉਚਿਤ ਡਾਕਟਰੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਇਸ ਸਬੰਧੀ ਹੋਣ ਵਾਲੀਆਂ ਮੌਤਾਂ ‘ਤੇ ਕਾਬੂ ਪਾਇਆ ਜਾ ਸਕੇ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਭਰੂਣ ਹੱਤਿਆ ਦੀ ਰੋਕਥਾਮ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗ੍ਰਿਤ ਕਰਨ ਅਤੇ ਜਨ-ਸੰਖਿਆ ਦੇ ਵਾਧੇ ਨੂੰ ਰੋਕਣ ਦੇ ਲਈ ਗਰੀਬ ਬਸਤੀਆਂ ਅਤੇ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਲੋਕਾਂ ਲਈ ਜਾਣਕਾਰੀ ਦੇਣ ਹਿੱਤ ਵਿਸ਼ੇਸ ਕੈਂਪ ਲਗਾਉਣ।